ਦਸੰਬਰ ‘ਚ ਵਾਪਸ ਜਾਣਾ ਚਾਹੁੰਦੀ ਹਾਂ ਬੰਗਲਾਦੇਸ਼, ਇਹ ਹੋਵੇਗਾ ਜਿੱਤ ਦਾ ਮਹੀਨਾ, ਜਾਣੋ ਸਾਬਕਾ PM ਸ਼ੇਖ ਹਸੀਨਾ ਨੇ ਕੀ ਕਿਹਾ

Updated On: 

05 Aug 2026 23:00 PM IST

ਤਖਤਾਪਲਟ ਕਾਰਨ ਸ਼ੇਖ ਹਸੀਨਾ ਨੂੰ 5 ਅਗਸਤ 2024 ਨੂੰ ਬੰਗਲਾਦੇਸ਼ ਛੱਡਣਾ ਪਿਆ ਸੀ। ਉਦੋਂ ਤੋਂ ਉਹ ਭਾਰਤ ਵਿੱਚ ਹੈ ਅਤੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਦਸੰਬਰ ਵਿੱਚ ਵਾਪਸ ਆਉਣਾ ਚਾਹੁੰਦੀ ਹੈ।

ਦਸੰਬਰ ਚ ਵਾਪਸ ਜਾਣਾ ਚਾਹੁੰਦੀ ਹਾਂ ਬੰਗਲਾਦੇਸ਼, ਇਹ ਹੋਵੇਗਾ ਜਿੱਤ ਦਾ ਮਹੀਨਾ, ਜਾਣੋ ਸਾਬਕਾ PM ਸ਼ੇਖ ਹਸੀਨਾ ਨੇ ਕੀ ਕਿਹਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਤੋਂ ਵਰਚੁਅਲੀ ਅੰਤਰਰਾਸ਼ਟਰੀ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, “ਮੈਨੂੰ ਆਪਣਾ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਸੀ, ਪਰ ਮੈਨੂੰ ਕਦੇ ਵੀ ਆਪਣੇ ਲੋਕਾਂ ਤੋਂ ਵੱਖ ਨਹੀਂ ਕੀਤਾ ਗਿਆ।” ਬੋਲਦੇ ਹੋਏ ਉਹ ਭਾਵੁਕ ਹੋ ਗਈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹ ਵਾਰ-ਵਾਰ ਭਾਵੁਕ ਹੋਈ। ਉਨ੍ਹਾਂ ਕਿਹਾ, “ਮੈਂ ਇੱਕ ਅਜਿਹੇ ਵਿਅਕਤੀ ਵਜੋਂ ਬੋਲਦੀ ਹਾਂ ਜਿਸ ਨੇ ਆਪਣੀ ਜ਼ਿੰਦਗੀ ਬੰਗਲਾਦੇਸ਼ ਦੇ ਲੋਕਾਂ ਨਾਲ ਬਿਤਾਈ ਹੈ।”

ਸ਼ੇਖ ਹਸੀਨਾ ਨੇ ਕਿਹਾ, “ਪਿਛਲੇ ਦੋ ਸਾਲਾਂ ਤੋਂ ਮੈਂ ਆਪਣੇ ਪਿਆਰੇ ਬੰਗਲਾਦੇਸ਼ ਨੂੰ ਮੁਸ਼ਕਲਾਂ ਨਾਲ ਜੂਝਦੇ ਦੇਖਿਆ ਹੈ। ਇਹ ਉਹ ਬੰਗਲਾਦੇਸ਼ ਨਹੀਂ ਹੈ ਜਿਸ ਲਈ ਅਸੀਂ 1971 ਵਿੱਚ 30 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਮੈਂ ਜੁਲਾਈ ਅਤੇ ਅਗਸਤ 2024 ਦੇ ਸੱਚ ਨੂੰ ਸੰਬੋਧਿਤ ਕਰਕੇ ਸ਼ੁਰੂਆਤ ਕਰਨਾ ਚਾਹੁੰਦੀ ਹਾਂ। ਇਹ ਇੱਕ ਸ਼ਾਂਤੀਪੂਰਨ ਵਿਦਿਆਰਥੀ ਅੰਦੋਲਨ ਨਹੀਂ ਸੀ। ਸ਼ੁਰੂ ਤੋਂ ਹੀ, ਮੇਰੀ ਸਰਕਾਰ ਨੇ ਗੱਲਬਾਤ, ਕਾਨੂੰਨੀ ਪ੍ਰਕਿਰਿਆ ਅਤੇ ਸਬਰ ਰਾਹੀਂ ਇਸ ਮੁੱਦੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸੁਧਾਰ ਦੀ ਆੜ ਵਿੱਚ, ਕੁਝ ਸੰਗਠਿਤ ਸਮੂਹ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਹਿੰਸਕ ਰਾਜਨੀਤਿਕ ਹਥਿਆਰ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ।”

