ਪੰਜਾਬ BJP ਸੰਗਠਨ ‘ਚ ਚੋਣਾਂ ਤੋਂ ਪਹਿਲਾ ਵੱਡਾ ਫੇਰਬਦਲ, OBC ਮੋਰਚਾ ਦੇ ਜ਼ਿਲ੍ਹਾ ਇੰਚਾਰਜਾਂ ਤੇ ਕੋ-ਇੰਚਾਰਜਾਂ ਦਾ ਐਲਾਨ
ਪੰਜਾਬ ਭਾਜਪਾ ਓ.ਬੀ.ਸੀ. ਮੋਰਚੇ ਨੇ ਸੂਬੇ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ 33 ਜ਼ਿਲ੍ਹਿਆਂ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਸੂਬਾ ਪ੍ਰਧਾਨ ਸ਼ਿਵਰਾਜ ਚੌਧਰੀ ਵੱਲੋਂ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਸਮੇਤ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਜ਼ਮੀਨੀ ਪੱਧਰ 'ਤੇ ਪਾਰਟੀ ਦਾ ਆਧਾਰ ਮਜ਼ਬੂਤ ਹੋ ਸਕੇ।
ਪੰਜਾਬ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਚੁਸਤ-ਦਰੁਸਤ ਕਰਨ ਦੇ ਮੰਤਵ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਓ.ਬੀ.ਸੀ. (ਪਛੜੀਆਂ ਸ਼੍ਰੇਣੀਆਂ) ਮੋਰਚੇ ਦੇ ਜ਼ਿਲ੍ਹਾ ਪੱਧਰੀ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਪੰਜਾਬ ਓ.ਬੀ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਰਾਜ ਚੌਧਰੀ ਵੱਲੋਂ ਐਲਾਨੀ ਗਈ ਇਸ ਸੂਚੀ ਵਿੱਚ ਸੂਬੇ ਦੇ ਸਮੁੱਚੇ 33 ਸੰਗਠਨਾਤਮਕ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੇ ਨਾਵਾਂ ‘ਤੇ ਮੋਹਰ ਲਗਾਈ ਗਈ ਹੈ। ਪਾਰਟੀ ਵੱਲੋਂ ਜਿੱਥੇ ਜ਼ਿਲ੍ਹਾ ਇੰਚਾਰਜਾਂ ਦੀ ਤੈਨਾਤੀ ਕੀਤੀ ਗਈ ਹੈ, ਉੱਥੇ ਹੀ ਸੰਗਠਨ ਦੇ ਕੰਮਕਾਜ ਨੂੰ ਜ਼ਮੀਨੀ ਪੱਧਰ ‘ਤੇ ਤੇਜ਼ੀ ਦੇਣ ਲਈ ਕਈ ਜ਼ਿਲ੍ਹਿਆਂ ਵਿੱਚ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ।
ਜਾਰੀ ਕੀਤੇ ਗਏ ਵੇਰਵਿਆਂ ਮੁਤਾਬਕ ਲੁਧਿਆਣਾ ਸ਼ਹਿਰੀ ਖੇਤਰ ਵਿੱਚ ਜਰਨੈਲ ਸਿੰਘ ਹੈਪੀ ਨੂੰ ਇੰਚਾਰਜ ਅਤੇ ਪਰਮਜੀਤ ਸਿੰਘ ਖਾਲਸਾ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਲੁਧਿਆਣਾ ਦਿਹਾਤੀ ਵਿੱਚ ਲਾਲ ਸਿੰਘ ਲਾਲੀ ਨੂੰ ਜ਼ਿਲ੍ਹਾ ਇੰਚਾਰਜ ਥਾਪਿਆ ਗਿਆ ਹੈ, ਜਦਕਿ ਹਰਮਿੰਦਰ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
List of District Incharge & Co-Incharge Punjab https://t.co/CbmjyoKu7B
