ਦੁਨੀਆ ਲਈ ਫਿਰ ਖੁੱਲ੍ਹੇਗਾ ਸਟਰੇਟ ਆਫ਼ ਹੋਰਮੁਜ਼, ਈਰਾਨ ਤੇ ਓਮਾਨ ਵਿਚਾਲੇ ਡੀਲ ਪੱਕੀ; ਕੀ ਸਸਤਾ ਹੋਵੇਗਾ ਕੱਚਾ ਤੇਲ?
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਦੇ ਹਾਲਾਤਾਂ ਦਰਮਿਆਨ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਲੰਘੇ 'ਸਟਰੇਟ ਆਫ਼ ਹੋਰਮੁਜ਼' ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਅਤੇ ਓਮਾਨ ਵਿਚਾਲੇ ਇੱਕ ਅਹਿਮ ਸਮਝੌਤੇ ਦਾ ਖ਼ਾਕਾ ਤਿਆਰ ਹੋ ਗਿਆ ਹੈ, ਜਿਸ ਨਾਲ ਜਲਦ ਹੀ ਹੋਰਮੁਜ਼ ਦੇ ਰਸਤੇ ਨੂੰ ਮੁੜ ਖੋਲ੍ਹਣ 'ਤੇ ਸਹਿਮਤੀ ਬਣ ਸਕਦੀ ਹੈ।
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਦੇ ਹਾਲਾਤਾਂ ਦਰਮਿਆਨ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਲੰਘੇ ‘ਸਟਰੇਟ ਆਫ਼ ਹੋਰਮੁਜ਼’ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਅਤੇ ਓਮਾਨ ਵਿਚਾਲੇ ਇੱਕ ਅਹਿਮ ਸਮਝੌਤੇ ਦਾ ਖ਼ਾਕਾ ਤਿਆਰ ਹੋ ਗਿਆ ਹੈ, ਜਿਸ ਨਾਲ ਜਲਦ ਹੀ ਹੋਰਮੁਜ਼ ਦੇ ਰਸਤੇ ਨੂੰ ਮੁੜ ਖੋਲ੍ਹਣ ‘ਤੇ ਸਹਿਮਤੀ ਬਣ ਸਕਦੀ ਹੈ। ਹਾਲਾਂਕਿ, ਅਜੇ ਇਸ ਸਮਝੌਤੇ ਦਾ ਅੰਤਿਮ ਮਸੌਦਾ ਅਤੇ ਪੂਰੀ ਜਾਣਕਾਰੀ ਅਧਿਕਾਰਤ ਤੌਰ ‘ਤੇ ਸਾਹਮਣੇ ਆਉਣੀ ਬਾਕੀ ਹੈ। ਜੇਕਰ ਇਹ ਸਮੁੰਦਰੀ ਮਾਰਗ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ, ਤਾਂ ਭਾਰਤ ਸਮੇਤ ਵਿਸ਼ਵ ਭਰ ਦੇ ਕਈ ਦੇਸ਼ਾਂ ਲਈ ਇਹ ਵੱਡੀ ਰਾਹਤ ਦੀ ਖ਼ਬਰ ਹੋਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ, ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਬੁਲਾਰੇ ਹਸਨ ਗਸ਼ਘਾਵੀ ਨੇ ਦੱਸਿਆ ਕਿ ਈਰਾਨ ਅਤੇ ਓਮਾਨ ਦੇ ਵਿਚਕਾਰ ਸਮਝੌਤੇ ਦਾ ਇੱਕ ਆਮ ਢਾਂਚਾ ਤੈਅ ਹੋ ਚੁੱਕਾ ਹੈ। ਇਸ ਦੀਆਂ ਅੰਤਿਮ ਸ਼ਰਤਾਂ ਅਤੇ ਬਾਕੀ ਦਾ ਵੇਰਵਾ ਜਲਦ ਹੀ ਜਨਤਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ‘ਤੇ ਅੰਤਿਮ ਫ਼ੈਸਲਾ ਈਰਾਨ ਦੀ ਉੱਚ ਲੀਡਰਸ਼ਿਪ ਪੱਧਰ ‘ਤੇ ਲਿਆ ਜਾਣਾ ਅਜੇ ਬਾਕੀ ਹੈ।
ਕਦੋਂ ਪੂਰੀ ਤਰ੍ਹਾਂ ਖੁੱਲ੍ਹੇਗਾ ਸਟਰੇਟ ਆਫ਼ ਹੋਰਮੁਜ਼?
