1 ਨਵੰਬਰ ਨੂੰ ਫਿਰ ਹੋਵੇਗੀ ਟੂੰ-ਟੂੰ, ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਰਹੇ… ਜਲੰਧਰ ‘ਚ ਲੋਕ ਮਿਲਣੀ ਦੌਰਾਨ CM ਦੇ ਵਿਰੋਧੀਆਂ ‘ਤੇ ਹਮਲੇ
ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸਰੀਂਹ ਵਿਖੇ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਲਈ 51 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਉਨ੍ਹਾਂ ਵਿਰੋਧੀਆਂ ਦੇ ਪਰਿਵਾਰਵਾਦ ਤੇ ਨਿਸ਼ਾਨਾ ਸਾਧਦਿਆਂ ਬਿਨਾਂ ਰਿਸ਼ਵਤ 70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੁਧਾਰ ਗਿਣਾਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸਰ੍ਹੀ ਵਿੱਚ ਲੋਕ ਮਿਲਣੀ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ‘ਤੇ ਜ਼ੋਰਦਾਰ ਹਮਲੇ ਬੋਲੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਉਨ੍ਹਾਂ ਨੇ ਜਿੱਥੇ ਪਿੰਡ ਦੇ ਵਿਕਾਸ ਕਾਰਜਾਂ ਲਈ 51 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਗ੍ਰਾਮ ਪੰਚਾਇਤ ਨੂੰ ਸੌਂਪਿਆ, ਉੱਥੇ ਹੀ ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੇ ਜ਼ੋਰਦਾਰ ਸਿਆਸੀ ਹਮਲੇ ਕੀਤੇ।
ਪਿੰਡ ਦੇ ਵਿਕਾਸ ਲਈ 51 ਲੱਖ ਦਾ ਚੈੱਕ ਭੇਟ
ਮੁੱਖ ਮੰਤਰੀ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਸਿਰਫ਼ ਐਲਾਨ ਨਹੀਂ ਕੀਤੇ ਜਾਂਦੇ, ਸਗੋਂ ਮੌਕੇ ਤੇ ਹੀ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਪਿੰਡ ਸਰੀਂਹ ਦੀ ਗ੍ਰਾਮ ਪੰਚਾਇਤ ਅਤੇ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਇਹ ਰਾਸ਼ੀ ਛੱਪੜਾਂ ਦੇ ਨਵੀਨੀਕਰਨ, ਇੰਟਰਲਾਕ ਟਾਈਲਾਂ ਅਤੇ ਹੋਰ ਜ਼ਰੂਰੀ ਵਿਕਾਸ ਕਾਰਜਾਂ ਲਈ ਵਰਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤ ਲੋਕਾਂ ਦੀ ਸਲਾਹ ਨਾਲ ਜਿੱਥੇ ਜ਼ਰੂਰਤ ਹੋਵੇ, ਇਹ ਪੈਸਾ ਖ਼ਰਚ ਸਕਦੀ ਹੈ।
ਲੋਕ ਮਿਲਣੀ ਦੌਰਾਨ ਪਿੰਡ ਸਰੀਂਹ, ਹਲਕਾ ਨਕੋਦਰ, ਜ਼ਿਲ੍ਹਾ ਜਲੰਧਰ ਤੋਂ ਆਪਣੇ ਲੋਕਾਂ ਵਿੱਚ LIVE ——— लोक मिलनी के दौरान गाँव सरींह, हलका नकोदर, ज़िला जालंधर से अपने लोगों में LIVE https://t.co/peAMyn9Efm
— Bhagwant Mann (@BhagwantMann) October 28, 2026
ਟੈਕਸ ਦਾ ਪੈਸਾ ਜਨਤਾ ਨੂੰ ਵਾਪਸ ਮੁੜ ਰਿਹਾ ਹੈ
