ਪੰਜਾਬ ‘ਚ ਸਰਕਾਰ ਸੈਪਸਿਸ ਤੇ ਸੈਪਟਿਕ ਸ਼ੌਕ ਨੂੰ ਲੈ ਕੇ ਅਲਰਟ, 12 ਹਜ਼ਾਰ ਤੋਂ ਵੱਧ ਮਰੀਜ਼ਾਂ ਦੇ ਇਲਾਜ ‘ਤੇ ਖ਼ਰਚੇ ₹51 ਕਰੋੜ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ 1 ਸਤੰਬਰ ਤੱਕ ਸੈਪਸਿਸ ਅਤੇ ਸੈਪਟਿਕ ਸ਼ੌਕ ਵਰਗੀਆਂ ਗੰਭੀਰ ਸਥਿਤੀਆਂ ਦੇ ਕੁੱਲ 12,467 ਇਲਾਜ ਦਰਜ ਕੀਤੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਨ੍ਹਾਂ ਮਰੀਜ਼ਾਂ ਦੇ ਇਲਾਜ 'ਤੇ ਕੁੱਲ 51.58 ਕਰੋੜ ਰੁਪਏ ਦੀ ਵੱਡੀ ਰਾਸ਼ੀ ਖ਼ਰਚ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ 1 ਸਤੰਬਰ ਤੱਕ ਸੈਪਸਿਸ ਅਤੇ ਸੈਪਟਿਕ ਸ਼ੌਕ ਵਰਗੀਆਂ ਗੰਭੀਰ ਸਥਿਤੀਆਂ ਦੇ ਕੁੱਲ 12,467 ਇਲਾਜ ਦਰਜ ਕੀਤੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਨ੍ਹਾਂ ਮਰੀਜ਼ਾਂ ਦੇ ਇਲਾਜ ‘ਤੇ ਕੁੱਲ 51.58 ਕਰੋੜ ਰੁਪਏ ਦੀ ਵੱਡੀ ਰਾਸ਼ੀ ਖ਼ਰਚ ਕੀਤੀ ਗਈ ਹੈ। ਇਸ ਵਿੱਚੋਂ ਗੰਭੀਰ ਸੈਪਸਿਸ ਦੇ 10,961 ਮਾਮਲਿਆਂ ਦੇ ਇਲਾਜ ਲਈ 44.33 ਕਰੋੜ ਰੁਪਏ, ਜਦਕਿ ਸੈਪਟਿਕ ਸ਼ੌਕ ਦੇ 1,506 ਗੰਭੀਰ ਕੇਸਾਂ ਦੇ ਇਲਾਜ ‘ਤੇ 7.25 ਕਰੋੜ ਰੁਪਏ ਖ਼ਰਚ ਹੋਏ ਹਨ। ਇਹ ਵੱਡੇ ਅੰਕੜੇ ਸੈਪਸਿਸ ਕਾਰਨ ਪੈਦਾ ਹੋਣ ਵਾਲੇ ਡਾਕਟਰੀ ਸੰਕਟ ਦੇ ਨਾਲ-ਨਾਲ ਪਰਿਵਾਰਾਂ ‘ਤੇ ਪੈਣ ਵਾਲੇ ਭਾਰੀ ਵਿੱਤੀ ਬੋਝ ਨੂੰ ਵੀ ਸਾਫ਼ ਦਰਸਾਉਂਦੇ ਹਨ।
ਅਮਰੀਕਾ ਦੀ ਪ੍ਰਮੁੱਖ ਸਿਹਤ ਸੰਸਥਾ ‘ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ ਅਨੁਸਾਰ, ਸੈਪਸਿਸ ਦਰਅਸਲ ਕਿਸੇ ਵੀ ਇਨਫੈਕਸ਼ਨ ਪ੍ਰਤੀ ਮਨੁੱਖੀ ਸਰੀਰ ਦੀ ਬਹੁਤ ਜ਼ਿਆਦਾ ਅਸਧਾਰਨ ਅਤੇ ਤਿੱਖੀ ਪ੍ਰਤੀਕਿਰਿਆ ਹੁੰਦੀ ਹੈ, ਜੋ ਸਰੀਰ ਦੇ ਟਿਸ਼ੂਆਂ ਨੂੰ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦੀ ਹੈ। ਇਸ ਕਾਰਨ ਸਰੀਰ ਦੇ ਮੁੱਖ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ ਅਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਕੋਈ ਵੀ ਆਮ ਲਾਗ ਸੈਪਸਿਸ ਦਾ ਰੂਪ ਧਾਰਨ ਕਰ ਸਕਦੀ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਫੇਫੜਿਆਂ, ਪਿਸ਼ਾਬ ਪ੍ਰਣਾਲੀ, ਚਮੜੀ ਅਤੇ ਪੇਟ ਜਾਂ ਪਾਚਨ ਪ੍ਰਣਾਲੀ ਨਾਲ ਜੁੜੀਆਂ ਇਨਫੈਕਸ਼ਨਾਂ ਸ਼ਾਮਲ ਹਨ।
ਸਰੀਰ ਦੇ ਮੁੱਖ ਅੰਗਾਂ ‘ਤੇ ਪੈਂਦਾ ਹੈ ਸਿੱਧਾ ਅਸਰ
ਮਾਹਿਰਾਂ ਮੁਤਾਬਕ ਸੈਪਸਿਸ ਸਿਰਫ਼ ਇੱਕ ਆਮ ਇਨਫੈਕਸ਼ਨ ਨਹੀਂ ਹੈ। ਜਦੋਂ ਕਿਸੇ ਇਨਫੈਕਸ਼ਨ ਵਿਰੁੱਧ ਸਰੀਰ ਦੀ ਪ੍ਰਤੀਕਿਰਿਆ ਬੇਕਾਬੂ ਹੋ ਜਾਂਦੀ ਹੈ ਤਾਂ ਅੰਦਰੂਨੀ ਅੰਗਾਂ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੋਣ ਲੱਗਦੀ ਹੈ। ਗੰਭੀਰ ਸਥਿਤੀਆਂ ਵਿੱਚ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਹੇਠਾਂ ਡਿੱਗ ਜਾਂਦਾ ਹੈ ਅਤੇ ਖ਼ੂਨ ਦਾ ਦੌਰਾ ਲੋੜੀਂਦਾ ਨਾ ਰਹਿਣ ਕਾਰਨ ਮਰੀਜ਼ ਸੈਪਟਿਕ ਸ਼ੌਕ ਦੀ ਹਾਲਤ ਵਿੱਚ ਚਲਾ ਜਾਂਦਾ ਹੈ।
ਹੌਲੀ-ਹੌਲੀ ਗੰਭੀਰ ਰੂਪ ਧਾਰਦੀ ਹੈ ਇਹ ਬਿਮਾਰੀ: ਡਾ. ਬਲਬੀਰ ਸਿੰਘ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਦੀ ਸਮੇਂ ਸਿਰ ਪਛਾਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸੈਪਸਿਸ ਹੌਲੀ-ਹੌਲੀ ਬਹੁਤ ਖ਼ਤਰਨਾਕ ਰੂਪ ਲੈ ਲੈਂਦਾ ਹੈ। ਜਦੋਂ ਇਸ ਦੇ ਕਾਰਨ ਖ਼ੂਨ ਸੰਚਾਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ ਅਤੇ ਸਰੀਰ ਦੇ ਮਹੱਤਵਪੂਰਨ ਅੰਗਾਂ ਤੱਕ ਲੋੜੀਂਦਾ ਖ਼ੂਨ ਨਹੀਂ ਪਹੁੰਚਦਾ, ਤਾਂ ਮਰੀਜ਼ ਦੀ ਹਾਲਤ ਸੈਪਟਿਕ ਸ਼ੌਕ ਤੱਕ ਵਿਗੜ ਜਾਂਦੀ ਹੈ।
ਸੰਘਣੀ ਡਾਕਟਰੀ ਦੇਖਭਾਲ ਦੀ ਲੋੜ
ਸੈਪਟਿਕ ਸ਼ੌਕ ਤੋਂ ਪੀੜਤ ਮਰੀਜ਼ਾਂ ਨੂੰ ਤੁਰੰਤ ਆਈ.ਸੀ.