Viral Video: ਇਸ ਪਿਤਾ ਨੇ ਸ਼ਗਨ ਲੈਣ ਲਈ ਅਪਣਾਇਆ ਡਿਜ਼ਿਟਲ ਟ੍ਰੈਂਡ! ਵੀਡੀਓ ਦੇਖ ਲੋਕਾਂ ਨੇ ਕੀਤੀ ਕ੍ਰੀਏਟਿਵਿਟੀ ਦੀ ਤਾਰੀਫ਼
ਕੇਰਲ ਦੇ ਇੱਕ ਪਿਤਾ ਦਾ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿੱਚ ਉਹ ਲੋਕਾਂ ਤੋਂ ਡਿਜ਼ਿਟਲ ਤਰੀਕੇ ਨਾਲ ਸ਼ਗਨ ਲੈਂਦੇ ਨਜ਼ਰ ਆ ਰਹੇ ਹਨ। ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਕਿਸੇ ਨੇ ਵੀ ਐਸੀ ਉਮੀਦ ਨਹੀਂ ਕੀਤੀ ਸੀ।
ਕੇਰਲ ਦੇ ਵਿੱਚ ਹੋਇਆ ਵਿਆਹ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ। ਕਾਰਨ ਕੁੱਝ ਅਜਿਹਾ ਸੀ, ਜਿਸ ਨੇ ਸਭ ਦਾ ਧਿਆਨ ਖਿੱਚ ਲਿਆ—ਦੁਲਹਨ ਦੇ ਪਿਤਾ ਨੇ ਆਪਣੀ ਕਮੀਜ਼ ਤੇ Paytm ਦਾ QR ਕੋਡ ਲਗਾ ਕੇ ਮਹਿਮਾਨਾਂ ਨੂੰ ਨਕਦ ਲਿਫ਼ਾਫ਼ੇ ਦੀ ਥਾਂ ਡਿਜ਼ਿਟਲ ਸ਼ਗਨ ਦੇਣ ਦਾ ਨਵਾਂ ਤਰੀਕਾ ਦਿਖਾਇਆ। ਜਿਵੇਂ ਹੀ ਲੋਕਾਂ ਨੇ ਇਹ ਨਵਾਂ ਅੰਦਾਜ਼ ਵੇਖਿਆ, ਉਹ ਹੈਰਾਨ ਰਹਿ ਗਏ। ਕਈਆਂ ਨੇ ਇਸ ਨੂੰ ਮਜ਼ੇਦਾਰ ਕਿਹਾ, ਜਦਕਿ ਕੁੱਝ ਨੇ ਇਸਨੂੰ ਡਿਜ਼ਿਟਲ ਇੰਡੀਆ ਦੀ ਸੱਚੀ ਝਲਕ ਕਿਹਾ।
ਭਾਰਤ ‘ਚ ਵਿਆਹ ਹਮੇਸ਼ਾ ਆਪਣੀ ਰੌਣਕ, ਰਿਵਾਜਾਂ ਤੇ ਜੋਸ਼ ਭਰੇ ਮਾਹੌਲ ਲਈ ਮਸ਼ਹੂਰ ਰਹੇ ਹਨ, ਪਰ ਕੇਰਲ ਦੇ ਇਸ ਵਿਆਹ ਨੇ ਉਹਨਾਂ ਪਰੰਪਰਾਵਾਂ ਵਿੱਚ ਮੌਡਰਨ ਟਵਿਸਟ ਜੋੜ ਦਿੱਤਾ। ਆਮ ਤੌਰ ‘ਤੇ ਮਹਿਮਾਨ ਵਿਆਹ ‘ਚ ਲਿਫਾਫੇ ਜਾਂ ਤੋਹਫ਼ੇ ਲੈ ਕੇ ਆਉਂਦੇ ਹਨ, ਪਰ ਇੱਥੇ ਕਿਸੇ ਨੂੰ ਕੁੱਝ ਲਿਆਉਣ ਦੀ ਲੋੜ ਨਹੀਂ ਸੀ — ਸਿਰਫ਼ ਮੋਬਾਈਲ ਕੱਢੋ, QR ਕੋਡ ਸਕੈਨ ਕਰੋ ਤੇ ਆਪਣਾ ਆਸ਼ੀਰਵਾਦ ਸਿੱਧਾ ਡਿਜ਼ਿਟਲ ਤਰੀਕੇ ਨਾਲ ਭੇਜੋ।
ਆਖਿਰ ਪਿਤਾ ਨੇ ਕੀਤਾ ਕੀ ਸੀ?