ਮੇਰੀ ਵਾਪਸੀ ਦਾ ਮਕਸਦ ਸੱਤਾ ਹਾਸਲ ਕਰਨ ਨਹੀਂ

ਉਨ੍ਹਾਂ ਕਿਹਾ, “ਉਹ ਸ਼ੇਖ ਮੁਜੀਬੁਰ ਰਹਿਮਾਨ ਦਾ ਨਾਮ ਮਿਟਾਉਣਾ ਚਾਹੁੰਦੇ ਹਨ। ਮੇਰੀ ਵਾਪਸੀ ਦਾ ਮਕਸਦ ਸੱਤਾ ‘ਤੇ ਕਬਜ਼ਾ ਕਰਨਾ ਨਹੀਂ ਹੈ, ਸਗੋਂ ਬੰਗਲਾਦੇਸ਼ ਨੂੰ ਵਿਕਾਸ ਅਤੇ ਧਰਮ ਨਿਰਪੱਖਤਾ ਦੇ ਰਾਹ ‘ਤੇ ਵਾਪਸ ਲਿਆਉਣਾ ਹੈ। ਮੁਹੰਮਦ ਯੂਨਸ ਨੇ ਖੁਦ ਕਿਹਾ ਸੀ ਕਿ ਇਹ ਇੱਕ ਯੋਜਨਾਬੱਧ ਅੰਦੋਲਨ ਸੀ। ਜਿਸ ਦੀ ਅਗਵਾਈ ਇੱਕ ਮਾਸਟਰਮਾਈਂਡ ਕਰ ਰਿਹਾ ਸੀ। ਉਨ੍ਹਾਂ ਦੇ ਆਪਣੇ ਸ਼ਬਦ ਹੀ ਸੱਚਾਈ ਨੂੰ ਉਜਾਗਰ ਕਰਦੇ ਹਨ। ਇਹ ਸਿਰਫ਼ ਇੱਕ ਸਵੈ-ਇੱਛਾ ਨਾਲ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਨਹੀਂ ਸੀ; ਕੋਈ ਸਪੱਸ਼ਟ ਜਾਂ ਜ਼ਿੰਮੇਵਾਰ ਲੀਡਰਸ਼ਿਪ ਨਹੀਂ ਸੀ; ਪਰਦੇ ਪਿੱਛੇ ਤੋਂ ਨਿਰਦੇਸ਼ ਦਿੱਤੇ ਜਾ ਰਹੇ ਸਨ ਤਾਂ ਕਿ ਬੈਲਟ ਬਾਕਸ (ਚੋਣਾਂ) ਦੇ ਜਰੀਏ ਨਹੀਂ, ਬਲਕਿ ਕਿਸੇ ਹੋਰ ਤਰੀਕੇ ਨਾਲ ਸੱਤਾ ਤੱਕ ਪਹੁੰਚਣ ਦਾ ਰਸਤਾ ਬਣਾਇਆ ਜਾ ਸਕੇ।

ਦਸੰਬਰ ਵਿੱਚ ਬੰਗਲਾਦੇਸ਼ ਪਰਤੇਗੀ ਸ਼ੇਖ ਹਸੀਨਾ

ਸ਼ੇਖ ਹਸੀਨਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਵਾਮੀ ਲੀਗ ਤੋਂ ਪਾਬੰਦੀ ਹਟਾਈ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਸੰਬਰ ਵਿੱਚ ਵਾਪਸ ਆਉਣਾ ਚਾਹੁੰਦੀ ਹੈ, ਜੋ ਕਿ ਜਿੱਤ ਦਾ ਮਹੀਨਾ ਹੋਵੇਗਾ।

ਸ਼ੇਖ ਹਸੀਨਾ ਦੇ ਪੁੱਤਰ ਨੇ ਬੰਗਲਾਦੇਸ਼ ਆਉਣ ਦਾ ਕੀਤਾ ਐਲਾਨ

ਬੰਗਲਾਦੇਸ਼ ਅਵਾਮੀ ਲੀਗ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ, ਸਜੀਬ ਵਾਜ਼ੇਦ, ਪ੍ਰੈਸ ਕਾਨਫਰੰਸ ਵਿੱਚ ਨਿੱਜੀ ਤੌਰ ‘ਤੇ ਅਤੇ ਵਰਚੁਅਲ ਤੌਰ ‘ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ, ਸਜੀਬ ਵਾਜ਼ੇਦ ਨੇ ਐਲਾਨ ਕੀਤਾ ਕਿ ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪੁਲਿਸ ‘ਤੇ ਮੁਹੰਮਦ ਯੂਨਸ ਦੇ ਰਾਜ ਦੌਰਾਨ ਬੰਗਲਾਦੇਸ਼ ਵਿੱਚ ਹਿਰਾਸਤ ਵਿੱਚ ਕਤਲਾਂ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਕਤਲ ਜਾਰੀ ਹਨ ਅਤੇ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਸਰਕਾਰ ਨੇ 5 ਅਗਸਤ, 2024 ਤੋਂ ਰਾਜਨੀਤਿਕ ਕਤਲਾਂ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ।

