ਨਿਊਜ਼ੀਲੈਂਡ ‘ਚ ਦੀਵਾਲੀ ਦੀ ਰਾਤ ਵੱਡਾ ਹਾਦਸਾ, ਬੇਕਾਬੂ ਕਾਰ ਰੈਸਟੋਰੈਂਟ ਦੀ ਕੰਧ ਨਾਲ ਟਕਰਾਈ, ਪੰਜਾਬੀ ਮੂਲ ਦੇ 3 ਨੌਜਵਾਨਾਂ ਦੀ ਮੌਤ
Auckland Road Accident: ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਦੀਵਾਲੀ ਦੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੰਜਾਬੀ ਭਾਈਚਾਰੇ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਟਕਾਨਿਨੀ ਇਲਾਕੇ ਵਿੱਚ ਤੇਜ਼ ਰਫ਼ਤਾਰ ਅਤੇ ਬੇਕਾਬੂ ਕਾਰ ਬਰਗਰਫਿਊਲ ਰੈਸਟੋਰੈਂਟ ਦੀ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਪੰਜਾਬੀ ਮੂਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ।
ਨਿਊਜ਼ੀਲੈਂਡ ਦੇ ਆਕਲੈਂਡ ਸਥਿਤ ਟਕਾਨਿਨੀ ਵਿੱਚ ਦੀਵਾਲੀ ਦੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਗ੍ਰੇਟ ਸਾਊਥ ਰੋਡ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ‘ਬਰਗਰਫਿਊਲ’ ਰੈਸਟੋਰੈਂਟ ਵਿੱਚ ਜਾ ਵੜੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ‘ਸੁਪਰੀਮ ਸਿੱਖ ਸੋਸਾਇਟੀ’ ਦੇ ਪ੍ਰਧਾਨ ਦਲਜੀਤ ਸਿੰਘ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਦਲਜੀਤ ਸਿੰਘ ਨੇ ਦੱਸਿਆ ਕਿ ਮਾਰੇ ਗਏ ਤਿੰਨੇ ਨੌਜਵਾਨ ਪੰਜਾਬੀ ਭਾਰਤੀ ਮੂਲ ਦੇ ਸਨ, ਜਿਨ੍ਹਾਂ ਵਿੱਚ 2 ਲੜਕੇ ਅਤੇ ਇੱਕ ਲੜਕੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਵਾਪਰੀ ਇਸ ਦੁਖਦਾਈ ਘਟਨਾ ਕਾਰਨ ਪੂਰਾ ਪੰਜਾਬੀ ਭਾਈਚਾਰਾ ਡੂੰਘੇ ਸੋਗ ਵਿੱਚ ਹੈ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਰਾਤ ਕਰੀਬ 10:15 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਘਟਨਾ ਸਥਾਨ ‘ਤੇ ਪਹੁੰਚੀ ਮੈਡੀਕਲ ਟੀਮ ਨੇ ਕਾਰ ਵਿੱਚ ਸਵਾਰ ਤਿੰਨਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਰੈਸਟੋਰੈਂਟ ਗਾਹਕਾਂ ਲਈ ਬੰਦ ਹੋ ਚੁੱਕਾ ਸੀ। ਹਾਲਾਂਕਿ, ਅੰਦਰ ਕਰਮਚਾਰੀ ਮੌਜੂਦ ਸਨ, ਪਰ ਇਮਾਰਤ ਦੇ ਅੰਦਰ ਕਿਸੇ ਨੂੰ ਵੀ ਸੱਟ ਨਹੀਂ ਲੱਗੀ।
ਦਲਜੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਸੰਸਥਾਵਾਂ ਪੀੜਤ ਪਰਿਵਾਰਾਂ ਦੇ ਲਗਾਤਾਰ ਸੰਪਰਕ ਵਿੱਚ ਹਨ। ਪਰਿਵਾਰਾਂ ਦੀ ਆਖਰੀ ਇੱਛਾ ਅਨੁਸਾਰ ਤਿੰਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ (ਪੰਜਾਬ) ਭੇਜੀਆਂ ਜਾਣਗੀਆਂ।
