ਸੰਤ ਸੀਚੇਵਾਲ ਨੇ CM ਮਾਨ ਨਾਲ ਜਲੰਧਰ ‘ਚ ਕੀਤੀ ਮੁਲਾਕਾਤ, ਬੁੱਢਾ ਦਰਿਆ; ਕਾਲਾ ਸੰਘਿਆਂ ਡਰੇਨ ਤੇ ਧੁੱਸੀ ਬੰਨ੍ਹ ਦੇ ਚੁੱਕੇ ਅਹਿਮ ਮੁੱਦੇ
ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਸੰਭਾਲ, ਬੁੱਢਾ ਦਰਿਆ, ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਵਿੱਚ ਪਾਣੀ ਦੀ ਨਿਕਾਸੀ ਅਤੇ ਧੁੱਸੀ ਬੰਨ੍ਹ 'ਤੇ ਸੜਕ ਨਿਰਮਾਣ ਨਾਲ ਜੁੜੀਆਂ ਅਹਿਮ ਸਮੱਸਿਆਵਾਂ ਨੂੰ ਮੁੱਖ ਮੰਤਰੀ ਸਾਹਮਣੇ ਪੁਰਜ਼ੋਰ ਢੰਗ ਨਾਲ ਰੱਖਿਆ।
ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਸੰਭਾਲ, ਬੁੱਢਾ ਦਰਿਆ, ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਵਿੱਚ ਪਾਣੀ ਦੀ ਨਿਕਾਸੀ ਅਤੇ ਧੁੱਸੀ ਬੰਨ੍ਹ ‘ਤੇ ਸੜਕ ਨਿਰਮਾਣ ਨਾਲ ਜੁੜੀਆਂ ਅਹਿਮ ਸਮੱਸਿਆਵਾਂ ਨੂੰ ਮੁੱਖ ਮੰਤਰੀ ਸਾਹਮਣੇ ਪੁਰਜ਼ੋਰ ਢੰਗ ਨਾਲ ਰੱਖਿਆ।
ਲੁਧਿਆਣਾ ‘ਚ ਡੇਅਰੀਆਂ ਦੇ ਗੋਹੇ ਦੀ ਨਿਕਾਸੀ ਦਾ ਮਾਮਲਾ ਗੰਭੀਰ
ਸੰਤ ਸੀਚੇਵਾਲ ਨੇ ਲੁਧਿਆਣਾ ਦੀਆਂ ਡੇਅਰੀਆਂ ਵਿੱਚੋਂ ਨਿਕਲਣ ਵਾਲੇ ਗੋਹੇ ਦੀ ਸਮੱਸਿਆ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਪਹਿਲਾਂ ਡੇਅਰੀ ਸੰਚਾਲਕ ਪ੍ਰਤੀ ਪਸ਼ੂ 13 ਰੁਪਏ ਅਦਾ ਕਰਕੇ ਨਿਯਮਤ ਤੌਰ ‘ਤੇ ਗੋਹਾ ਚੁਕਵਾਉਂਦੇ ਸਨ। ਪਰ ਨਗਰ ਨਿਗਮ ਲੁਧਿਆਣਾ ਵੱਲੋਂ ਗੋਹਾ ਚੁੱਕਣ ਦਾ ਕੰਮ ਤਿੰਨ ਸਾਲਾਂ ਲਈ 22 ਕਰੋੜ ਰੁਪਏ ਦੇ ਠੇਕੇ ‘ਤੇ ਦੇਣ ਮਗਰੋਂ ਡੇਅਰੀ ਮਾਲਕਾਂ ਨੇ ਗੋਹਾ ਚੁਕਵਾਉਣਾ ਬਿਲਕੁਲ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਇਹ ਕੰਮ ਮੁਫ਼ਤ ਵਿੱਚ ਕਰਵਾਇਆ ਜਾ ਰਿਹਾ ਸੀ। ਸੰਤ ਸੀਚੇਵਾਲ ਨੇ ਇਲਜ਼ਾਮ ਲਾਇਆ ਕਿ ਵਿਭਾਗੀ ਅਧਿਕਾਰੀਆਂ ਨੇ ਇਸ ਅਹਿਮ ਮਾਮਲੇ ਦੀ ਸਹੀ ਜਾਣਕਾਰੀ ਮੁੱਖ ਮੰਤਰੀ ਤੱਕ ਨਹੀਂ ਪਹੁੰਚਾਈ।
28 ਕਰੋੜ ਖ਼ਰਚਣ ਦੇ ਬਾਵਜੂਦ ਡਿੱਗ ਰਿਹਾ ਗੰਦਾ ਪਾਣੀ
ਕਾਲਾ ਸੰਘਿਆਂ ਡਰੇਨ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 28 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚੋਂ ਗੁਜ਼ਰਨ ਵਾਲੀ 15 ਕਿਲੋਮੀਟਰ ਲੰਮੀ ਡਰੇਨ ਦੇ ਦੋਵੇਂ ਪਾਸੇ ਪੱਥਰ ਲਗਾਏ ਗਏ ਸਨ। ਇਸ ਦੇ ਬਾਵਜੂਦ ਅੱਜ ਵੀ ਸੀਵਰੇਜ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਲਗਾਤਾਰ ਇਸ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦੀ ਦੇਖਭਾਲ ਲਈ 5 ਕਰੋੜ ਰੁਪਏ ਦਾ ਵੱਖਰਾ ਫੰਡ ਵੀ ਰਾਖਵਾਂ ਰੱਖਿਆ ਹੋਇਆ ਹੈ।