ਦੁਲਹਨ ਦੇ ਪਿਤਾ ਦੀ ਕਮੀਜ਼ ਦੀ ਜੇਬ ‘ਤੇ ਇੱਕ ਛੋਟਾ ਜਿਹਾ Paytm QR ਕੋਡ ਲੱਗਿਆ ਸੀ, ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਵੀਡੀਓ ਵਿੱਚ ਉਹ ਮਹਿਮਾਨਾਂ ਦਾ ਸਵਾਗਤ ਕਰਦੇ ਹਨ, ਤੇ ਜਿਵੇਂ ਹੀ ਕੋਈ ਮਹਿਮਾਨ ਉਨ੍ਹਾਂ ਕੋਲ ਆਉਂਦਾ ਹੈ, ਉਹ ਆਪਣੇ ਫ਼ੋਨ ਨਾਲ ਕੋਡ ਸਕੈਨ ਕਰਕੇ ਸ਼ਗਨ ਭੇਜ ਦਿੰਦੇ ਹੈ। ਪਿਤਾ ਹਰ ਵਾਰ ਮੁਸਕੁਰਾ ਕੇ ਸਿਰ ਹਿਲਾਉਂਦੇ ਹਨ, ਜਿਵੇਂ ਕਹਿ ਰਹੇ ਹੋਣ—ਹੁਣ ਡਿਜ਼ਿਟਲ ਜਮਾਨਾ ਹੈ, ਲਿਫਾਫਿਆਂ ਦੀ ਝੰਝਟ ਕਿਉਂ?
ਵੀਡੀਓ ਦੀ ਸ਼ੁਰੂਆਤ ਵਿੱਚ ਵਿਆਹ ਦਾ ਸੋਹਣਾ ਸੈਟਅਪ ਨਜ਼ਰ ਆਉਂਦਾ ਹੈ — ਚਾਰੋਂ ਪਾਸੇ ਰੰਗਬਿਰੰਗੀ ਸਜਾਵਟ, ਲਾਈਟਾਂ ਦੀ ਚਮਕ ਤੇ ਖੁਸ਼ੀ ਦਾ ਮਾਹੌਲ ਹੈ। ਕੈਮਰਾ ਜਿਵੇਂ ਹੀ ਉਸ ਮੁਸਕੁਰਾਉਂਦੇ ਪਿਤਾ ਵੱਲ ਮੁੜਦਾ ਹੈ, ਉਹਨਾਂ ਦੀ ਜੇਬ ਤੇ ਚਮਕਦਾ ਹੋਇਆ QR ਕੋਡ ਦਿਖਾਈ ਦਿੰਦਾ ਹੈ। ਜਿਵੇਂ ਹੀ ਮਹਿਮਾਨਾਂ ਦੀ ਨਜ਼ਰ ਉਸ ਤੇ ਪੈਂਦੀ ਹੈ, ਸਭ ਦੇ ਚਿਹਰਿਆਂ ਤੇ ਹਾਸਾ ਆ ਜਾਂਦਾ ਹੈ। ਕਿਸੇ ਨੂੰ ਇਹ ਮਜ਼ਾਕੀਆ ਲੱਗਦਾ ਹੈ, ਤਾਂ ਕਿਸੇ ਨੂੰ ਬਹੁਤ ਹੀ ਸਮਾਰਟ ਆਈਡੀਆ।
ਵੀਡੀਓ ਇੱਥੇ ਦੇਖੋ।
ਕੇਰਲ ਦੇ ਇਹ ਵਿਆਹ ਸਿਰਫ਼ ਇੱਕ ਮਜ਼ੇਦਾਰ ਘਟਨਾ ਨਹੀਂ, ਸਗੋਂ ਇਸ ਗੱਲ ਦੀ ਮਿਸਾਲ ਹੈ ਕਿ ਭਾਰਤੀ ਪਰੰਪਰਾਵਾਂ ਵੀ ਸਮੇਂ ਦੇ ਨਾਲ ਕਦਮ ਮਿਲਾ ਸਕਦੀਆਂ ਹਨ। ਪੁਰਾਣੀਆਂ ਰੀਤਾਂ ਨੂੰ ਛੱਡਣ ਦੀ ਥਾਂ ਉਨ੍ਹਾਂ ਨੂੰ ਨਵੇਂ ਰੂਪ ਵਿੱਚ ਢਾਲਣਾ ਹੀ ਅਸਲੀ ਤਰੱਕੀ ਹੈ ਤੇ ਇਹੀ ਇਸ ਵਿਆਹ ਦੀ ਖੂਬਸੂਰਤੀ ਸੀ—ਜਿੱਥੇ ਪਿਆਰ, ਪਰੰਪਰਾ ਤੇ ਟੈਕਨੋਲੋਜੀ ਦਾ ਸੋਹਣਾ ਮਿਲਾਪ ਹੋਇਆ।


