PU ‘ਚ ABVP ਦਾ ਦਬਦਬਾ, ਨੌਜਵਾਨ ਸਿਆਸਤ ਦਾ ਬਦਲਿਆ ਰੁਖ਼; ਕੀ ਵਿਧਾਨ ਸਭਾ ਚੋਣਾਂ ‘ਤੇ ਅਸਰ ਪਾਵੇਗਾ Gen Z ਵੋਟਰ?
ਪੰਜਾਬ ਯੂਨੀਵਰਸਿਟੀ (PU) ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਲਗਾਤਾਰ ਦੂਜੀ ਵਾਰ ਪ੍ਰਧਾਨਗੀ ਦੇ ਅਹੁਦੇ 'ਤੇ ਸ਼ਾਨਦਾਰ ਜਿੱਤ ਦਰਜ ਕਰਕੇ ਕੈਂਪਸ ਦੀ ਸਿਆਸਤ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦਿਆਰਥੀ ਚੋਣਾਂ ਦੇ ਇਸ ਨਤੀਜੇ ਨੂੰ ਸੂਬੇ ਦੇ ਸਮੁੱਚੇ ਸਿਆਸੀ ਸਮੀਕਰਨਾਂ ਲਈ ਵੀ ਇੱਕ ਵੱਡਾ ਤੇ ਅਹਿਮ ਸੰਕੇਤ ਮੰਨਿਆ ਜਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ (PU) ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਲਗਾਤਾਰ ਦੂਜੀ ਵਾਰ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ਕੈਂਪਸ ਦੀ ਸਿਆਸਤ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਦਿਆਰਥੀ ਚੋਣਾਂ ਦੇ ਇਸ ਨਤੀਜੇ ਨੂੰ ਸੂਬੇ ਦੇ ਸਮੁੱਚੇ ਸਿਆਸੀ ਸਮੀਕਰਨਾਂ ਲਈ ਵੀ ਇੱਕ ਵੱਡਾ ਤੇ ਅਹਿਮ ਸੰਕੇਤ ਮੰਨਿਆ ਜਾ ਰਿਹਾ ਹੈ।
SOI ਦੇ ਸਮਰਥਨ ਨੇ ਬਦਲੇ ਕੈਂਪਸ ਦੇ ਚੋਣ ਸਮੀਕਰਨ
ਇਸ ਵਾਰ ਪੀ.ਯੂ. ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਸਭ ਤੋਂ ਵੱਡਾ ਸਿਆਸੀ ਉਲਟਫੇਰ ਏ.ਬੀ.ਵੀ.ਪੀ. ਅਤੇ SOI ਦਾ ਇਕੱਠੇ ਆਉਣਾ ਰਿਹਾ। ਪੋਲਿੰਗ ਤੋਂ ਸਿਰਫ਼ ਦੋ ਦਿਨ ਪਹਿਲਾਂ ਹੋਏ ਇਸ ਗੱਠਜੋੜ ਨੇ ਦੋਵਾਂ ਜਥੇਬੰਦੀਆਂ ਦੇ ਵਿਦਿਆਰਥੀ ਵੋਟ ਬੈਂਕ ਨੂੰ ਇੱਕ ਮੰਚ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਗੱਠਜੋੜ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ASAP ਨਾਲ ਹੋਇਆ।
ASAP ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਆਦਿਲ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਆਦਿਲ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਕਰੜੀ ਚੁਣੌਤੀ ਦਿੱਤੀ, ਪਰ ਅੰਤਿਮ ਚੋਣ ਨਤੀਜਾ ਏ.ਬੀ.ਵੀ.