NZ vs IND: ਭਾਰਤ ਨੇ ਨਿਊਜ਼ੀਲੈਂਡ ਨੂੰ 22 ਰਨ ਨਾਲ ਹਰਾ ਸੀਰੀਜ਼ ‘ਤੇ ਕੀਤਾ 3-1 ਨਾਲ ਕਬਜ਼ਾ, ਗੇਂਦਬਾਜ਼ਾਂ ਨੇ ਪਲਟਿਆ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖ਼ਰੀ ਅਤੇ ਫ਼ੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਖੇਡਿਆ ਗਿਆ। ਮਾਊਂਟ ਮਾਊਂਗਾਨੁਈ ਦੇ ਬੇ ਓਵਲ ਮੈਦਾਨ 'ਤੇ ਆਯੋਜਿਤ ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਟੀਮ ਨੇ 22 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਕੀਵੀ ਟੀਮ 48.1 ਓਵਰਾਂ ਵਿੱਚ 187 ਦੌੜਾਂ 'ਤੇ ਹੀ ਸਿਮਟ ਗਈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖ਼ਰੀ ਅਤੇ ਫ਼ੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਖੇਡਿਆ ਗਿਆ। ਮਾਊਂਟ ਮਾਊਂਗਾਨੁਈ ਦੇ ਬੇ ਓਵਲ ਮੈਦਾਨ ‘ਤੇ ਆਯੋਜਿਤ ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਟੀਮ ਨੇ 22 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਕੀਵੀ ਟੀਮ 48.1 ਓਵਰਾਂ ਵਿੱਚ 187 ਦੌੜਾਂ ‘ਤੇ ਹੀ ਸਿਮਟ ਗਈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਆਕਲੈਂਡ ਅਤੇ ਵੈਲਿੰਗਟਨ ਵਿੱਚ ਖੇਡੇ ਗਏ ਸ਼ੁਰੂਆਤੀ ਦੋਵੇਂ ਮੁਕਾਬਲੇ ਜਿੱਤੇ ਸਨ, ਜਦਕਿ ਹੈਮਿਲਟਨ ਵਿੱਚ ਹੋਇਆ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਬੇ ਓਵਲ ਵਿਖੇ ਖੇਡੇ ਗਏ ਚੌਥੇ ਵਨਡੇ ਵਿੱਚ 244 ਦੌੜਾਂ ਨਾਲ ਵੱਡੀ ਜਿੱਤ ਹਾਸਲ ਕਰਕੇ ਵਾਪਸੀ ਕੀਤੀ ਸੀ। ਹੁਣ ਟੀਮ ਇੰਡੀਆ ਨੇ ਆਖ਼ਰੀ ਮੁਕਾਬਲਾ ਜਿੱਤ ਕੇ ਸੀਰੀਜ਼ ‘ਤੇ 3-1 ਨਾਲ ਕਬਜ਼ਾ ਕਰ ਲਿਆ ਹੈ।
ਨਿਊਜ਼ੀਲੈਂਡ ਦੀ ਬੱਲੇਬਾਜ਼ੀ ਦਾ ਹਾਲ
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਛੇਵੇਂ ਓਵਰ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਟਿਮ ਸੀਫਰਟ (14 ਦੌੜਾਂ) ਨੂੰ ਪਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅਦ ਵਿਲ ਯੰਗ ਅਤੇ ਨਿਕ ਕੈਲੀ ਨੇ ਦੂਜੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਸ਼ਦੀਪ ਸਿੰਘ ਨੇ ਯੰਗ (22 ਦੌੜਾਂ) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਫਿਰ ਕੈਲੀ (24 ਦੌੜਾਂ) ਦੀਆਂ ਵੀ ਗਿੱਲੀਆਂ ਖਿਲਾਰ ਦਿੱਤੀਆਂ।