ਚਿੱਟੀ ਵੇਈਂ ‘ਚ ਸਾਫ਼ ਪਾਣੀ ਛੱਡਣ ਦੀ ਵਿਵਸਥਾ ਫ਼ੇਲ੍ਹ
ਸੰਤ ਸੀਚੇਵਾਲ ਨੇ ਚਿੱਟੀ ਵੇਈਂ ਵਿੱਚ ਸਾਫ਼ ਪਾਣੀ ਛੱਡਣ ਦੇ ਪ੍ਰਬੰਧਾਂ ‘ਤੇ ਸਵਾਲ ਉਠਾਉਂਦਿਆਂ ਦੱਸਿਆ ਕਿ ਵੇਈਂ ਵਿੱਚ 200 ਕਿਊਸਿਕ ਪਾਣੀ ਛੱਡਣ ਦੇ ਮਕਸਦ ਨਾਲ 1 ਕਰੋੜ 19 ਲੱਖ ਰੁਪਏ ਖ਼ਰਚ ਕੇ ਇੱਕ ਵਿਸ਼ੇਸ਼ ਰੈਗੂਲੇਟਰ ਤਿਆਰ ਕੀਤਾ ਗਿਆ ਸੀ। ਇਸ ਨੂੰ ਬਣੇ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਸਬੰਧਤ ਵਿਭਾਗ ਵੱਲੋਂ ਅਜੇ ਤੱਕ ਨੇਮਬੱਧ ਤਰੀਕੇ ਨਾਲ ਪਾਣੀ ਛੱਡਣ ਦੀ ਪ੍ਰਕਿਰਿਆ ਲਾਗੂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਿੰਜਾਈ ਵਿਭਾਗ ਨੇ ਬਿਸਤ ਦੋਆਬ ਨਹਿਰ ਰਾਹੀਂ ਡਰੇਨ ਵਿੱਚ 100 ਕਿਊਸਿਕ ਪਾਣੀ ਛੱਡਣਾ ਸੀ, ਪਰ ਅੱਜ ਤੱਕ ਇਹ ਪਾਣੀ ਵੀ ਨਹੀਂ ਛੱਡਿਆ ਗਿਆ।
ਗਿੱਦੜਪਿੰਡੀ ਤੋਂ ਫ਼ਿਲੌਰ ਤੱਕ ਧੁੱਸੀ ਬੰਨ੍ਹ ਦੀ ਸੜਕ ਅਧੂਰੀ
ਧੁੱਸੀ ਬੰਨ੍ਹ ਦੀ ਮਜ਼ਬੂਤੀ ਅਤੇ ਆਵਾਜਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗਿੱਦੜਪਿੰਡੀ ਤੋਂ ਲੈ ਕੇ ਫ਼ਿਲੌਰ ਤੱਕ ਬੰਨ੍ਹ ‘ਤੇ 16 ਫੁੱਟ ਚੌੜੀ ਪੱਕੀ ਸੜਕ ਬਣਾਈ ਜਾਣੀ ਸੀ। ਪ੍ਰੰਤੂ ਡਰੇਨੇਜ ਵਿਭਾਗ ਨੇ ਬੰਨ੍ਹ ‘ਤੇ ਮਿੱਟੀ ਪਾਉਣ ਦੇ ਕੰਮ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਦਕਿ ਸੜਕ ਦੀ ਉਸਾਰੀ ਦਾ ਕੰਮ ਮੰਡੀ ਬੋਰਡ ਵੱਲੋਂ ਨੇਪਰੇ ਚਾੜ੍ਹਿਆ ਜਾਣਾ ਹੈ।
ਇਹ ਵੀ ਪੜ੍ਹੋ
CM ਵੱਲੋਂ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਸੱਦਣ ਦਾ ਭਰੋਸਾ
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਠਾਏ ਗਏ ਸਾਰੇ ਗੰਭੀਰ ਵਾਤਾਵਰਣਕ ਅਤੇ ਵਿਕਾਸ ਸੰਬੰਧੀ ਮੁੱਦਿਆਂ ਨੂੰ ਧਿਆਨਪੂਰਵਕ ਸੁਣਨ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਢੁੱਕਵੇਂ ਅਤੇ ਸਥਾਈ ਹੱਲ ਲਈ ਜਲਦ ਹੀ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ।