ਪੀ. ਦੇ ਪੱਖ ਵਿੱਚ ਰਿਹਾ। ਇਸ ਗੱਠਜੋੜ ਦੀ ਜਿੱਤ ਨੂੰ ਸਿਰਫ਼ ਵਿਦਿਆਰਥੀ ਰਾਜਨੀਤੀ ਤੱਕ ਸੀਮਤ ਨਹੀਂ ਸਮਝਿਆ ਜਾ ਰਿਹਾ। ਪੰਜਾਬ ਅੰਦਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਮੁੜ ਸਿਆਸੀ ਨੇੜਤਾ ਵਧਣ ਦੀਆਂ ਚਰਚਾਵਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ, ਅਜਿਹੇ ਵਿੱਚ ਦੋਵਾਂ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ ਦਾ ਪੀ.ਯੂ. ਵਿੱਚ ਸਾਂਝੇ ਤੌਰ ‘ਤੇ ਲੜਨਾ ਆਉਣ ਵਾਲੇ ਸਮੇਂ ਦੇ ਵੱਡੇ ਸਿਆਸੀ ਗੱਠਜੋੜ ਦੀ ਝਲਕ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਧਾਨਗੀ ਅਹੁਦੇ ‘ਤੇ ABVP ਦਾ ਲਗਾਤਾਰ ਦੂਜਾ ਕਬਜ਼ਾ
ਏ.ਬੀ.ਵੀ.ਪੀ. ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੇ ਅਹੁਦੇ ‘ਤੇ ਲਗਾਤਾਰ ਦੂਜੀ ਵਾਰ ਜਿੱਤ ਦਾ ਪਰਚਮ ਲਹਿਰਾਇਆ ਹੈ। ਪਿਛਲੀਆਂ ਚੋਣਾਂ ਦੌਰਾਨ ਗੌਰਵਵੀਰ ਸੋਹਲ ਏ.ਬੀ.ਵੀ.ਪੀ. ਦੀ ਟਿਕਟ ‘ਤੇ ਪ੍ਰਧਾਨ ਚੁਣੇ ਗਏ ਸਨ। ਉਸ ਸਮੇਂ ਜਥੇਬੰਦੀ ਕੋਲ ਅਕਾਲੀ ਦਲ ਜਾਂ ਸੋਈ ਦਾ ਸਾਥ ਨਹੀਂ ਸੀ। ਹਾਲਾਂਕਿ, ਇਸ ਵਾਰ ਏ.ਬੀ.ਵੀ.ਪੀ. ਨੇ ਆਪਣੀ ਪਿਛਲੀ ਕਾਮਯਾਬੀ ਨੂੰ ਦੁਹਰਾਉਣ ਦੇ ਨਾਲ-ਨਾਲ ਸੋਈ ਦਾ ਮਜ਼ਬੂਤ ਸਮਰਥਨ ਹਾਸਲ ਕਰਕੇ ਜਿੱਤ ਦਾ ਦਾਇਰਾ ਹੋਰ ਵੱਡਾ ਕੀਤਾ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਵੋਟ ਬੈਂਕ ‘ਤੇ ਨਜ਼ਰਾਂ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਦੇ ਇਹ ਨਤੀਜੇ ਭਾਜਪਾ ਲਈ ਕਾਫ਼ੀ ਅਹਿਮੀਅਤ ਰੱਖਦੇ ਹਨ, ਕਿਉਂਕਿ ਯੂਨੀਵਰਸਿਟੀ ਕੈਂਪਸ ਦੀ ਸਿਆਸਤ ਨੂੰ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨ ਵਰਗ ਦੇ ਸਿਆਸੀ ਝੁਕਾਅ ਦਾ ਵੱਡਾ ਪੈਮਾਨਾ ਮੰਨਿਆ ਜਾਂਦਾ ਹੈ। ਏ.ਬੀ.ਵੀ.ਪੀ. ਦੀ ਇਸ ਜਿੱਤ ਨਾਲ ਜਿੱਥੇ ਭਾਜਪਾ ਨੂੰ ਨੌਜਵਾਨ ਵੋਟਰਾਂ ਵਿੱਚ ਆਪਣੀ ਮਜ਼ਬੂਤ ਪਕੜ ਸਾਬਤ ਕਰਨ ਲਈ ਮਨੋਵਿਗਿਆਨਕ ਬੜ੍ਹਤ ਮਿਲੇਗੀ, ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਆਪਣੇ ਵਿਦਿਆਰਥੀ ਵਿੰਗ ਅਤੇ ਨੌਜਵਾਨ ਰਾਬਤਾ ਮੁਹਿੰਮ ਦੀ ਮੁੜ ਸਮੀਖਿਆ ਕਰਨ ਦਾ ਸਪੱਸ਼ਟ ਸੁਨੇਹਾ ਹੈ। ਭਾਵੇਂ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਫ਼ਿਲਹਾਲ ਕੋਈ ਰਸਮੀ ਐਲਾਨ ਨਹੀਂ ਹੋਇਆ, ਪਰ ਪੀ.ਯੂ. ਚੋਣਾਂ ਵਿੱਚ ਏ.ਬੀ.ਵੀ.ਪੀ. ਅਤੇ ਸੋਈ ਦਾ ਇਕੱਠੇ ਹੋ ਕੇ ਮੈਦਾਨ ਮਾਰਨਾ ਪੰਜਾਬ ਦੀ ਰਾਜਨੀਤੀ ਲਈ ਇੱਕ ਵੱਡਾ ਮੋੜ ਸਾਬਤ ਹੋ ਸਕਦਾ ਹੈ।