ਯੂ. ਕੇਅਰ, ਨਾੜੀ ਰਾਹੀਂ ਤਰਲ ਪਦਾਰਥ (IV ਫ਼ਲੂਇਡਜ਼), ਉੱਚ ਪੱਧਰੀ ਐਂਟੀਬਾਇਓਟਿਕਸ, ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਵਾਲੀਆਂ ਦਵਾਈਆਂ, ਆਕਸੀਜਨ ਜਾਂ ਵੈਂਟੀਲੇਟਰ ਸਪੋਰਟ ਦੀ ਲੋੜ ਪੈਂਦੀ ਹੈ। ਕਈ ਮਾਮਲਿਆਂ ਵਿੱਚ ਫ਼ੇਲ੍ਹ ਹੋ ਰਹੇ ਅੰਗਾਂ ਲਈ ਵਿਸ਼ੇਸ਼ ਸਹਾਇਕ ਇਲਾਜ ਵੀ ਦੇਣਾ ਪੈਂਦਾ ਹੈ। ਅਜਿਹੇ ਗੰਭੀਰ ਇਲਾਜ ਦਾ ਖ਼ਰਚਾ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਆਮ ਪਰਿਵਾਰਾਂ ਲਈ ਵਿੱਤੀ ਸੁਰੱਖਿਆ ਹੋਣੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ।
ਇਹ ਵੀ ਪੜ੍ਹੋ
10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਕਵਰ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਸਿਹਤ ਕਵਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜ ਦੌਰਾਨ ਪੈਸੇ ਦੀ ਤੰਗੀ ਦੂਰ ਕਰਨ ਵਿੱਚ ਵੱਡੀ ਮਦਦ ਮਿਲਦੀ ਹੈ। ਇਸ ਯੋਜਨਾ ਤਹਿਤ ਸੈਪਸਿਸ ਦੇ ਇਲਾਜ ਦੇ ਅੰਕੜੇ ਸਾਬਤ ਕਰਦੇ ਹਨ ਕਿ ਐਮਰਜੈਂਸੀ ਵੇਲੇ ਇਹ ਆਰਥਿਕ ਸੁਰੱਖਿਆ ਪਰਿਵਾਰਾਂ ਲਈ ਜੀਵਨ-ਰੱਖਿਅਕ ਸਾਬਤ ਹੋ ਰਹੀ ਹੈ।
ਨਵਜੰਮੇ ਬੱਚਿਆਂ ਨੂੰ ਸਭ ਤੋਂ ਵੱਧ ਖ਼ਤਰਾ
ਨਵਜੰਮੇ ਬੱਚਿਆਂ ਲਈ ਇਹ ਲਾਗ ਬਹੁਤ ਤੇਜ਼ੀ ਨਾਲ ਜਾਨਲੇਵਾ ਸਾਬਤ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਅਨੁਸਾਰ ਨਵਜੰਮੇ ਬੱਚੇ ਦੇ ਰੋਜ਼ਾਨਾ ਵਿਹਾਰ ਵਿੱਚ ਆਉਣ ਵਾਲੇ ਮਾਮੂਲੀ ਬਦਲਾਅ ਨੂੰ ਵੀ ਅਣਦੇਖਿਆ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਬੱਚੇ ਦੇ ਸੁਭਾਅ ਵਿੱਚ ਮਾਮੂਲੀ ਫ਼ਰਕ ਵੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਸਮੇਂ ਤੋਂ ਪਹਿਲਾਂ ਜਨਮੇ ਅਤੇ ਘੱਟ ਵਜ਼ਨ ਵਾਲੇ ਬੱਚਿਆਂ ਦੀ ਸਥਿਤੀ ਕੁਝ ਹੀ ਘੰਟਿਆਂ ਵਿੱਚ ਵਿਗੜ ਸਕਦੀ ਹੈ।
ਇਹ ਲੱਛਣ ਦਿਸਣ ‘ਤੇ ਤੁਰੰਤ ਕਰਵਾਓ ਜਾਂਚ
ਜੇਕਰ ਨਵਜੰਮਿਆ ਬੱਚਾ ਦੁੱਧ ਪੀਣਾ ਘਟਾ ਦੇਵੇ ਜਾਂ ਛੱਡ ਦੇਵੇ, ਆਮ ਨਾਲੋਂ ਬਹੁਤ ਜ਼ਿਆਦਾ ਸੁੱਤਾ ਰਹੇ, ਉਸ ਦਾ ਸਰੀਰ ਠੰਢਾ ਪੈਣ ਲੱਗੇ ਜਾਂ ਸਾਹ ਲੈਣ ਦੇ ਤਰੀਕੇ ਵਿੱਚ ਕੋਈ ਬਦਲਾਅ ਆਵੇ, ਤਾਂ ਇਹ ਗੰਭੀਰ ਲਾਗ ਦੇ ਲੱਛਣ ਹੋ ਸਕਦੇ ਹਨ। ਅਜਿਹੀ ਹਾਲਤ ਵਿੱਚ ਬਿਨਾਂ ਦੇਰੀ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਜਾਨ ਬਚਾਈ ਜਾ ਸਕੇ।
