ਅਫਗਾਨਿਸਤਾਨ ‘ਚ ਇੱਕ ਹੋਰ ਭਿਆਨਕ ਭੂਚਾਲ, 6.4 ਤੀਬਰਤਾ ਨਾਲ ਹਿੱਲੀ ਧਰਤੀ
ਅਫਗਾਨਿਸਤਾਨ ਦੇ ਹੇਰਾਤ ਸੂਬੇ ਦੇ ਨੇੜੇ ਇੱਕ ਵਾਰ ਫਿਰ ਤੋਂ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਅਫਗਾਨਿਸਤਾਨ ਵਿੱਚ 7 ਅਕਤੂਬਰ ਨੂੰ ਆਏ ਭੂਚਾਲ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ 90 ਫੀਸਦੀ ਔਰਤਾਂ ਸਨ। ਅਫਗਾਨਿਸਤਾਨ ਲਈ ਕਈ ਦੇਸ਼ਾਂ ਵੱਲੋਂ ਮਾਨਵਤਾਵਾਦੀ ਸਹਾਇਤਾ ਭੇਜੀ ਜਾ ਰਹੀ ਹੈ।
ਪੱਛਮੀ ਅਫਗਾਨਿਸਤਾਨ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ ਹੈ। USGS ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਇਸ ਤੋਂ ਲਗਭਗ ਇੱਕ ਹਫਤਾ ਪਹਿਲਾਂ ਅਫਗਾਨਿਸਤਾਨ ਵਿੱਚ ਆਏ ਤੇਜ਼ ਭੂਚਾਲ ਅਤੇ ਝਟਕਿਆਂ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੂਰੇ ਪਿੰਡ ਤਬਾਹ ਹੋ ਗਏ ਸਨ। ਇਹ ਖੇਤਰ ਪਹਿਲਾਂ ਹੀ ਇਸ ਮਹੀਨੇ ਭੂਚਾਲਾਂ ਦੀ ਇੱਕ ਲੜੀ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਕਈ ਪਿੰਡ ਤਬਾਹ ਹੋ ਗਏ ਹਨ ਅਤੇ 1,000 ਤੋਂ ਵੱਧ ਲੋਕ ਮਾਰੇ ਗਏ ਹਨ।
ਭੂਚਾਲ ਗਲੋਬਲ ਸਮੇਂ ਮੁਤਾਬਕ 03.36 ਵਜੇ ਆਇਆ। ਭੂਚਾਲ ਦਾ ਕੇਂਦਰ ਪੱਛਮੀ ਸੂਬੇ ਦੀ ਰਾਜਧਾਨੀ ਹੇਰਾਤ ਸ਼ਹਿਰ ਤੋਂ ਕਰੀਬ 33 ਕਿਲੋਮੀਟਰ ਦੂਰ ਸੀ। ਇਸ ਤੋਂ ਠੀਕ 20 ਮਿੰਟ ਬਾਅਦ ਖੇਤਰ ‘ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਤਾਜ਼ਾ ਭੂਚਾਲ 7 ਅਕਤੂਬਰ ਨੂੰ 6.3-ਤੀਵਰਤਾ ਵਾਲੇ ਭੁਚਾਲ ਦੇ ਨਾਲ-ਨਾਲ ਅੱਠ ਸ਼ਕਤੀਸ਼ਾਲੀ ਆਫਟਰਸ਼ੌਕਸ ਤੋਂ ਬਾਅਦ ਆਇਆ ਹੈ, ਜਿਸ ਨਾਲ ਪੇਂਡੂ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ 1,000 ਤੋਂ ਵੱਧ ਲੋਕ ਮਾਰੇ ਗਏ। ਇਸ ਦੇ ਨਾਲ ਹੀ ਸੈਂਕੜੇ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਇਸੇ ਤਰ੍ਹਾਂ ਦੀ ਤੀਬਰਤਾ ਦਾ ਇਕ ਹੋਰ ਭੂਚਾਲ ਆਇਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 130 ਲੋਕ ਜ਼ਖਮੀ ਹੋ ਗਏ।
ਭੂਚਾਲ ਵਿੱਚ ਮਰਨ ਵਾਲਿਆਂ ਵਿੱਚ 90 ਫੀਸਦੀ ਔਰਤਾਂ
ਯੂਨੀਸੇਫ ਨੇ ਕਿਹਾ ਕਿ ਭੂਚਾਲ ‘ਚ ਮਰਨ ਵਾਲਿਆਂ ‘ਚ 90 ਫੀਸਦੀ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਸਨ। ਇਹ ਇਸ ਲਈ ਹੈ ਕਿਉਂਕਿ ਔਰਤਾਂ ਅਤੇ ਬੱਚੇ ਅਕਸਰ ਘਰ ਵਿੱਚ ਹੁੰਦੇ ਹਨ, ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਅਤੇ ਬੱਚਿਆਂ ਦੀ ਦੇਖਭਾਲ ਕਰਦੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੁੰਦੀਆਂ ਹਨ। ਸੰਯੁਕਤ ਰਾਸ਼ਟਰ ਨੇ ਪਹਿਲਾਂ ਭੂਚਾਲ ‘ਤੇ ਰਿਪੋਰਟ ਦਿੱਤੀ ਸੀ ਕਿ ਜ਼ੇਂਦਾ ਜਾਨ ਜ਼ਿਲ੍ਹੇ ਦੇ ਛੇ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਜਿਸ ਨਾਲ 12,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। ਭੂਚਾਲ ਵਿੱਚ ਕਈ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਲੋਕ ਵਾਰ-ਵਾਰ ਭੂਚਾਲ ਦੇ ਝਟਕਿਆਂ ਤੋਂ ਡਰੇ ਹੋਏ ਹਨ।
ਅਫਗਾਨਿਸਤਾਨ ‘ਚ ਲਗਾਤਾਰ ਕਿਉਂ ਆ ਰਹੇ ਭੂਚਾਲ?
ਅਫਗਾਨਿਸਤਾਨ ਵਿੱਚ ਅਕਸਰ ਭੂਚਾਲ ਆਉਂਦੇ ਹਨ, ਖਾਸ ਤੌਰ ‘ਤੇ ਦੇਸ਼ ਦੇ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ, ਜਿੱਥੇ ਅਰਬ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ। ਦੇਸ਼ ਜਿੱਥੇ ਆਰਥਿਕ ਸੰਕਟ ਨਾਲ ਘਿਰਿਆ ਹੋਇਆ ਹੈ, ਉੱਥੇ ਤਾਲਿਬਾਨ ਅਧਿਕਾਰੀਆਂ ਲਈ ਵੱਡੇ ਪੱਧਰ ‘ਤੇ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣਾ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਅਗਸਤ 2021 ਵਿਚ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਸਹਾਇਤਾ ਸੰਸਥਾਵਾਂ ਨਾਲ ਸਬੰਧ ਵਿਗੜ ਗਏ ਹਨ। ਹਾਲਾਂਕਿ, ਕਈ ਦੇਸ਼ਾਂ ਨੇ ਮਾਨਵਤਾਵਾਦੀ ਸਹਾਇਤਾ ਭੇਜੀ ਹੈ।