ਜਦੋਂ ਮੁਹੰਮਦ ਸਿਰਾਜ ਨੂੰ ਦੂਜੇ ਸਪੈੱਲ ਲਈ ਗੇਂਦਬਾਜ਼ੀ ਸੌਂਪੀ ਗਈ, ਤਾਂ ਉਨ੍ਹਾਂ ਨੇ ਫਿਨ ਐਲਨ (1 ਦੌੜ) ਦੇ ਰੂਪ ਵਿੱਚ ਵੱਡੀ ਵਿਕਟ ਝਟਕਾਈ। ਐਲਨ ਦੇ ਆਊਟ ਹੋਣ ਵੇਲੇ ਨਿਊਜ਼ੀਲੈਂਡ ਦਾ ਸਕੋਰ 4 ਵਿਕਟਾਂ ਦੇ ਨੁਕਸਾਨ ‘ਤੇ 83 ਦੌੜਾਂ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਕੀਵੀ ਟੀਮ ਦੀਆਂ ਲਗਾਤਾਰ ਵਿਕਟਾਂ ਡਿੱਗੀਆਂ। ਪਹਿਲਾਂ ਮਾਈਕਲ ਬ੍ਰੇਸਵੈੱਲ (19 ਦੌੜਾਂ) ਆਕਿਬ ਨਬੀ ਦਾ ਸ਼ਿਕਾਰ ਬਣੇ ਅਤੇ ਫਿਰ ਡੀਨ ਫੌਕਸਕ੍ਰਾਫਟ (31 ਦੌੜਾਂ) ਯਸ਼ ਠਾਕੁਰ ਦਾ ਪਲੇਠਾ ਵਨਡੇ ਸ਼ਿਕਾਰ ਬਣੇ। ਦੋਵੇਂ ਬੱਲੇਬਾਜ਼ 119 ਦੌੜਾਂ ਦੇ ਟੀਮ ਸਕੋਰ ‘ਤੇ ਪੰਜਵੀਂ ਅਤੇ ਛੇਵੀਂ ਵਿਕਟ ਵਜੋਂ ਆਊਟ ਹੋਏ।
ਇਸ ਤੋਂ ਬਾਅਦ ਨਮਨ ਧੀਰ ਨੇ ਮਿਚੇਲ ਸੈਂਟਨਰ ਨੂੰ ਆਊਟ ਕਰਕੇ ਭਾਰਤ ਨੂੰ ਸੱਤਵੀਂ ਸਫਲਤਾ ਦਿਵਾਈ। ਸੈਂਟਨਰ (24 ਦੌੜਾਂ) ਨੇ ਕ੍ਰੀਜ਼ ‘ਤੇ ਟਿਕਣ ਤੋਂ ਬਾਅਦ ਆਪਣੀ ਵਿਕਟ ਗੁਆਈ। ਫਿਰ ਅਰਸ਼ਦੀਪ ਸਿੰਘ ਨੇ ਕ੍ਰਿਸਟੀਅਨ ਕਲਾਰਕ (16 ਦੌੜਾਂ) ਨੂੰ ਚਲਦਾ ਕੀਤਾ ਅਤੇ ਅਕਸ਼ਰ ਪਟੇਲ ਨੇ ਜੈਕਬ ਡਫੀ ਨੂੰ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾ ਕੇ ਭਾਰਤ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ
ਅਕਸ਼ਰ ਅਤੇ ਈਸ਼ਾਨ ਬੱਲੇ ਨਾਲ ਚਮਕੇ
ਮੁਕਾਬਲੇ ਵਿੱਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 42.1 ਓਵਰਾਂ ਵਿੱਚ 209 ਦੌੜਾਂ ਬਣਾਈਆਂ। ਟੀਮ ਇੰਡੀਆ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਉਸ ਨੇ 34 ਦੌੜਾਂ ਦੇ ਸਕੋਰ ਤੱਕ ਆਪਣੇ ਤਿੰਨ ਅਹਿਮ ਵਿਕਟ ਗੁਆ ਦਿੱਤੇ। ਰੋਹਿਤ ਸ਼ਰਮਾ 7, ਵਿਰਾਟ ਕੋਹਲੀ 5 ਅਤੇ ਰੁਤੁਰਾਜ ਗਾਇਕਵਾੜ 18 ਦੌੜਾਂ ਬਣਾ ਕੇ ਆਊਟ ਹੋਏ। ਰੋਹਿਤ ਅਤੇ ਕੋਹਲੀ ਨੂੰ ਮੈਥਿਊ ਫਿਸ਼ਰ ਨੇ ਪਵੇਲੀਅਨ ਭੇਜਿਆ, ਜਦਕਿ ਰੁਤੁਰਾਜ ਨੂੰ ਜੈਕਬ ਡਫੀ ਨੇ ਆਊਟ ਕੀਤਾ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਵਿਚਾਲੇ ਚੌਥੀ ਵਿਕਟ ਲਈ 52 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ। ਸ਼੍ਰੇਅਸ (22 ਦੌੜਾਂ) ਕ੍ਰੀਜ਼ ‘ਤੇ ਸੈੱਟ ਹੋ ਚੁੱਕੇ ਸਨ, ਪਰ ਬਲੇਅਰ ਟਿਕਨਰ ਦੀ ਸ਼ਾਰਟ ਪਿੱਚ ਗੇਂਦ ‘ਤੇ ਆਪਣਾ ਵਿਕਟ ਗੁਆ ਬੈਠੇ।
