ਪੰਜਾਬ ਕਾਂਗਰਸ ਦੇ ਵਿਵਾਦ ਨੇ ਹਾਈਕਮਾਨ ਦੀ ਵਧਾਈ ਚਿੰਤਾ, ਰਾਹੁਲ ਗਾਂਧੀ ਨੇ ਮੁੜ ਮੰਗੀ ਰਿਪੋਰਟ, ਹੋ ਸਕਦਾ ਕੋਈ ਵੱਡਾ ਫ਼ੈਸਲਾ

Updated On: 

06 Aug 2026 13:20 PM IST

'ਹਰ ਬੂਥ, ਕਾਂਗਰਸ ਮਜ਼ਬੂਤ' ਮੁਹਿੰਮ 'ਚ ਚੰਨੀ ਦੇ ਹੱਕ 'ਚ 'ਚੰਨੀ ਜ਼ਿੰਦਾਬਾਦ' ਦੇ ਨਾਅਰੇ ਲੱਗ ਰਹੇ ਹਨ। ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਚੰਨੀ, ਵੜਿੰਗ ਤੇ ਭੂਪੇਸ਼ ਬਘੇਲ ਨੂੰ ਲੈ ਕੇ ਵਿਵਾਦਤ ਪੋਸਟਰ ਵੀ ਦੇਖੇ ਜਾ ਰਹੇ ਹਨ। ਇਸ ਦੌਰਾਨ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਵਰਕਰਾਂ 'ਚ ਟਕਰਾਅ ਦੀ ਗੱਲ ਵੀ ਸਾਹਮਣੀ ਆਈ ਸੀ। ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਨੇ ਪਾਰਟੀ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਵਿਵਾਦ ਨੇ ਹਾਈਕਮਾਨ ਦੀ ਵਧਾਈ ਚਿੰਤਾ, ਰਾਹੁਲ ਗਾਂਧੀ ਨੇ ਮੁੜ ਮੰਗੀ ਰਿਪੋਰਟ, ਹੋ ਸਕਦਾ ਕੋਈ ਵੱਡਾ ਫ਼ੈਸਲਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਵਾਦ ਹੁਣ ਪਾਰਟੀ ਹਾਈਕਮਾਨ ਲਈ ਚਿੰਤਾ ਦਾ ਵਿਸ਼ਾ ਬਣਾ ਚੁੱਕਾ ਹੈ। ਪਾਰਟੀ ਪ੍ਰੋਗਰਾਮਾਂ ‘ਚ ਲਗਾਤਾਰ ਨਾਅਰੇਬਾਜ਼ੀ, ਪੋਸਟਰਬਾਜ਼ੀ, ਵਰਕਰਾਂ ਵਿਚਾਲੇ ਟਕਰਾਅ ਤੇ ਕਾਂਗਰਸ ਦੇ ਪ੍ਰੋਗਰਾਮਾਂ ਤੋਂ ਕੁਝ ਆਗੂਆਂ ਦਾ ਦੂਰੀ ਬਣਾਉਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹਾਈਕਮਾਨ ਹਰਕਤ ‘ਚ ਆ ਗਈ ਹੈ।

ਸੂਤਰਾਂ ਮੁਤਾਬਕ, ਕਾਂਗਰਸ ਹਾਈਕਮਾਨ ਨੇ ਇੱਕ ਵਿਸ਼ੇਸ਼ ਟੀਮ ਨੂੰ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖਣ ਤੇ ਇਸ ਦਾ ਵਿਸ਼ਲੇਸ਼ਣ ਕਰਕੇ ਰਾਹੁਲ ਗਾਂਧੀ ਦੇ ਦਫ਼ਤਰ ਨੂੰ ਰਿਪੋਰਟ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਹੈ। ਹਾਈਕਮਾਨ ਇਹ ਜਾਣਨਾ ਚਾਹੁੰਦੀ ਹੈ ਕਿ ਸੂਬੇ ‘ਚ ਚੱਲ ਰਿਹਾ ਵਿਵਾਦ ਸਿਰਫ਼ ਆਗੂਆਂ ਵਿਚਾਲੇ ਮਤਭੇਦ ਤੱਕ ਹੀ ਸੀਮਤ ਹੈ ਜਾਂ ਇਸ ਦਾ ਅਸਰ ਪਾਰਟੀ ਦੇ ਜ਼ਮੀਨੀ ਪੱਧਰ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਵੀ ਪੈ ਰਿਹਾ ਹੈ।

ਕੇਸੀ ਵੇਣੂਗੋਪਾਲ ਨਾਲ ਮਿਲੇ ਚੰਨੀ

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਨਵੀਂ ਦਿੱਲੀ ‘ਚ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ। ਮੀਟਿੰਗ ਦੌਰਾਨ ਚੰਨੀ ਨੇ ਪੰਜਾਬ ਕਾਂਗਰਸ ‘ਚ ਚੱਲ ਰਹੇ ਵਿਵਾਦ ਬਾਰੇ ਆਪਣਾ ਪੱਖ ਰੱਖਿਆ।

ਨਾਅਰੇਬਾਜ਼ੀ, ਪੋਸਟਰਬਾਜ਼ੀ ਤੇ ਟਕਰਾਅ ਨੇ ਵਧਾਈ ਚਿੰਤਾ

ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਇਨ੍ਹੀਂ ਦਿਨੀਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ। ਇਹ ਮੁਹਿੰਮ 8 ਅਗਸਤ ਤੱਕ ਚੱਲਣੀ ਹੈ। ਇਨ੍ਹਾਂ ਪ੍ਰੋਗਰਾਮਾਂ ‘ਚ ਰਾਜਾ ਵੜਿੰਗ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿੰਦੇ ਹਨ।

ਇਸ ਮੁਹਿੰਮ ‘ਚ ਚੰਨੀ ਦੇ ਹੱਕ ‘ਚ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲੱਗ ਰਹੇ ਹਨ। ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ‘ਚ ਚੰਨੀ, ਵੜਿੰਗ ਤੇ ਭੂਪੇਸ਼ ਬਘੇਲ ਨੂੰ ਲੈ ਕੇ ਵਿਵਾਦਤ ਪੋਸਟਰ ਵੀ ਦੇਖੇ ਜਾ ਰਹੇ ਹਨ। ਇਸ ਦੌਰਾਨ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਵਰਕਰਾਂ ‘ਚ ਟਕਰਾਅ ਤੇ ਇੱਕ-ਦੂਜੇ ਤੇ ਕੁਰਸੀਆਂ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਨੇ ਪਾਰਟੀ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ।

ਆਉਣ ਵਾਲੇ ਦਿਨਾਂ ‘ਚ ਹੋ ਸਕਦਾ ਵੱਡਾ ਫ਼ੈਸਲਾ

ਸੂਤਰਾਂ ਮੁਤਾਬਕ, ਕਾਂਗਰਸ ਹਾਈਕਮਾਨ ਇਸ ਵੇਲੇ ਪੰਜਾਬ ਦੇ ਸਿਆਸੀ ਘਟਨਾਕ੍ਰਮ ‘ਤੇ ਸਿੱਧੀ ਨਜ਼ਰ ਰੱਖ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਮੁੜ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਪਾਰਟੀ ਸਾਹਮਣੇ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਚੰਨੀ ਸਮਰਥਕ ਤੇ ਸੀਨੀਅਰ ਆਗੂਆਂ ਦੀ ਨਾਰਾਜ਼ਗੀ ਦੂਰ ਕਰਨਾ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਾ ਹੱਲ ਕੱਢਣਾ ਹੈ।

Follow Us