— BJP PUNJAB (@BJP4Punjab) November 5, 2026
ਜਲੰਧਰ ਤੇ ਪਟਿਆਲਾ ‘ਚ ਜ਼ਿੰਮੇਵਾਰੀਆਂ
ਜਲੰਧਰ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਵਿੱਚ ਤਰੁਣ ਜੱਸੀ ਨੂੰ ਜਲੰਧਰ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਨਾਰਥ ਦੀ ਅਹਿਮ ਕਮਾਨ ਕਮਲਜੀਤ ਫਲੋਰਾ ਨੂੰ ਦਿੱਤੀ ਗਈ ਹੈ ਅਤੇ ਜਲੰਧਰ ਸਾਊਥ ਅੰਦਰ ਵਿਜੇ ਕੁਮਾਰ ਬਿੱਲਾ ਨੂੰ ਜ਼ਿਲ੍ਹਾ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਵਿੱਚ ਸ਼ਿਆਮ ਗੁੱਜਰ ਨੂੰ ਇੰਚਾਰਜ ਅਤੇ ਜਰਨੈਲ ਸਿੰਘ ਸੈਣੀ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਨਾਰਥ ਖੇਤਰ ਅੰਦਰ ਗੁਰਦਰਸ਼ਨ ਸੈਣੀ ਨੂੰ ਇੰਚਾਰਜ ਦੀ ਕਮਾਨ ਸੌਂਪੀ ਗਈ ਹੈ, ਜਦਕਿ ਪਟਿਆਲਾ ਸਾਊਥ ਵਿੱਚ ਤੇਜਿੰਦਰ ਕੌਰ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ
ਮਾਲਵਾ ਤੇ ਮਾਝਾ ਇਕਾਈਆਂ ਦਾ ਐਲਾਨ
ਸੂਬਾ ਪ੍ਰਧਾਨ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੰਮ੍ਰਿਤਸਰ ਵਿੱਚ ਸੰਦੀਪ ਵਰਮਾ ਨੂੰ ਅਤੇ ਅੰਮ੍ਰਿਤਸਰ-2 ਵਿੱਚ ਜਸਮੀਤ ਆਹਲੂਵਾਲੀਆ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਮਾਲਵਾ ਖੇਤਰ ਦੇ ਬਠਿੰਡਾ ਦਿਹਾਤੀ ਵਿੱਚ ਪਵਨ ਯਾਦਵ ਨੂੰ ਓ.ਬੀ.ਸੀ. ਮੋਰਚੇ ਦੀ ਵਾਗਡੋਰ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਮਲੇਰਕੋਟਲਾ ਜ਼ਿਲ੍ਹੇ ਵਿੱਚ ਅਨਿਲ ਪਾਲ ਨੂੰ ਇੰਚਾਰਜ ਬਣਾਇਆ ਗਿਆ ਹੈ, ਜਦਕਿ ਮੁਹਾਲੀ (ਐੱਸ.ਏ.ਐੱਸ. ਨਗਰ) ਦੀ ਜ਼ਿੰਮੇਵਾਰੀ ਸੰਦੀਪ ਭਾਟੀਆ ਨੂੰ ਦਿੱਤੀ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਵਿੱਚ ਸੰਗਰੂਰ-1 ਲਈ ਪਰਵਿੰਦਰ ਸਿੰਘ ਖੁਰਮੀ ਅਤੇ ਸੰਗਰੂਰ-2 ਲਈ ਪ੍ਰਦੀਪ ਚੌਧਰੀ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਲੀਡਰਸ਼ਿਪ ਮੁਤਾਬਕ ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਪੰਜਾਬ ਅੰਦਰ ਓ.ਬੀ.ਸੀ. ਵਰਗ ਨੂੰ ਲਾਮਬੰਦ ਕਰਨ ਅਤੇ ਸੰਗਠਨ ਦੇ ਆਧਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੱਡੀ ਮਦਦ ਮਿਲੇਗੀ।


