AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀਆਂ ਟੀਮਾਂ ਦਾ CM ਮਾਨ ਨੇ ਕੀਤਾ ਸਵਾਗਤ, ਕਿਹਾ- ‘ਮਹਿਮਾਨਾਂ ਲਈ ਪੰਜਾਬੀਆਂ ਦੇ ਬੂਹੇ ਤੇ ਦਿਲ ਹਮੇਸ਼ਾ ਖੁੱਲ੍ਹੇ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ 'ਏਸ਼ੀਅਨ ਚੈਂਪੀਅਨਜ਼ ਟਰਾਫ਼ੀ' ਵਿੱਚ ਹਿੱਸਾ ਲੈ ਰਹੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਸਮੂਹ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੂਬੇ ਦੀ ਇਤਿਹਾਸਕ ਮਹਿਮਾਨਨਿਵਾਜ਼ੀ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਆਪਸੀ ਭਾਈਚਾਰਕ ਸਾਂਝ ਦਾ ਨਿੱਘ ਮਾਣਨ ਦਾ ਸੱਦਾ ਦਿੱਤਾ।

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀਆਂ ਟੀਮਾਂ ਦਾ CM ਮਾਨ ਨੇ ਕੀਤਾ ਸਵਾਗਤ, ਕਿਹਾ- 'ਮਹਿਮਾਨਾਂ ਲਈ ਪੰਜਾਬੀਆਂ ਦੇ ਬੂਹੇ ਤੇ ਦਿਲ ਹਮੇਸ਼ਾ ਖੁੱਲ੍ਹੇ'
davinder-kumar-jalandhar
| Updated On: 28 Oct 2026 23:23 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਵਿੱਚ ਹਿੱਸਾ ਲੈ ਰਹੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਸਮੂਹ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੂਬੇ ਦੀ ਇਤਿਹਾਸਕ ਮਹਿਮਾਨਨਿਵਾਜ਼ੀ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਆਪਸੀ ਭਾਈਚਾਰਕ ਸਾਂਝ ਦਾ ਨਿੱਘ ਮਾਣਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਰਿਹਾਇਸ਼ (ਸੀ.ਐੱਮ.ਆਰ.) ਵਿਖੇ ਟੀਮਾਂ ਦੇ ਸਨਮਾਨ ਵਿੱਚ ਆਯੋਜਿਤ ਵਿਸ਼ੇਸ਼ ਰਾਤ ਦੇ ਖਾਣੇ (ਡਿਨਰ) ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਹਰ ਮਹਿਮਾਨ ਦਾ ਖਿੜੇ ਮੱਥੇ ਸਵਾਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਰਿਵਾਰਕ ਮੈਂਬਰ ਵਾਂਗ ਪਿਆਰ ਦਿੱਤਾ ਜਾਂਦਾ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਇਸ ਕੌਮਾਂਤਰੀ ਖੇਡ ਮੁਕਾਬਲੇ ਨੂੰ ਹਰ ਖਿਡਾਰੀ ਅਤੇ ਅਧਿਕਾਰੀ ਲਈ ਇੱਕ ਯਾਦਗਾਰੀ ਅਨੁਭਵ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੰਜਾਬ ਕੁਰਬਾਨੀ ਅਤੇ ਦਲੇਰੀ ਦਾ ਪ੍ਰਤੀਕ

ਸਮਾਗਮ ਦੌਰਾਨ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਜ਼ਮੀਨੀ ਟੁਕੜਾ ਨਹੀਂ ਹੈ, ਸਗੋਂ ਇਹ ਕੁਰਬਾਨੀ, ਸਾਹਸ, ਸਖ਼ਤ ਮਿਹਨਤ, ਇਨਕਲਾਬੀ ਜਜ਼ਬੇ ਅਤੇ ਮਨੁੱਖਤਾ ਦਾ ਮੁਜੱਸਮਾ ਹੈ। ਜਦੋਂ ਵੀ ਦੇਸ਼ ਨੂੰ ਹਿੰਮਤ, ਦ੍ਰਿੜ੍ਹ ਵਚਨਬੱਧਤਾ ਅਤੇ ਨਿਰਸਵਾਰਥ ਸੇਵਾ ਦੀ ਲੋੜ ਪਈ ਹੈ, ਪੰਜਾਬੀਆਂ ਨੇ ਹਮੇਸ਼ਾ ਮੋਹਰੀ ਹੋ ਕੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗ਼ੰਬਰਾਂ, ਸੰਤਾਂ ਅਤੇ ਸੂਫ਼ੀ ਕਵੀਆਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਦੇ ਮਹਾਨ ਉਪਦੇਸ਼ਾਂ ਨੇ ਪੀੜ੍ਹੀਆਂ ਨੂੰ ਬਰਾਬਰੀ, ਦਇਆ, ਭਾਈਚਾਰਕ ਸਾਂਝ ਅਤੇ ਨਿਆਂ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦੀ ਅਸਲ ਪਛਾਣ ਇਸ ਦੇ ਸ਼ਹੀਦਾਂ ਦੇ ਖ਼ੂਨ, ਕਿਸਾਨਾਂ ਦੇ ਮੁੜ੍ਹਕੇ, ਜਵਾਨਾਂ ਦੀ ਬਹਾਦਰੀ ਅਤੇ ਇੱਥੋਂ ਦੇ ਲੋਕਾਂ ਦੇ ਨਿੱਘੇ ਸੁਭਾਅ ਵਿੱਚ ਸਮਾਈ ਹੋਈ ਹੈ। ਮਹਿਮਾਨਾਂ ਲਈ ਪੰਜਾਬੀਆਂ ਦੇ ਘਰਾਂ ਦੇ ਬੂਹੇ ਅਤੇ ਦਿਲ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਇਸ ਇਤਿਹਾਸਕ ਧਰਤੀ ‘ਤੇ ਕੌਮਾਂਤਰੀ ਟੀਮਾਂ ਦਾ ਸਵਾਗਤ ਕਰਨਾ ਸਮੁੱਚੇ ਸੂਬੇ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਦੇਸ਼ ਦੀ ਆਜ਼ਾਦੀ ਅਤੇ ਅੰਨ ਭੰਡਾਰ ਵਿੱਚ ਪੰਜਾਬ ਦਾ ਮੋਹਰੀ ਰੋਲ

ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਹਰੇ ਇਨਕਲਾਬ ਤੱਕ, ਸੂਬੇ ਨੇ ਹਮੇਸ਼ਾ ਰਾਹ ਦਸੇਰਾ ਬਣ ਕੇ ਕੰਮ ਕੀਤਾ ਹੈ। ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਮਹਾਨ ਸ਼ਹੀਦਾਂ ਨੇ ਦੇਸ਼ ਦੀ ਪ੍ਰਭੂਸੱਤਾ ਲਈ ਲਾਸਾਨੀ ਸ਼ਹਾਦਤਾਂ ਦਿੱਤੀਆਂ, ਜਦਕਿ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅੰਨ ਸੰਕਟ ਵਿੱਚੋਂ ਕੱਢ ਕੇ ਆਤਮ-ਨਿਰਭਰ ਬਣਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ, ਜਿਊਂਦੀਆਂ-ਜਾਗਦੀਆਂ ਪਰੰਪਰਾਵਾਂ, ਰੰਗ-ਬਿਰੰਗੇ ਤਿਉਹਾਰ, ਰੂਹ ਨੂੰ ਛੂਹ ਲੈਣ ਵਾਲਾ ਸੰਗੀਤ, ਜੋਸ਼ੀਲੇ ਲੋਕ ਨਾਚ ਅਤੇ ਕੁਦਰਤੀ ਖ਼ੂਬਸੂਰਤੀ ਇਸ ਨੂੰ ਦੁਨੀਆ ਭਰ ਦੇ ਸੈਲਾਨੀਆਂ ਲਈ ਇੱਕ ਵਿਲੱਖਣ ਕੇਂਦਰ ਬਣਾਉਂਦੇ ਹਨ। ਉਨ੍ਹਾਂ ਪੂਰਨ ਵਿਸ਼ਵਾਸ ਪ੍ਰਗਟਾਇਆ ਕਿ ਵਿਦੇਸ਼ੀ ਖਿਡਾਰੀ ਜਦੋਂ ਆਪਣੇ ਵਤਨ ਵਾਪਸ ਪਰਤਣਗੇ ਤਾਂ ਉਹ ਪੰਜਾਬੀਆਂ ਦੇ ਬੇਸ਼ੁਮਾਰ ਪਿਆਰ ਅਤੇ ਨਿੱਘ ਦੀਆਂ ਅਭੁੱਲ ਯਾਦਾਂ ਆਪਣੇ ਨਾਲ ਲੈ ਕੇ ਜਾਣਗੇ।

ਵਿਸ਼ਵ ਪੱਧਰੀ ਪ੍ਰਬੰਧ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਂ

ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਨਿਰਵਿਘਨ, ਸੁਰੱਖਿਅਤ ਅਤੇ ਸ਼ਾਨਦਾਰ ਆਯੋਜਨ ਦੇ ਨਾਲ-ਨਾਲ ਸਾਰੀਆਂ ਟੀਮਾਂ ਦੇ ਆਰਾਮਦਾਇਕ ਠਹਿਰਾਅ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਸਿਰਫ਼ ਇੱਕ ਅੰਤਰਰਾਸ਼ਟਰੀ ਖੇਡ ਮੁਕਾਬਲਾ ਕਰਵਾਉਣ ਤੱਕ ਸੀਮਤ ਨਹੀਂ ਹੈ, ਸਗੋਂ ਸਾਡੀ ਦਿਲੀ ਇੱਛਾ ਹੈ ਕਿ ਹਰ ਖਿਡਾਰੀ, ਅਧਿਕਾਰੀ ਅਤੇ ਦਰਸ਼ਕ ਪੰਜਾਬ ਤੋਂ ਇੱਕ ਖ਼ਾਸ ਅਹਿਸਾਸ ਲੈ ਕੇ ਜਾਵੇ ਜੋ ਉਮਰ ਭਰ ਉਨ੍ਹਾਂ ਦੇ ਦਿਲਾਂ ਵਿੱਚ ਵਸਿਆ ਰਹੇ।

