ਗਾਜ਼ਾ ‘ਚ ਹਮਾਸ ਵੱਲੋਂ ਹਥਿਆਰ ਛੱਡਣ ਤੱਕ ਅੱਸੀ ਪਿੱਛੇ ਨਹੀਂ ਹਟਾਂਗੇ PM ਨੇਤਨਯਾਹੂ ਦੇ ਬਿਆਨ ਨਾਲ ਮੁਸ਼ਕਲ ‘ਚ ਸ਼ਾਂਤੀ ਸਮਝੌਤਾ

Published: 

05 Aug 2026 11:54 AM IST

ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਦੇ ਪਹਿਲੇ ਮਹੀਨਿਆਂ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਹੁਣ ਹੌਲੀ-ਹੌਲੀ ਮਿਲ ਰਹੀਆਂ ਹਨ। ਨਾਜ਼ੁਕ ਜੰਗਬੰਦੀ ਕਾਰਨ ਤਬਾਹ ਹੋਏ ਕੁਝ ਇਲਾਕਿਆਂ ਵਿੱਚ ਹੁਣ ਬਚਾਅ ਅਤੇ ਖੋਜ ਮੁਹਿੰਮਾਂ ਨੂੰ ਹੌਲੀ-ਹੌਲੀ ਤੇਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਲਾਸ਼ਾਂ ਬਰਾਮਦ ਹੋ ਰਹੀਆਂ ਹਨ।

ਗਾਜ਼ਾ ਚ ਹਮਾਸ ਵੱਲੋਂ ਹਥਿਆਰ ਛੱਡਣ ਤੱਕ ਅੱਸੀ ਪਿੱਛੇ ਨਹੀਂ ਹਟਾਂਗੇ PM ਨੇਤਨਯਾਹੂ ਦੇ ਬਿਆਨ ਨਾਲ ਮੁਸ਼ਕਲ ਚ ਸ਼ਾਂਤੀ ਸਮਝੌਤਾ

ਗਾਜ਼ਾ 'ਚ ਸੋਗ ਦਾ ਮਾਹੌਲ

ਗਾਜ਼ਾ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਮਰੀਕਾ ਵੀ ਸ਼ਾਂਤੀ ਸਮਝੌਤਾ ਕਰਵਾਉਣ ਲਈ ਸਰਗਰਮ ਹੈ। ਇਸ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜਦ ਤੱਕ ਹਮਾਸ ਪੂਰੀ ਤਰ੍ਹਾਂ ਹਥਿਆਰ ਨਹੀਂ ਸੁੱਟਦਾ, ਇਜ਼ਰਾਈਲ ਗਾਜ਼ਾ ਵਿੱਚ ਆਪਣੀਆਂ ਮੌਜੂਦਾ ਸਥਿਤੀਆਂ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਤਾਜ਼ਾ ਸ਼ਾਂਤੀ ਸਮਝੌਤੇ ‘ਤੇ ਵੀ ਸਵਾਲ ਖੜ੍ਹੇ ਕੀਤੇ।

ਨੇਤਨਯਾਹੂ ਵੱਲੋਂ ਮੰਗਲਵਾਰ ਨੂੰ ਦਿੱਤੇ ਗਏ ਬਿਆਨਾਂ ਨੇ ਹਮਾਸ ਦੇ ਹਥਿਆਰ ਛੱਡਣ ਨਾਲ ਜੁੜੇ ਸੰਭਾਵਿਤ ਸਮਝੌਤੇ ‘ਤੇ ਹੋਰ ਸ਼ੱਕ ਪੈਦਾ ਕਰ ਦਿੱਤਾ ਹੈ। ਇਸ ਸਮਝੌਤੇ ਨੂੰ ਖੇਤਰ ਵਿੱਚ ਜੰਗ ਖ਼ਤਮ ਕਰਨ ਵੱਲ ਇੱਕ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਸੀ। ਨਾਲ ਹੀ, ਇਸ ਨੂੰ ਨੇਤਨਯਾਹੂ ਅਤੇ ਟਰੰਪ ਪ੍ਰਸ਼ਾਸਨ ਵਿਚਕਾਰ ਮਤਭੇਦਾਂ ਦੇ ਇੱਕ ਵਿਰਲੇ ਜਨਤਕ ਉਦਾਹਰਨ ਵਜੋਂ ਵੀ ਮੰਨਿਆ ਜਾ ਰਿਹਾ ਹੈ।