ਈਰਾਨ ਨੇ ਆਪਣਾ ਰੁੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸਟਰੇਟ ਆਫ਼ ਹੋਰਮੁਜ਼ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਫ਼ੈਸਲਾ ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕੇਬੰਦੀ ਨੂੰ ਹਟਾਉਣ ‘ਤੇ ਹੀ ਨਿਰਭਰ ਕਰੇਗਾ। ਦੂਜੇ ਪਾਸੇ, ਅਮਰੀਕਾ ਵੱਲੋਂ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਉਹ ਇਸ ਨਾਕੇਬੰਦੀ ਨੂੰ ਹਟਾਉਣ ਲਈ ਤਿਆਰ ਹੈ।
‘ਬਲੂਮਬਰਗ’ ਦੀ ਇੱਕ ਰਿਪੋਰਟ ਮੁਤਾਬਕ, ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਸਟਰੇਟ ਆਫ਼ ਹੋਰਮੁਜ਼ ਤੋਂ ਅਸਥਾਈ ਰਸਤਿਆਂ ਰਾਹੀਂ ਜਹਾਜ਼ਾਂ ਦੀ ਆਵਾਜਾਈ ਲਈ ਕਿਸੇ ਵਿਸ਼ੇਸ਼ ਮਨਜ਼ੂਰੀ, ਇਜਾਜ਼ਤ ਜਾਂ ਚਾਰਜ (ਫ਼ੀਸ) ਦੀ ਲੋੜ ਨਹੀਂ ਹੋਵੇਗੀ। ਯਾਨੀ ਫਿਲਹਾਲ ਰਸਤਾ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਾਫ਼ ਨਹੀਂ ਹੈ। ਹਾਲਾਂਕਿ, ਈਰਾਨ ਅਤੇ ਓਮਾਨ ਵਿਚਾਲੇ ਚੱਲ ਰਹੀ ਗੱਲਬਾਤ ਨਾਲ ਆਸ ਜ਼ਰੂਰ ਬੱਝੀ ਹੈ, ਪਰ ਅੰਤਿਮ ਸਮਝੌਤੇ ਲਈ ਅਜੇ ਕੁਝ ਅਹਿਮ ਫ਼ੈਸਲੇ ਲਏ ਜਾਣੇ ਬਾਕੀ ਹਨ।
ਈਰਾਨ ਦੇ ਹੱਥ ਵਿੱਚ ਹੋ ਸਕਦੀ ਹੈ ਜਹਾਜ਼ਾਂ ਦੀ ਐਂਟਰੀ
ਈਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ‘ਫ਼ਾਰਸ’ ਨੇ ਵਿਦੇਸ਼ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਸਤਾਵਿਤ ਸਮਝੌਤੇ ਤਹਿਤ ਸਟਰੇਟ ਆਫ਼ ਹੋਰਮੁਜ਼ ਵਿੱਚ ਜਹਾਜ਼ਾਂ ਦੇ(ਐਂਟਰੀ ‘ਤੇ ਪੂਰਾ ਕੰਟਰੋਲ ਈਰਾਨ ਦਾ ਹੋ ਸਕਦਾ ਹੈ। ਜਦਕਿ, ਜਹਾਜ਼ਾਂ ਦੇ ਬਾਹਰ ਨਿਕਲਣ ਦੀ ਨਿਗਰਾਨੀ ਈਰਾਨ ਅਤੇ ਓਮਾਨ ਮਿਲ ਕੇ ਕਰਨਗੇ।
ਇਹ ਵੀ ਪੜ੍ਹੋ
ਰਿਪੋਰਟ ਅਨੁਸਾਰ, ਜਹਾਜ਼ਾਂ ਦੀ ਆਵਾਜਾਈ ਲਈ ਇੱਕ ਕੇਂਦਰੀ ਮੁੱਖ ਰਸਤਾ ਤੈਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਅਜੇ ਸੀਮਿਤ ਰੂਪ ਵਿੱਚ ਵਰਤੇ ਜਾ ਰਹੇ ਦੋ ਹੋਰ ਰਸਤਿਆਂ ‘ਤੇ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਵਾਜਾਈ ਪੂਰੀ ਤਰ੍ਹਾਂ ਬੰਦ ਕੀਤੀ ਜਾ ਸਕਦੀ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਵੀ ਇਸੇ ਹਫ਼ਤੇ ਕਿਹਾ ਸੀ ਕਿ ਓਮਾਨ ਨਾਲ ਸਿਧਾਂਤਕ ਤੌਰ ‘ਤੇ ਸਹਿਮਤੀ ਬਣ ਗਈ ਹੈ।