ਐਂਟੀਬਾਇਓਟਿਕਸ ਦੀ ਗ਼ਲਤ ਵਰਤੋਂ ਵਧਾਉਂਦੀ ਹੈ ਸੰਕਟ
ਬੈਕਟੀਰੀਅਲ ਇਨਫੈਕਸ਼ਨ ਦੀ ਪੁਸ਼ਟੀ ਹੋਣ ‘ਤੇ ਐਂਟੀਬਾਇਓਟਿਕ ਦਵਾਈਆਂ ਜ਼ਰੂਰੀ ਹੁੰਦੀਆਂ ਹਨ, ਪ੍ਰੰਤੂ ਇਨ੍ਹਾਂ ਦੀ ਗ਼ਲਤ ਅਤੇ ਬੇਲੋੜੀ ਵਰਤੋਂ ਐਂਟੀਮਾਈਕ੍ਰੋਬੀਅਲ ਰੇਸਿਸਟੈਂਸ (AMR) ਦਾ ਕਾਰਨ ਬਣਦੀ ਹੈ। ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਲੈਣਾ, ਪੁਰਾਣੀਆਂ ਬਚੀਆਂ ਦਵਾਈਆਂ ਦੀ ਵਰਤੋਂ ਕਰਨਾ ਜਾਂ ਕੋਰਸ ਅੱਧ-ਵਿਚਕਾਰ ਛੱਡ ਦੇਣ ਨਾਲ ਬਾਅਦ ਵਿੱਚ ਗੰਭੀਰ ਲਾਗ ਦਾ ਇਲਾਜ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਸੀ.ਡੀ.ਸੀ. ਅਨੁਸਾਰ ਜੇਕਰ ਮਰੀਜ਼ ਵਿੱਚ ਮਾਨਸਿਕ ਉਲਝਣ ਜਾਂ ਬੇਹੋਸ਼ੀ, ਸਾਹ ਲੈਣ ਵਿੱਚ ਤਕਲੀਫ਼, ਅਸਹਿ ਦਰਦ ਜਾਂ ਬੇਚੈਨੀ, ਤੇਜ਼ ਬੁਖ਼ਾਰ ਜਾਂ ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਜਾਣਾ, ਚਮੜੀ ਦਾ ਚਿਪਚਿਪਾ ਹੋਣਾ ਅਤੇ ਦਿਲ ਦੀ ਧੜਕਣ ਦਾ ਬਹੁਤ ਤੇਜ਼ ਹੋਣਾ ਵਰਗੇ ਲੱਛਣ ਦਿਸਣ, ਤਾਂ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ।
ਸਮੇਂ ਸਿਰ ਡਾਕਟਰੀ ਪਛਾਣ ਅਤੇ ਵਿੱਤੀ ਸੁਰੱਖਿਆ ਦੋਵੇਂ ਲਾਜ਼ਮੀ
ਸੈਪਸਿਸ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਦੋ ਪੱਧਰਾਂ ‘ਤੇ ਕੰਮ ਕਰਨਾ ਲਾਜ਼ਮੀ ਹੈ। ਸਮੇਂ ਸਿਰ ਬਿਮਾਰੀ ਦੀ ਸਹੀ ਪਛਾਣ ਤੇ ਤੁਰੰਤ ਇਲਾਜ, ਅਤੇ ਮਹਿੰਗੇ ਹਸਪਤਾਲੀ ਖ਼ਰਚਿਆਂ ਤੋਂ ਬਚਾਅ ਲਈ ਆਰਥਿਕ ਸੁਰੱਖਿਆ। ਮੁੱਖ ਮੰਤਰੀ ਸਿਹਤ ਯੋਜਨਾ ਜਿੱਥੇ ਇਸ ਦੇ ਵੱਡੇ ਆਰਥਿਕ ਬੋਝ ਨੂੰ ਘਟਾ ਰਹੀ ਹੈ, ਉੱਥੇ ਹੀ ਡਾਕਟਰੀ ਮਾਹਿਰਾਂ ਦਾ ਸੁਨੇਹਾ ਬਿਲਕੁਲ ਸਾਫ਼ ਹੈ ਕਿ ਲਾਗ ਦੇ ਮਾਮਲੇ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਦੀ ਕੀਮਤ ਮਨੁੱਖੀ ਜਾਨ ਦੇ ਕੇ ਚੁਕਾਉਣੀ ਪੈ ਸਕਦੀ ਹੈ।