ਇਜ਼ਰਾਈਲੀ ਚੋਣਾਂ ਵਿੱਚ ਨੇਤਨਯਾਹੂ ਲਈ ਵੱਡੀ ਚੁਣੌਤੀ

ਇਸ ਪ੍ਰਸਤਾਵਿਤ ਸਮਝੌਤੇ ਤਹਿਤ ਹਮਾਸ ਵੱਲੋਂ ਹਥਿਆਰ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਇਜ਼ਰਾਈਲ ਵੱਲੋਂ ਹਮਲੇ ਰੋਕਣ ਦੇ ਨਾਲ-ਨਾਲ ਗਾਜ਼ਾ ਦੇ ਉਸ ਕਰੀਬ 60 ਫ਼ੀਸਦੀ ਹਿੱਸੇ ਤੋਂ ਪਿੱਛੇ ਹਟਣ ਦੀ ਗੱਲ ਕੀਤੀ ਗਈ ਸੀ, ਜਿਸ ‘ਤੇ ਇਸ ਵੇਲੇ ਉਸ ਦਾ ਕਬਜ਼ਾ ਹੈ। ਇਹ ਸਮਝੌਤਾ ਅਕਤੂਬਰ ਵਿੱਚ ਹੋਏ ਜੰਗਬੰਦੀ ਸਮਝੌਤੇ ‘ਤੇ ਆਧਾਰਿਤ ਸੀ, ਜਿਸ ਨਾਲ ਵੱਡੇ ਫੌਜੀ ਅਭਿਆਨਾਂ ਦਾ ਅੰਤ ਹੋਇਆ ਅਤੇ ਗਾਜ਼ਾ ਪੱਟੀ ਵਿੱਚ ਬੰਧਕ ਬਣਾਏ ਗਏ ਬਾਕੀ ਲੋਕਾਂ ਦੀ ਰਿਹਾਈ ਯਕੀਨੀ ਬਣਾਈ ਗਈ। ਹਾਲਾਂਕਿ, ਹੋਰ ਮੋਰਚਿਆਂ ‘ਤੇ ਇਹ ਪ੍ਰਕਿਰਿਆ ਅੱਗੇ ਨਹੀਂ ਵੱਧ ਸਕੀ।

ਇਜ਼ਰਾਈਲ ਵਿੱਚ ਦੋ ਮਹੀਨਿਆਂ ਬਾਅਦ ਅਕਤੂਬਰ ਵਿੱਚ ਚੋਣਾਂ ਹੋਣੀਆਂ ਹਨ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮੁੜ ਸੱਤਾ ਵਿੱਚ ਆਉਣ ਲਈ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਆਪਣਾ ਰੁਖ ਦੁਹਰਾਉਂਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਹਮਾਸ ਨੂੰ ਹਥਿਆਰ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਫੌਜ ਆਪਣੀ, ਆਪਣੇ ਖੇਤਰ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਜੋ ਵੀ ਲੋੜੀਂਦਾ ਹੋਵੇਗਾ, ਉਹ ਕਰਦੀ ਰਹੇਗੀ।

ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਨੇਤਨਯਾਹੂ ਨੇ ਕਿਹਾ, ਟਰੰਪ ਪ੍ਰਸ਼ਾਸਨ ਨੇ ਸਾਨੂੰ ਇੱਕ ਡਰਾਫਟ ਭੇਜਿਆ ਹੈ, ਪਰ ਅਸੀਂ ਇਸ ਨਾਲ ਸਹਿਮਤ ਨਹੀਂ ਹਾਂ। ਇਹ ਸਾਡਾ ਡਰਾਫਟ ਨਹੀਂ ਹੈ। ਅਸੀਂ ਆਪਣੀਆਂ ਟਿੱਪਣੀਆਂ ਉਨ੍ਹਾਂ ਨੂੰ ਭੇਜ ਦਿੱਤੀਆਂ ਹਨ ਅਤੇ ਇਹੀ ਸਾਡਾ ਅਧਿਕਾਰਤ ਰੁਖ ਹੈ।