‘ਬੰਗਲਾਦੇਸ਼ ਬਣਿਆ ਦੂਜਾ ਪਾਕਿਸਤਾਨ’

ਸਜੀਬ ਵਾਜ਼ੇਦ ਨੇ ਕਿਹਾ ਕਿ ਬੰਗਲਾਦੇਸ਼ ਦੀ ਆਰਥਿਕਤਾ ਢਹਿ ਗਈ ਹੈ ਅਤੇ ਇਹ ਇੱਕ ਭ੍ਰਿਸ਼ਟ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹੰਮਦ ਯੂਨਸ ਦੇ ਰਾਜ ਦੌਰਾਨ ਆਰਥਿਕਤਾ ਦਾ ਗਲਤ ਪ੍ਰਬੰਧਨ ਕੀਤਾ ਗਿਆ ਸੀ ਅਤੇ ਇਹ ਰੁਝਾਨ ਜਾਰੀ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਬੰਗਲਾਦੇਸ਼ ਇੱਕ ਹੋਰ ਪਾਕਿਸਤਾਨ ਬਣ ਗਿਆ ਹੈ ਅਤੇ ਕਿਹਾ ਕਿ ਇਹ ਵਿਕਾਸ ਭਾਰਤ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਸਜੀਬ ਵਾਜ਼ੇਦ ਤੋਂ ਪਹਿਲਾਂ, ਵਕੀਲ ਸ਼ਾਹ ਮੁਹੰਮਦ ਬਖਤਿਆਰ ਨੇ ਮੁਹੰਮਦ ਯੂਨਸ ਦੇ ਸਾਬਕਾ ਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੁਆਰਾ ਸ਼ੇਖ ਹਸੀਨਾ ਦੇ “ਨਕਲੀ” ਮੁਕੱਦਮੇ ਦੀ ਵੀ ਨਿੰਦਾ ਕੀਤੀ।

ਇਸ ਦੌਰਾਨ ਸਾਬਕਾ ਬੰਗਲਾਦੇਸ਼ੀ ਡਿਪਲੋਮੈਟ ਅਤੇ ਖੁਫੀਆ ਅਧਿਕਾਰੀ ਅਮੀਨੁਲ ਹੱਕ ਪੋਲਸ਼ ਨੇ ਕਿਹਾ ਕਿ ਸ਼ੇਖ ਹਸੀਨਾ ਸ਼ਾਸਨ ਦੇ ਪਤਨ ਤੋਂ ਬਾਅਦ ਹਾਲ ਹੀ ਦੇ ਸਾਲਾਂ ਵਿੱਚ ਕੱਟੜਪੰਥ ਵਿੱਚ ਗੰਭੀਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਗਸਤ 2024 ਤੋਂ ਬੰਗਲਾਦੇਸ਼ ਵਿੱਚ ਅੱਤਵਾਦ ਅਤੇ ਇਸਲਾਮੀ ਕੱਟੜਪੰਥ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਰੁਝਾਨ ਨਾ ਸਿਰਫ਼ ਬੰਗਲਾਦੇਸ਼ ਲਈ ਸਗੋਂ ਵਿਆਪਕ ਦੱਖਣੀ ਏਸ਼ੀਆਈ ਖੇਤਰ ਲਈ ਸੁਰੱਖਿਆ ਖ਼ਤਰਾ ਪੈਦਾ ਕਰਦਾ ਹੈ।