ਮ੍ਰਿਤਕਾਂ ਦੀ ਰਸਮੀ ਪਛਾਣ ਅਤੇ ਪੁਲਿਸ ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਈਚਾਰੇ ਵੱਲੋਂ ਪਰਿਵਾਰਾਂ ਦੀ ਮਦਦ ਲਈ ਸਹਿਯੋਗ ਵੀ ਇਕੱਠਾ ਕੀਤਾ ਜਾਵੇਗਾ। ਫਿਲਹਾਲ ਨਿਊਜ਼ੀਲੈਂਡ ਪੁਲਿਸ ਦੀ ‘ਸੀਰੀਅਸ ਕਰੈਸ਼ ਯੂਨਿਟ’ ਹਾਦਸੇ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।
ਚਸ਼ਮਦੀਦਾਂ ਮੁਤਾਬਕ ਇਸ ਤਰ੍ਹਾਂ ਵਾਪਰਿਆ ਹਾਦਸਾ…
ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਕਾਰ: ਹਾਦਸੇ ਸਮੇਂ ਮੌਕੇ ‘ਤੇ ਮੌਜੂਦ ਇੱਕ ਮਹਿਲਾ ਡਰਾਈਵਰ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਗੈਰੇਜ ਅਤੇ ‘ਨਾਈਟ ਐਂਡ ਡੇ’ ਸਟੋਰ ਤੋਂ ਨਿਕਲ ਕੇ ਆਪਣੀ ਕਾਰ ਮਾਹੀਆ ਰੋਡ ਵੱਲ ਮੋੜ ਰਹੀ ਸੀ। ਇਸੇ ਦੌਰਾਨ ਇੱਕ ਕਾਰ ਸੜਕ ਦੀ ਗਲਤ ਦਿਸ਼ਾ ਤੋਂ ਬੇਹੱਦ ਤੇਜ਼ ਰਫ਼ਤਾਰ ਨਾਲ ਆਈ।
ਇਹ ਵੀ ਪੜ੍ਹੋ
50 ਦੀ ਸਪੀਡ ਲਿਮਟ ਵਾਲੇ ਇਲਾਕੇ ‘ਚ 100 ਤੋਂ ਵੱਧ ਸੀ ਰਫ਼ਤਾਰ: ਮਹਿਲਾ ਮੁਤਾਬਕ, ਜਿਸ ਇਲਾਕੇ ਵਿੱਚ ਵਾਹਨਾਂ ਦੀ ਰਫ਼ਤਾਰ ਦੀ ਹੱਦ 50 ਕਿਲੋਮੀਟਰ ਪ੍ਰਤੀ ਘੰਟਾ ਸੀ, ਉੱਥੇ ਉਹ ਕਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਦੌੜ ਰਹੀ ਸੀ। ਕਾਰ ਨੇ ਮਹਿਲਾ ਦੀ ਗੱਡੀ ਤੋਂ ਅੱਗੇ ਜਾ ਰਹੀ ਇੱਕ ਹੋਰ ਕਾਰ ਨੂੰ ਕੱਟ ਮਾਰਿਆ ਅਤੇ ਟੱਕਰ ਹੋਣ ਤੋਂ ਵਾਲ-ਵਾਲ ਬਚ ਗਈ।
ਨਾਲ ਸੀ ਪੋਤਾ, ਇਹ ਸੋਚ ਕੇ ਕੰਬ ਜਾਂਦੀ ਹਾਂ: ਮਹਿਲਾ ਨੇ ਦੱਸਿਆ ਕਿ ਜੇਕਰ ਉਸ ਕਾਰ ਦੇ ਡਰਾਈਵਰ ਨੇ ਤੁਰੰਤ ਗੱਡੀ ਨਾ ਮੋੜੀ ਹੁੰਦੀ ਤਾਂ ਸਿੱਧੀ ਟੱਕਰ ਹੋ ਸਕਦੀ ਸੀ। ਉਸ ਨੇ ਕਿਹਾ, “ਮੇਰੀ ਕਾਰ ਵਿੱਚ ਮੇਰਾ ਪੋਤਾ ਵੀ ਸੀ। ਇਹ ਸੋਚ ਕੇ ਮੈਂ ਕੰਬ ਜਾਂਦੀ ਹਾਂ ਕਿ ਜੇਕਰ ਮੈਂ ਕੁਝ ਸਕਿੰਟ ਬਾਅਦ ਉੱਥੋਂ ਨਿਕਲਦੀ ਤਾਂ ਮੇਰੀ ਗੱਡੀ ਵੀ ਇਸ ਦੀ ਲਪੇਟ ਵਿੱਚ ਆ ਸਕਦੀ ਸੀ।”
ਫੁੱਟਪਾਥ ‘ਤੇ ਚੜ੍ਹ ਕੇ ਰੈਸਟੋਰੈਂਟ ਦੀ ਕੰਧ ਨਾਲ ਟਕਰਾਈ: ਇਸ ਖ਼ਤਰਨਾਕ ਡਰਾਈਵਿੰਗ ਤੋਂ ਕੁਝ ਹੀ ਮਿੰਟਾਂ ਬਾਅਦ ਉਹੀ ਕਾਰ ਸਾਊਥਗੇਟ ਦੇ ਓਕ ਜੰਕਸ਼ਨ ਦੀਆਂ ਦੁਕਾਨਾਂ ਨੇੜੇ ਵਾਲਟਰਜ਼ ਰੋਡ ਦੇ ਗੋਲਚੱਕਰ ‘ਤੇ ਬੇਕਾਬੂ ਹੋ ਗਈ। ਤੇਜ਼ ਰਫ਼ਤਾਰ ਕਾਰ ਫੁੱਟਪਾਥ ‘ਤੇ ਚੜ੍ਹ ਗਈ ਅਤੇ ਕਰੀਬ 20 ਮੀਟਰ ਤੱਕ ਘਾਹ ਵਾਲੇ ਮੈਦਾਨ ਨੂੰ ਰੌਂਦਦੀ ਹੋਈ ਫੈਂਸਿੰਗ ਤੋੜ ਕੇ ਸਿੱਧੀ ਬਰਗਰਫਿਊਲ ਰੈਸਟੋਰੈਂਟ ਦੀ ਕੰਧ ਨਾਲ ਜਾ ਟਕਰਾਈ।
ਸਟ੍ਰੀਟ ਰੇਸਰਾਂ ਦਾ ਅੱਡਾ ਬਣਿਆ ਇਲਾਕਾ: ਸਥਾਨਕ ਦੁਕਾਨਦਾਰਾਂ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਇਲਾਕਾ ਸਟ੍ਰੀਟ ਰੇਸਿੰਗ ਅਤੇ ਓਵਰਸਪੀਡਿੰਗ ਲਈ ਬਦਨਾਮ ਹੋ ਚੁੱਕਾ ਹੈ। ਇੱਕ ਗੁਆਂਢੀ ਕਰਮਚਾਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਪਿਛਲੇ ਸਾਲ ਵੀ ਇਸੇ ਗੋਲਚੱਕਰ ‘ਤੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ਸੀ।