ਦਰਜਨਾਂ ਲੋਕਾਂ ਦਾ ਸਮੂਹਿਕ ਅੰਤਿਮ ਸੰਸਕਾਰ

ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਸਾਲ 2023 ਵਿੱਚ ਗਾਜ਼ਾ ਵਿੱਚ ਹੋਏ ਇੱਕ ਘਾਤਕ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ 100 ਤੋਂ ਵੱਧ ਲੋਕਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਫ਼ਲਸਤੀਨੀ ਲੋਕ ਸ਼ਾਮਲ ਹੋਏ। ਹਮਾਸ ਨਾਲ ਜੰਗ ਸ਼ੁਰੂ ਹੋਣ ਤੋਂ ਕੁਝ ਹਫ਼ਤਿਆਂ ਬਾਅਦ, 22 ਨਵੰਬਰ 2023 ਨੂੰ ਗਾਜ਼ਾ ਸਿਟੀ ਦੇ ਸਬਰਾ ਇਲਾਕੇ ਵਿੱਚ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਲਗਾਤਾਰ ਹਵਾਈ ਹਮਲੇ ਕਰਕੇ ਇੱਕ ਰਿਹਾਇਸ਼ੀ ਇਲਾਕੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ਹਮਲੇ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਹਮਲੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਸਧਾਰਨ ਸਾਜ਼ੋ-ਸਾਮਾਨ ਅਤੇ ਆਪਣੇ ਹੱਥਾਂ ਨਾਲ ਮਲਬੇ ਹੇਠੋਂ ਲਾਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਰੀਬ 40 ਲਾਸ਼ਾਂ ਬਰਾਮਦ ਹੋਈਆਂ। ਹਾਲਾਂਕਿ, ਜ਼ਿਆਦਾਤਰ ਲਾਸ਼ਾਂ ਮਲਬੇ ਹੇਠਾਂ ਹੀ ਦੱਬੀਆਂ ਰਹਿ ਗਈਆਂ। ਹਮਾਸ-ਇਜ਼ਰਾਈਲ ਜੰਗ ਦੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਇਸ ਘਟਨਾ ਦੀ ਜਾਣਕਾਰੀ ਪਹਿਲੀ ਜੰਗਬੰਦੀ ਤੋਂ ਠੀਕ ਪਹਿਲਾਂ ਪੈਦਾ ਹੋਈ ਅਫ਼ਰਾਤਫ਼ਰੀ ਕਾਰਨ ਕਈ ਦਿਨਾਂ ਬਾਅਦ ਲੋਕਾਂ ਤੱਕ ਪਹੁੰਚ ਸਕੀ।

ਖੁਦਾਈ ਦੌਰਾਨ 40 ਬੱਚਿਆਂ ਸਮੇਤ 112 ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਹਮਾਸ ਵੱਲੋਂ ਚਲਾਏ ਜਾਂਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਬਚਾਅ ਏਜੰਸੀ ਸਿਵਲ ਡਿਫੈਂਸ ਮੁਤਾਬਕ, ਹਫ਼ਤੇ ਦੇ ਅੰਤ ਦੌਰਾਨ ਬਚਾਅ ਕਰਮਚਾਰੀਆਂ ਨੇ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਦੀ ਖੁਦਾਈ ਕਰਕੇ 112 ਪੀੜਤਾਂ ਦੇ ਅਵਸ਼ੇਸ਼ ਬਰਾਮਦ ਕੀਤੇ, ਜਿਨ੍ਹਾਂ ਵਿੱਚ 40 ਬੱਚੇ ਵੀ ਸ਼ਾਮਲ ਹਨ। ਏਜੰਸੀ ਦਾ ਕਹਿਣਾ ਹੈ ਕਿ ਅਜੇ ਵੀ 157 ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਹਨ।