ਅਕਸ਼ਰ ਪਟੇਲ ਵੱਡੀ ਪਾਰੀ ਖੇਡਣ ਵੱਲ ਵਧ ਰਹੇ ਸਨ, ਪਰ ਸਪਿੰਨਰ ਮਾਈਕਲ ਬ੍ਰੇਸਵੈੱਲ ਨੇ ਉਨ੍ਹਾਂ ਨੂੰ ਆਪਣੀ ਫਿਰਕੀ ਦੇ ਜਾਲ ਵਿੱਚ ਫਸਾ ਲਿਆ। ਅਕਸ਼ਰ ਨੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 55 ਗੇਂਦਾਂ ‘ਤੇ 46 ਦੌੜਾਂ ਬਣਾਈਆਂ। ਅਕਸ਼ਰ ਦੇ ਆਊਟ ਹੋਣ ਤੋਂ ਬਾਅਦ ਈਸ਼ਾਨ ਕਿਸ਼ਨ ਦਾ ਸਾਥ ਦੇਣ ਲਈ ਨਮਨ ਧੀਰ ਕ੍ਰੀਜ਼ ‘ਤੇ ਉਤਰੇ, ਪਰ ਨਮਨ ਵੀ ਕ੍ਰੀਜ਼ ‘ਤੇ ਜੰਮਣ ਤੋਂ ਬਾਅਦ ਮਿਚੇਲ ਸੈਂਟਨਰ ਨੂੰ ਆਪਣਾ ਵਿਕਟ ਦੇ ਬੈਠੇ। ਸੈਂਟਨਰ ਨੇ ਫਿਰ ਆਕਿਬ ਨਬੀ (5 ਦੌੜਾਂ) ਅਤੇ ਯਸ਼ ਠਾਕੁਰ (0 ਦੌੜ) ਨੂੰ ਆਊਟ ਕਰਕੇ ਭਾਰਤ ਦਾ ਸਕੋਰ 166 ਦੌੜਾਂ ‘ਤੇ 8 ਵਿਕਟਾਂ ਕਰ ਦਿੱਤਾ।
ਈਸ਼ਾਨ ਕਿਸ਼ਨ ਦੇ ਰੂਪ ਵਿੱਚ ਭਾਰਤ ਦਾ ਨੌਵਾਂ ਵਿਕਟ ਡਿੱਗਿਆ। ਈਸ਼ਾਨ ਨੇ 58 ਗੇਂਦਾਂ ‘ਤੇ 46 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 3 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਅੰਤ ਵਿੱਚ ਆਖ਼ਰੀ ਵਿਕਟ ਵਜੋਂ ਅਰਸ਼ਦੀਪ ਸਿੰਘ (14 ਦੌੜਾਂ) ਆਊਟ ਹੋਏ, ਜਦਕਿ ਮੁਹੰਮਦ ਸਿਰਾਜ ਨਾਬਾਦ 14 ਦੌੜਾਂ ਬਣਾ ਕੇ ਪਰਤੇ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਅਤੇ ਮਿਚੇਲ ਸੈਂਟਨਰ ਨੇ ਤਿੰਨ-ਤਿੰਨ ਵਿਕਟਾਂ ਝਟਕਾਈਆਂ, ਮੈਥਿਊ ਫਿਸ਼ਰ ਨੂੰ ਦੋ ਸਫਲਤਾਵਾਂ ਮਿਲੀਆਂ ਅਤੇ ਬਲੇਅਰ ਟਿਕਨਰ ਤੇ ਮਾਈਕਲ ਬ੍ਰੇਸਵੈੱਲ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਯਸ਼ ਠਾਕੁਰ ਨੇ ਕੀਤਾ ਵਨਡੇ ਡੈਬਿਊ
ਇਸ ਫ਼ੈਸਲਾਕੁੰਨ ਮੁਕਾਬਲੇ ਰਾਹੀਂ ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੇ ਆਪਣਾ ਕੌਮਾਂਤਰੀ ਵਨਡੇ ਡੈਬਿਊ ਕੀਤਾ। ਯਸ਼ ਭਾਰਤ ਲਈ ਵਨਡੇ ਕ੍ਰਿਕਟ ਖੇਡਣ ਵਾਲੇ 267ਵੇਂ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਡੈਬਿਊ ਕੈਪ ਅਕਸ਼ਰ ਪਟੇਲ ਵੱਲੋਂ ਸੌਂਪੀ ਗਈ। ਇਸ ਮੈਚ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਵੀ ਪਲੇਇੰਗ-11 ਵਿੱਚ ਵਾਪਸੀ ਹੋਈ, ਜਦਕਿ ਕੁਲਦੀਪ ਯਾਦਵ ਅਤੇ ਗੁਰਨੂਰ ਬਰਾੜ ਇਸ ਮੈਚ ਦਾ ਹਿੱਸਾ ਨਹੀਂ ਬਣ ਸਕੇ। ਗੁਰਨੂਰ ਬਰਾੜ ਨੂੰ ਆਗਾਮੀ ਟੈਸਟ ਸੀਰੀਜ਼ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਆਖ਼ਰੀ ਮੈਚ ਲਈ ਸਕੁਐਡ ਤੋਂ ਬਾਹਰ ਰੱਖਿਆ ਗਿਆ ਸੀ।