ਭਗਵੰਤ ਮਾਨ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਵੇਰੇ ਮਾਚਿਸ ਦੀ ਤੀਲੀ ਬਾਲਣ, ਗੈਸ ਚੁੱਲ੍ਹਾ ਚਲਾਉਣ, ਚਾਹ-ਦੁੱਧ, ਆਟਾ ਖ਼ਰੀਦਣ ਤੋਂ ਲੈ ਕੇ ਮੋਟਰਸਾਈਕਲ ਦੇ ਤੇਲ ਅਤੇ ਮੋਬਾਈਲ ਰੀਚਾਰਜ ਤੱਕ ਹਰ ਚੀਜ਼ ਤੇ ਆਮ ਜਨਤਾ ਟੈਕਸ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੈਸਾ ਲੀਡਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ, ਪਰ ਹੁਣ ਉਨ੍ਹਾਂ ਦੀ ਸਰਕਾਰ ਇਹੀ ਪੈਸਾ ਮੁਫ਼ਤ ਬਿਜਲੀ, 1000-1500 ਰੁਪਏ ਦੀ ਮਦਦ, ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਦਵਾਈਆਂ, ਵਧੀਆ ਸੜਕਾਂ ਅਤੇ ਸਕੂਲਾਂ ਦੇ ਰੂਪ ਵਿੱਚ ਲੋਕਾਂ ਨੂੰ ਵਾਪਸ ਮੋੜ ਰਹੀ ਹੈ।
ਸਿੱਖਿਆ ਖੇਤਰ ਵਿੱਚ ਵੱਡੀ ਪ੍ਰਾਪਤੀ
ਸਿੱਖਿਆ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021 ਵਿੱਚ ਪੰਜਾਬ ਪ੍ਰਾਇਮਰੀ ਸਕੂਲਾਂ ਦੀ ਪੜ੍ਹਾਈ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ 27ਵੇਂ ਨੰਬਰ ਤੇ ਸੀ। ਸਕੂਲਾਂ ਵਿੱਚ ਲੈਬਾਂ, ਨਵੇਂ ਕਲਾਸਰੂਮ ਅਤੇ ਅਧਿਆਪਕਾਂ ਨੂੰ ਸਿੰਗਾਪੁਰ-ਫਿਨਲੈਂਡ ਤੋਂ ਸਿਖਲਾਈ ਦਿਵਾਉਣ ਤੋਂ ਬਾਅਦ ਪੰਜਾਬ ਪਹਿਲੇ ਨੰਬਰ ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਸਕੂਲਾਂ ਵਿੱਚੋਂ ਸਿਰਫ਼ 80 ਦੇ ਕਰੀਬ ਬੱਚੇ ਨੀਟ (NEET) ਪਾਸ ਕਰਦੇ ਸਨ, ਜਦਕਿ ਹੁਣ 11 ਗੁਣਾ ਵਾਧੇ ਨਾਲ ਗ਼ਰੀਬ ਪਰਿਵਾਰਾਂ ਦੇ 882 ਬੱਚਿਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ
70 ਹਜ਼ਾਰ ਤੋਂ ਵੱਧ ਨੌਕਰੀਆਂ ਬਿਨਾਂ ਰਿਸ਼ਵਤ ਦਿੱਤੀਆਂ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 70,865 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਨਾ ਤਾਂ ਕੋਈ ਰਿਸ਼ਵਤ ਚੱਲੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼, ਸਗੋਂ ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਹਜ਼ਾਰਾਂ ਕਿਲੋਮੀਟਰ ਅੰਡਰਗਰਾਊਂਡ ਪਾਈਪਾਂ ਵਿਛਾਈਆਂ ਗਈਆਂ ਹਨ।
ਵਿਰੋਧੀ ਧਿਰਾਂ ਤੇ ਤਿੱਖੇ ਵਿਅੰਗ
ਉਨ੍ਹਾਂ ਵਿਰੋਧੀ ਪਾਰਟੀਆਂ ਦੇ ਪਰਿਵਾਰਵਾਦ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦਾ ਸਿਰਫ਼ 5 ਨੁਕਾਤੀ ਪ੍ਰੋਗਰਾਮ ਹੁੰਦਾ ਸੀ—”ਮੈਂ, ਮੇਰਾ ਮੁੰਡਾ, ਮੇਰਾ ਭਤੀਜਾ, ਮੇਰਾ ਸਾਲਾ ਤੇ ਮੇਰਾ ਜੀਜਾ”। ਕਾਂਗਰਸ ਦੀ ਅੰਦਰੂਨੀ ਫੁੱਟ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਕਿਹਾ ਕਿ ਉੱਥੇ ਵਰਕਰ ਘੱਟ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਿਆਦਾ ਹਨ। ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਵੀ ਤਿੱਖੇ ਤਨਜ਼ ਕੱਸੇ ਅਤੇ ਕਿਹਾ ਕਿ ਜਨਤਾ ਪਹਿਲਾਂ ਹੀ ਆਪਣਾ ਫ਼ੈਸਲਾ ਸੁਣਾ ਚੁੱਕੀ ਹੈ।