ਅੰਤਿਮ ਸੰਸਕਾਰ ਦੀ ਪ੍ਰਾਰਥਨਾ ਤੋਂ ਬਾਅਦ ਇੱਕ ਵਿਅਕਤੀ ਨੇ ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈਸ (AP) ਨੂੰ ਦੱਸਿਆ, ਇਨ੍ਹਾਂ ਲੋਕਾਂ ਦਾ ਸਿਰਫ਼ ਇਹੀ ਕਸੂਰ ਸੀ ਕਿ ਉਹ ਆਪਣੇ ਘਰਾਂ ਵਿੱਚ ਡਟੇ ਰਹੇ ਅਤੇ ਇਹ ਵਿਸ਼ਵਾਸ ਕੀਤਾ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੀ ਰੱਖਿਆ ਕਰਨਗੇ। ਉਸ ਨੇ ਕਿਹਾ ਕਿ ਜੋ ਲੋਕ ਅਜੇ ਵੀ ਲਾਪਤਾ ਹਨ, ਉਨ੍ਹਾਂ ਬਾਰੇ ਅਜਿਹਾ ਲੱਗਦਾ ਹੈ, ਜਿਵੇਂ ਉਨ੍ਹਾਂ ਦੇ ਸਰੀਰ ਬਿਨਾਂ ਕਿਸੇ ਨਿਸ਼ਾਨ ਦੇ ਗਾਇਬ ਹੋ ਗਏ ਹੋਣ।

ਗਾਜ਼ਾ ਵਿੱਚ ਜੰਗ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਹੁਣ ਹੌਲੀ-ਹੌਲੀ ਬਰਾਮਦ ਹੋ ਰਹੀਆਂ ਹਨ, ਕਿਉਂਕਿ ਨਾਜ਼ੁਕ ਜੰਗਬੰਦੀ ਕਾਰਨ ਤਬਾਹ ਹੋਏ ਕੁਝ ਇਲਾਕਿਆਂ ਵਿੱਚ ਬਚਾਅ ਅਤੇ ਖੋਜ ਮੁਹਿੰਮਾਂ ਨੂੰ ਹੁਣ ਅੱਗੇ ਵਧਾਇਆ ਜਾ ਸਕਿਆ ਹੈ। ਇਨ੍ਹਾਂ ਲਾਸ਼ਾਂ ਦੀ ਬਰਾਮਦਗੀ ਨਾਲ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਗਈ ਹੈ।

ਗਾਜ਼ਾ ਵਿੱਚ ਜੰਗ ਦੇ ਦੌਰਾਨ ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ‘ਤੇ ਹਮਾਸ ਵੱਲੋਂ ਕੀਤੇ ਗਏ ਹਮਲੇ ਵਿੱਚ ਕਰੀਬ 1,200 ਲੋਕ ਮਾਰੇ ਗਏ ਸਨ ਅਤੇ 251 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ, ਇਜ਼ਰਾਈਲ ਦੀ ਕਾਰਵਾਈ ਵਿੱਚ ਹੁਣ ਤੱਕ 73,377 ਤੋਂ ਵੱਧ ਫਿਲਿਸਤੀਨੀ ਮਾਰੇ ਜਾ ਚੁੱਕੇ ਹਨ, ਜਿਸ ਵਿੱਚ ਜੰਗਬੰਦੀ ਤੋਂ ਬਾਅਦ ਹੋਈਆਂ ਮੌਤਾਂ ਵੀ ਸ਼ਾਮਲ ਹਨ।

ਮੰਤਰਾਲੇ ਦੇ ਰਿਕਾਰਡ ਵਿਭਾਗ ਦੇ ਮੁਖੀ ਜ਼ਾਹਿਰ ਅਲ-ਵਹੀਦੀ ਨੇ ਨਿਊਜ਼ ਏਜੰਸੀ AP ਨੂੰ ਦੱਸਿਆ ਕਿ ਉੱਥੇ ਰਹਿੰਦੇ ਰਿਸ਼ਤੇਦਾਰਾਂ ਮੁਤਾਬਕ, ਘੱਟੋ-ਘੱਟ 7,400 ਤੋਂ ਵੱਧ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ, ਕਿਉਂਕਿ ਕਈ ਮਾਮਲਿਆਂ ਵਿੱਚ ਇੱਕ ਹੀ ਹਮਲੇ ਵਿੱਚ ਪੂਰਾ ਪਰਿਵਾਰ ਖਤਮ ਹੋ ਗਿਆ ਅਤੇ ਲਾਪਤਾ ਲੋਕਾਂ ਦੀ ਜਾਣਕਾਰੀ ਦੇਣ ਵਾਲਾ ਕੋਈ ਨਹੀਂ ਬਚਿਆ।