ਕੀ ਸਸਤਾ ਹੋਵੇਗਾ ਕੱਚਾ ਤੇਲ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਪ੍ਰਗਟਾਈ ਹੈ ਕਿ ਸਟਰੇਟ ਆਫ਼ ਹੋਰਮੁਜ਼ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਕਿਸੇ ਸਮਝੌਤੇ ਨੇੜੇ ਪਹੁੰਚਣ ਨਾਲ ਵਿਸ਼ਵ ਬਜ਼ਾਰ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ। ‘ਫ਼ੌਕਸ ਨਿਊਜ਼’ ਅਨੁਸਾਰ, ਟਰੰਪ ਨੇ ਕਿਹਾ ਕਿ ਗੱਲਬਾਤ ਵਿੱਚ ਹੋ ਰਹੀ ਪ੍ਰਗਤੀ ਨਾਲ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗਾਂ ਵਿੱਚੋਂ ਇੱਕ, ਸਟਰੇਟ ਆਫ਼ ਹੋਰਮੁਜ਼ ਵਿੱਚ ਤੇਲ ਦੀ ਆਵਾਜਾਈ ਨੂੰ ਸਥਿਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਜੇਕਰ ਇਹ ਗੱਲਬਾਤ ਸਫ਼ਲ ਰਹਿੰਦੀ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਸਿਰੇ ਚੜ੍ਹਦਾ ਹੈ, ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦੀਆਂ ਉਮੀਦਾਂ ਕਾਫ਼ੀ ਵਧ ਸਕਦੀਆਂ ਹਨ।
ਸਟਰੇਟ ਆਫ਼ ਹੋਰਮੁਜ਼ ਕਿਉਂ ਹੈ ਇੰਨਾ ਮਹੱਤਵਪੂਰਨ?
ਸਟਰੇਟ ਆਫ਼ ਹੋਰਮੁਜ਼ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰਸਤੇ ਰਾਹੀਂ ਦੁਨੀਆ ਦੀ ਕੁੱਲ ਖਪਤ ਦਾ ਕਰੀਬ 20 ਫ਼ੀਸਦੀ ਤੇਲ ਅਤੇ ਊਰਜਾ ਉਤਪਾਦਾਂ ਦੀ ਸਪਲਾਈ ਹੁੰਦੀ ਹੈ। ਹਾਲ ਹੀ ਦੇ ਤਣਾਅ ਦੇ ਬਾਵਜੂਦ ਇਸ ਰਸਤੇ ਤੋਂ ਊਰਜਾ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਸੀ, ਪਰ ਪਹਿਲਾਂ ਦੇ ਮੁਕਾਬਲੇ ਇਸ ਦੀ ਮਾਤਰਾ ਵਿੱਚ ਗਿਰਾਵਟ ਜ਼ਰੂਰ ਆਈ ਸੀ।
ਜੇਕਰ ਸਟਰੇਟ ਆਫ਼ ਹੋਰਮੁਜ਼ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ, ਤਾਂ ਤੇਲ ਅਤੇ ਹੋਰ ਊਰਜਾ ਉਤਪਾਦਾਂ ਦੀ ਗਲੋਬਲ ਸਪਲਾਈ ਵਧੇਗੀ, ਜਿਸ ਨਾਲ ਵਿਸ਼ਵ ਤੇਲ ਬਜ਼ਾਰ ‘ਤੇ ਬਣਿਆ ਦਬਾਅ ਘਟੇਗਾ। ਇਸ ਦੇ ਨਾਲ ਹੀ, ਇਸ ਲੰਘੇ ਨੂੰ ਲੈ ਕੇ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਡਿਪਲੋਮੈਟਿਕ ਤਣਾਅ ਘੱਟ ਹੋਣ ਨਾਲ ਦੋਵਾਂ ਦੇਸ਼ਾਂ ਦਰਮਿਆਨ ਅੱਗੇ ਦੀ ਗੱਲਬਾਤ ਦੇ ਨਵੇਂ ਰਸਤੇ ਵੀ ਖੁੱਲ੍ਹ ਸਕਦੇ ਹਨ।