ਰਾਜਨੀਤਿਕ ਸਾਜ਼ਿਸ਼ ਕਾਰਨ ਦੇਸ਼ ਤੋਂ ਬਾਹਰ ਹੈ ਹਸੀਨਾ

ਬੰਗਲਾਦੇਸ਼ੀ ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਅਬੂ ਓਬੈਦਾ ਅਰਿਨ ਕਹਿੰਦੇ ਹਨ ਕਿ ਸ਼ੇਖ ਹਸੀਨਾ ਇੱਕ ਰਾਜਨੀਤਿਕ ਸਾਜ਼ਿਸ਼ ਕਾਰਨ ਦੇਸ਼ ਤੋਂ ਹੈ। ਉਨ੍ਹਾਂ ਕਿਹਾ, “ਬੰਗਲਾਦੇਸ਼ੀ ਪਾਸਪੋਰਟ ਰੈਂਕਿੰਗ ਡਿੱਗ ਗਈ ਹੈ। 2 ਲੱਖ ਵਿਦਿਆਰਥੀ ਬੰਗਲਾਦੇਸ਼ ਵਿੱਚ ਫਸੇ ਹੋਏ ਹਨ ਅਤੇ ਯਾਤਰਾ ਨਹੀਂ ਕਰ ਸਕਦੇ।”

ਅਬੂ ਓਬੈਦਾ ਅਰੀਨ ਨੇ ਕਿਹਾ, “ਅਸੀਂ ਉਮੀਦ ਨਹੀਂ ਛੱਡੀ। ਨੌਜਵਾਨ ਫਿਰ ਉੱਠ ਰਹੇ ਹਨ। ਸ਼ੇਖ ਹਸੀਨਾ ਦੇ ਵਾਪਸ ਆਉਣ ‘ਤੇ ਸਾਰੇ ਇੱਕਜੁੱਟ ਹੋ ਜਾਣਗੇ। ਤੁਸੀਂ ਕਿੰਨੇ ਲੋਕਾਂ ਨੂੰ ਚੁੱਪ ਕਰਾਓਗੇ? ਸਾਡੇ ਕੋਲ 170 ਮਿਲੀਅਨ ਲੋਕ ਹਨ। ਤੁਸੀਂ ਕਿੰਨੇ ਲੋਕਾਂ ਨੂੰ ਫਾਂਸੀ ‘ਤੇ ਲਟਕਾਓਗੇ? ਸਾਡੇ ਕੋਲ 170 ਮਿਲੀਅਨ ਲੋਕ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਸ਼ੇਖ ਹਸੀਨਾ ਨੇ ਬੰਗਲਾਦੇਸ਼ ਨੂੰ “ਤਾਰਾਂ ਤੋਂ ਬਿਨਾਂ ਬਿਜਲੀ ਦੇ ਖੰਭਿਆਂ” ਵਾਲੇ ਦੇਸ਼ ਤੋਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ ਇੱਕ ਵਿੱਚ ਬਦਲ ਦਿੱਤਾ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਪਿਛਲੀ ਬੀਐਨਪੀ ਸਰਕਾਰ ਦੇ ਅਧੀਨ, ਠੇਕੇ ਪ੍ਰਾਪਤ ਕਰਨ ਲਈ 10% ਕਮਿਸ਼ਨ ਲਾਜ਼ਮੀ ਸੀ।

ਬਦਲਾ ਲੈਣ ਲਈ ਵਾਪਸ ਨਹੀਂ ਆ ਰਹੀ ਸ਼ੇਖ ਹਸੀਨਾ

ਇੱਕ ਪ੍ਰੈਸ ਕਾਨਫਰੰਸ ਵਿੱਚ, ਬੰਗਲਾਦੇਸ਼ ਦੇ ਸਾਬਕਾ ਸਿੱਖਿਆ ਮੰਤਰੀ ਮੋਹਿਬੁਲ ਹਸਨ ਚੌਧਰੀ ਨੇ ਕਿਹਾ, “ਅਸੀਂ ਕਦੋਂ ਤੱਕ ਤਬਾਹੀ ਦੇ ਇਸ ਰਾਹ ‘ਤੇ ਚੱਲਦੇ ਰਹਾਂਗੇ? ਔਰਤਾਂ, ਘੱਟ ਗਿਣਤੀਆਂ ਅਤੇ ਪੱਤਰਕਾਰਾਂ ਖਿਲਾਫ ਹਿੰਸਾ ਵਧ ਰਹੀ ਹੈ। ਇਹ ਬਦਲਣਾ ਚਾਹੀਦਾ ਹੈ। ਅਸੀਂ ਬਹੁਤ ਸਾਰੀਆਂ ਜਾਨਾਂ ਗੁਆ ਦਿੱਤੀਆਂ ਹਨ। ਇਹੀ ਭਾਵਨਾ ਹੈ, ਜਿਸ ਨੇ ਹਸੀਨਾ ਨੂੰ ਬੰਗਲਾਦੇਸ਼ ਵਾਪਸ ਜਾਣ ਲਈ ਪ੍ਰੇਰਿਤ ਕੀਤਾ ਹੈ। ਉਹ ਬਦਲਾ ਲੈਣ ਲਈ ਵਾਪਸ ਨਹੀਂ ਆ ਰਹੀ ਹੈ।”

Follow Us