ਮੰਗਲਵਾਰ ਨੂੰ ਜਿਨ੍ਹਾਂ ਲੋਕਾਂ ਲਈ ਸੋਗ ਮਨਾਇਆ ਗਿਆ, ਉਹ ਹਸਾਇਨਾ ਅਤੇ ਅਬੂ ਸ਼ਰੀਆ ਕਬੀਲਿਆਂ ਨਾਲ ਸਬੰਧਤ ਰਿਹਾਇਸ਼ੀ ਇਲਾਕਿਆਂ ਦੇ ਵਸਨੀਕ ਸਨ। ਇਨ੍ਹਾਂ ਵਿੱਚੋਂ ਕਈ ਲੋਕ ਆਪਸ ਵਿੱਚ ਰਿਸ਼ਤੇਦਾਰ ਵੀ ਸਨ। AP ਮੁਤਾਬਕ, ਪੂਰੇ ਗਾਜ਼ਾ ਵਿੱਚ ਘੱਟੋ-ਘੱਟ 60 ਅਜਿਹੇ ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਜੰਗ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਆਪਣੇ ਪਰਿਵਾਰ ਦੇ 25 ਜਾਂ ਇਸ ਤੋਂ ਵੱਧ ਮੈਂਬਰ ਗੁਆ ਦਿੱਤੇ।

ਜੰਗਬੰਦੀ ਲਾਗੂ ਹੋਣ ਤੋਂ ਬਾਅਦ ਵੀ 1,252 ਲੋਕਾਂ ਦੀ ਮੌਤ

ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਵੀ ਉੱਥੇ ਘੱਟੋ-ਘੱਟ 1,252 ਲੋਕ ਮਾਰੇ ਜਾ ਚੁੱਕੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਹੋਏ ਅਮਰੀਕਾ ਸਮਰਥਿਤ ਜੰਗਬੰਦੀ ਸਮਝੌਤੇ ਵਿੱਚ ਹਮਾਸ ਵੱਲੋਂ ਹਥਿਆਰ ਛੱਡਣ ਅਤੇ ਇਜ਼ਰਾਈਲ ਵੱਲੋਂ ਗਾਜ਼ਾ ਤੋਂ ਪਿੱਛੇ ਹਟਣ ਦੀ ਗੱਲ ਕੀਤੀ ਗਈ ਸੀ।

ਇਸ ਸਮਝੌਤੇ ਤਹਿਤ ਇੱਕ ਅੰਤਰਰਾਸ਼ਟਰੀ ਫੋਰਸ ਤਾਇਨਾਤ ਕਰਨ ਅਤੇ ਇੱਕ ਆਜ਼ਾਦ ਫਿਲਿਸਤੀਨੀ ਪ੍ਰਸ਼ਾਸਨ ਨੂੰ ਸ਼ਾਸਨ ਤੇ ਮੁੜ ਨਿਰਮਾਣ ਦੀ ਜ਼ਿੰਮੇਵਾਰੀ ਦੇਣ ਦੀ ਯੋਜਨਾ ਵੀ ਸੀ।

ਹਾਲਾਂਕਿ, ਜੰਗਬੰਦੀ ‘ਤੇ ਵਾਰ-ਵਾਰ ਸੰਕਟ ਦੇ ਬੱਦਲ ਛਾ ਜਾਂਦੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਅੱਗੇ ਦੀ ਪ੍ਰਕਿਰਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਹਮਾਸ ਆਪਣੇ ਹਥਿਆਰ ਕਦੋਂ ਅਤੇ ਕਿਵੇਂ ਛੱਡਦਾ ਹੈ। ਦੂਜੇ ਪਾਸੇ, ਹਮਾਸ ਦਾ ਕਹਿਣਾ ਹੈ ਕਿ ਪਹਿਲਾਂ ਇਜ਼ਰਾਈਲ ਨੂੰ ਹਮਲੇ ਰੋਕਣੇ ਚਾਹੀਦੇ ਹਨ ਅਤੇ ਇਲਾਕੇ ਤੋਂ ਪਿੱਛੇ ਹਟਣਾ ਚਾਹੀਦਾ ਹੈ। ਦੋਵੇਂ ਪੱਖ ਇੱਕ-ਦੂਜੇ ‘ਤੇ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਆਰੋਪ ਲਗਾਉਂਦੇ ਰਹੇ ਹਨ।

Source:TV9Hindi.com

Follow Us