IND vs PAK, T20 World Cup 2026: ਭਾਰਤ ਨੇ ਪਾਕਿਸਤਾਨ ਨੂੰ ਟੀ20 ਵਰਲਡ ਕੱਪ ਵਿੱਚ ਦਿੱਤੀ ਕਰਾਰੀ ਮਾਤ… ਜਾਣੋ ਹਰ ਅਪਡੇਟ
IND vs PAK, T20 World Cup 2026: ICC ਟੀ-20 ਵਰਲਡ ਕੱਪ ਦਾ 27ਵਾਂ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਟੀਮ ਇੰਡੀਆ ਨੇ 61 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ।
ਆਈਸੀਸੀ ਟੀ-20 ਵਿਸ਼ਵ ਕੱਪ ਦੇ 27ਵੇਂ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 175 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ ਮਹਿਜ਼ 114 ਦੌੜਾਂ ‘ਤੇ ਹੀ ਢੇਰ ਹੋ ਗਈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਵਿਸ਼ਵ ਕੱਪ ਇਤਿਹਾਸ ਵਿੱਚ ਭਾਰਤ ਦੀ ਪਾਕਿਸਤਾਨ ਖ਼ਿਲਾਫ਼ ਜਿੱਤ ਦਾ ਅੰਕੜਾ 8-1 ਹੋ ਗਿਆ ਹੈ।
ਪਾਕਿਸਤਾਨੀ ਬੱਲੇਬਾਜ਼ੀ ਦਾ ਫਲਾਪ ਸ਼ੋਅ
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਸ਼ਰਮਨਾਕ ਰਹੀ। ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੂੰ ਹਾਰਦਿਕ ਪਾਂਡਿਆ ਨੇ ਜ਼ੀਰੋ ‘ਤੇ ਆਊਟ ਕਰਕੇ ਪਹਿਲਾ ਝਟਕਾ ਦਿੱਤਾ। ਹਾਰਦਿਕ ਨੇ ਪਹਿਲਾ ਓਵਰ ਮੇਡਨ ਸੁੱਟ ਕੇ ਦਬਾਅ ਬਣਾ ਦਿੱਤਾ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਮੋਰਚਾ ਸੰਭਾਲਿਆ ਅਤੇ ਆਪਣੇ ਪਹਿਲੇ ਹੀ ਓਵਰ ਵਿੱਚ ਸੈਮ ਅਯੂਬ (6 ਦੌੜਾਂ) ਅਤੇ ਕਪਤਾਨ ਸਲਮਾਨ ਆਗਾ (4 ਦੌੜਾਂ) ਨੂੰ ਚਲਦਾ ਕੀਤਾ। ਸਿਰਫ਼ 2 ਓਵਰਾਂ ਵਿੱਚ ਪਾਕਿਸਤਾਨ ਦਾ ਸਕੋਰ 13/3 ਹੋ ਗਿਆ ਸੀ।
3️⃣/3️⃣ for #TeamIndia 💙
The #MenInBlue win by 6️⃣1️⃣ runs to qualify for Super 8! 💪 Scorecard ▶️ https://t.co/IgYYH0TeR9 #T20WorldCup pic.twitter.com/hFPqtYIERe — BCCI (@BCCI) February 15, 2026
ਇਸ ਤੋਂ ਬਾਅਦ ਅਕਸ਼ਰ ਪਟੇਲ ਨੇ ਬਾਬਰ ਆਜ਼ਮ ਨੂੰ 5 ਦੌੜਾਂ ‘ਤੇ ਬੋਲਡ ਕਰਕੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ। ਹਾਲਾਂਕਿ ਉਸਮਾਨ ਖਾਨ (44 ਦੌੜਾਂ) ਅਤੇ ਸ਼ਾਦਾਬ ਖਾਨ (14 ਦੌੜਾਂ) ਨੇ ਕੁਝ ਸਮਾਂ ਪਾਰੀ ਨੂੰ ਸੰਭਾਲਿਆ, ਪਰ ਅਕਸ਼ਰ ਨੇ ਉਸਮਾਨ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਵੀ ਤੋੜ ਦਿੱਤੀ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਮੁਹੰਮਦ ਨਵਾਜ਼ ਨੂੰ ਅਤੇ ਤਿਲਕ ਵਰਮਾ ਨੇ ਸ਼ਾਦਾਬ ਨੂੰ ਆਊਟ ਕੀਤਾ। ਅੰਤ ਵਿੱਚ ਵਰੁਣ ਚੱਕਰਵਰਤੀ ਨੇ ਲਗਾਤਾਰ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ ਅਤੇ ਹਾਰਦਿਕ ਨੇ ਆਖਰੀ ਵਿਕਟ ਝਟਕਾ ਕੇ ਪਾਕਿਸਤਾਨੀ ਪਾਰੀ ਨੂੰ 114 ਦੌੜਾਂ ‘ਤੇ ਸਮੇਟ ਦਿੱਤਾ।
ਭਾਰਤੀ ਬੱਲੇਬਾਜ਼ੀ: ਈਸ਼ਾਨ ਕਿਸ਼ਨ ਦਾ ਤੂਫ਼ਾਨੀ ਅਰਧ ਸ਼ਤਕ
ਇਸ ਤੋਂ ਪਹਿਲਾਂ, ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਸੀ। ਅਭਿਸ਼ੇਕ ਸ਼ਰਮਾ ਪਹਿਲੇ ਹੀ ਓਵਰ ਵਿੱਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਪਰ ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ। ਈਸ਼ਾਨ ਨੇ ਮਹਿਜ਼ 27 ਗੇਂਦਾਂ ਵਿੱਚ ਆਪਣੀ ਫਿਫਟੀ ਪੂਰੀ ਕੀਤੀ। ਉਨ੍ਹਾਂ ਨੇ 40 ਗੇਂਦਾਂ ਵਿੱਚ 77 ਦੌੜਾਂ ਦੀ ਬੇਹੱਦ ਹਮਲਾਵਰ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 3 ਸ਼ਾਨਦਾਰ ਛੱਕੇ ਸ਼ਾਮਲ ਸਨ।
ਇਹ ਵੀ ਪੜ੍ਹੋ
ਕਪਤਾਨ ਸੂਰਿਆਕੁਮਾਰ ਯਾਦਵ ਨੇ 32 ਦੌੜਾਂ ਅਤੇ ਤਿਲਕ ਵਰਮਾ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਮੱਧਕ੍ਰਮ ਵਿੱਚ ਹਾਰਦਿਕ ਪਾਂਡਿਆ ਜ਼ੀਰੋ ‘ਤੇ ਆਊਟ ਹੋ ਗਏ, ਪਰ ਆਖਰੀ ਓਵਰਾਂ ਵਿੱਚ ਸ਼ਿਵਮ ਦੁਬੇ ਦੀਆਂ 27 ਦੌੜਾਂ ਅਤੇ ਰਿੰਕੂ ਸਿੰਘ ਦੀਆਂ 4 ਗੇਂਦਾਂ ਵਿੱਚ ਤੇਜ਼ 11 ਦੌੜਾਂ ਦੀ ਬਦੌਲਤ ਭਾਰਤ ਨੇ 7 ਵਿਕਟਾਂ ‘ਤੇ 175 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਪਾਕਿਸਤਾਨ ਵੱਲੋਂ ਸੈਮ ਅਯੂਬ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਉਸਮਾਨ ਤਾਰਿਕ, ਸ਼ਾਹੀਨ ਅਫਰੀਦੀ ਅਤੇ ਸਲਮਾਨ ਆਗਾ ਨੂੰ 1-1 ਵਿਕਟ ਮਿਲੀ।