ਉਨ੍ਹਾਂ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਬਹੁਤ ਵੱਡਾ ਸਨਮਾਨ ਹੈ ਅਤੇ ਇਹ ਵਿਸ਼ਵ ਖੇਡ ਮੰਚ ‘ਤੇ ਸੂਬੇ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦਾ ਵੱਡਾ ਮੌਕਾ ਹੈ। ਇਹ ਟੂਰਨਾਮੈਂਟ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰੇਗਾ, ਸਿਹਤ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰੇਗਾ ਅਤੇ ਉੱਭਰਦੇ ਅਥਲੀਟਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।

ਖੇਡਾਂ ਸਰਹੱਦਾਂ ਮਿਟਾ ਕੇ ਆਪਸੀ ਭਾਈਚਾਰਾ ਵਧਾਉਂਦੀਆਂ ਹਨ

ਖੇਡਾਂ ਦੀ ਏਕਤਾ ਅਤੇ ਤਾਕਤ ‘ਤੇ ਚਾਨਣਾ ਪਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਡ ਮੁਕਾਬਲੇ ਭਾਸ਼ਾ, ਸੱਭਿਆਚਾਰ ਅਤੇ ਦੇਸ਼ਾਂ ਦੀਆਂ ਸਰਹੱਦਾਂ ਤੋਂ ਪਰੇ ਹੁੰਦੇ ਹਨ। ਇਹ ਆਪਸੀ ਸਤਿਕਾਰ, ਟੀਮ ਭਾਵਨਾ ਅਤੇ ਉੱਤਮਤਾ ਦੀ ਭਾਵਨਾ ਰਾਹੀਂ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਪਰੋਂਦੇ ਹਨ। ਉਨ੍ਹਾਂ ਕਿਹਾ ਕਿ ਮੈਦਾਨ ਦੇ ਅੰਦਰ ਖਿਡਾਰੀ ਇੱਕ ਦੂਜੇ ਵਿਰੁੱਧ ਮੁਕਾਬਲਾ ਕਰਦੇ ਹਨ, ਪਰ ਮੈਦਾਨ ਤੋਂ ਬਾਹਰ ਉਹ ਦੋਸਤੀ ਅਤੇ ਸਦਭਾਵਨਾ ਦੇ ਦੂਤ ਬਣ ਜਾਂਦੇ ਹਨ। ਉਨ੍ਹਾਂ ਟੀਮਾਂ ਨੂੰ ਸੱਚੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚੈਂਪੀਅਨਸ਼ਿਪ ਖੇਡਾਂ ਦੀ ਸਰਵਵਿਆਪੀ ਭਾਸ਼ਾ ਰਾਹੀਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ। ਇਸ ਰਾਹੀਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਅਗਾਂਹਵਧੂ ਸੋਚ ਅਤੇ ਖੇਡ ਸਮਰੱਥਾ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਕੌਮਾਂਤਰੀ ਸਮਾਗਮ ਪੰਜਾਬ ਵਿੱਚ ਸਪੋਰਟਸ ਟੂਰਿਜ਼ਮ ਅਤੇ ਨੌਜਵਾਨਾਂ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ। ਇਸ ਦੇ ਨਾਲ ਹੀ ਇਹ ਮੁਕਾਬਲਾ ਪੰਜਾਬ ਦੀ ਪ੍ਰਬੰਧਕੀ ਸਮਰੱਥਾ ਅਤੇ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਉਣ ਦੀ ਤਾਕਤ ਨੂੰ ਵੀ ਦਰਸਾਏਗਾ। ਆਪਣੀ ਸਰਕਾਰ ਦੀ ਨੀਤੀ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਖੇਡਾਂ ਦੀ ਅਮੀਰ ਵਿਰਾਸਤ ਹੈ ਅਤੇ ਸਰਕਾਰ ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਢਾਂਚਾ, ਆਧੁਨਿਕ ਸਹੂਲਤਾਂ ਅਤੇ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਲਈ ਦ੍ਰਿੜ੍ਹ ਹੈ।

ਮੁੱਖ ਮੰਤਰੀ ਨੇ ਸਾਰੀਆਂ ਭਾਗੀਦਾਰ ਟੀਮਾਂ ਨੂੰ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਪੰਜਾਬ ਵਿੱਚ ਉਨ੍ਹਾਂ ਦਾ ਠਹਿਰਾਅ ਯਾਦਗਾਰੀ ਤਜਰਬਿਆਂ, ਉੱਤਮ ਖੇਡ ਪ੍ਰਦਰਸ਼ਨ ਅਤੇ ਸਥਾਈ ਦੋਸਤੀ ਨਾਲ ਭਰਪੂਰ ਰਹੇਗਾ।

Follow Us
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...