ਪੇਪਰ ਲੀਕ ਤੇ ਲਾਠੀਚਾਰਜ ਮੁੱਦੇ ‘ਤੇ ਬੋਲੇ ਮਨੀਸ਼ ਸਿਸੋਦੀਆ, ਝਾਰਖੰਡ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ
ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਜਲੰਧਰ ਦੌਰੇ 'ਤੇ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਨੇ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਇੱਕ ਮਹੱਤਵਪੂਰਨ ਸੰਗਠਨਾਤਮਕ ਬੈਠਕ ਕੀਤੀ। ਬੈਠਕ ਦੌਰਾਨ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ 'ਤੇ ਚਰਚਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਦੇਸ਼ ਦੇ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਜਲੰਧਰ ਦੌਰੇ ‘ਤੇ ਪਹੁੰਚੇ। ਇੱਥੇ ਪਹੁੰਚਣ ‘ਤੇ ਉਨ੍ਹਾਂ ਨੇ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਇੱਕ ਮਹੱਤਵਪੂਰਨ ਸੰਗਠਨਾਤਮਕ ਬੈਠਕ ਕੀਤੀ। ਬੈਠਕ ਦੌਰਾਨ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ ‘ਤੇ ਚਰਚਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਦੇਸ਼ ਦੇ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੀ ਕੜੀ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ।
ਵਿਦਿਆਰਥੀ ਦੇਸ਼ ਦਾ ਭਵਿੱਖ, ਸੁਣੀਆਂ ਜਾਣ ਮੰਗਾਂ
ਮੀਡੀਆ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚਾਹੇ ਵਿਦਿਆਰਥੀ ਗੁਜਰਾਤ ਦੇ ਹੋਣ, ਰਾਜਸਥਾਨ ਦੇ, ਹਰਿਆਣਾ ਦੇ ਜਾਂ ਫਿਰ ਝਾਰਖੰਡ ਦੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਿੱਚ ਹੋਈਆਂ ਪੇਪਰ ਲੀਕ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੱਥੇ ਵੀ ਅਜਿਹੀਆਂ ਗੜਬੜੀਆਂ ਹੋ ਰਹੀਆਂ ਹਨ, ਉੱਥੇ ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਪੱਖ ਸੁਣਨਾ ਬਹੁਤ ਜ਼ਰੂਰੀ ਹੈ।
ਸਿਸੋਦੀਆ ਨੇ ਮੀਡੀਆ ਨੂੰ ਵੀ ਅਪੀਲ ਕਰਦਿਆਂ ਕਿਹਾ, “ਮੇਰਾ ਟੀਵੀ ਅਤੇ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਵਿਸ਼ੇਸ਼ ਧਿਰ ਦਾ ਪੱਖ ਪੂਰਨ ਦੀ ਬਜਾਏ ਸਾਰੇ ਵਿਦਿਆਰਥੀਆਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇ। ਚਾਹੇ ਅਸੀਂ ਹਾਂ, ਸਰਕਾਰ ਹੋਵੇ ਜਾਂ ਵਿਰੋਧੀ ਧਿਰ ਸਭ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਹਨ ਅਤੇ ਇਸ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਜਾਂ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ।”
ਝਾਰਖੰਡ ਸਰਕਾਰ ਵਿਦਿਆਰਥੀਆਂ ਨਾਲ ਕਰ ਰਹੀ ਹੈ ਧੱਕਾ
ਝਾਰਖੰਡ ਸਰਕਾਰ ਦੇ ਰਵੱਈਏ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ‘ਆਪ’ ਆਗੂ ਨੇ ਕਿਹਾ ਕਿ ਝਾਰਖੰਡ ਸਰਕਾਰ ਵਿਦਿਆਰਥੀਆਂ ਨਾਲ ਬਹੁਤ ਗ਼ਲਤ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਹੋਵੇ, ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਵਿਦਿਆਰਥੀਆਂ ‘ਤੇ ਲਾਠੀਆਂ ਚਲਾਉਣਾ ਬਿਲਕੁਲ ਨਿੰਦਣਯੋਗ ਅਤੇ ਗ਼ਲਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦਿਆਰਥੀ ਆਪਣੇ ਲਈ ਕਿਸੇ ਨਿੱਜੀ ਲਾਭ ਦੀ ਮੰਗ ਨਹੀਂ ਕਰ ਰਹੇ, ਸਗੋਂ ਉਹ ਦੇਸ਼ ਦੇ ਫੇਲ੍ਹ ਹੋ ਚੁੱਕੇ ਸਿਸਟਮ ਵਿੱਚ ਸੁਧਾਰ ਦੀ ਗੱਲ ਕਰ ਰਹੇ ਹਨ, ਜਿਸ ਨੂੰ ਸੁਣਨਾ ਸਰਕਾਰ ਦਾ ਫ਼ਰਜ਼ ਬਣਦਾ ਹੈ।
ਭਾਜਪਾ-ਅਕਾਲੀ ਦਲ ਗਠਜੋੜ ‘ਤੇ ਤਨਜ਼
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਗਠਜੋੜ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਨੀਸ਼ ਸਿਸੋਦੀਆ ਨੇ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਦੋ-ਮੂੰਹੀ ਨਹੀਂ, ਸਗੋਂ ਬਹੁ-ਮੂੰਹੀ ਪਾਰਟੀ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਸੀ ਮਾਮਲਾ ਹੈ, ਉਹ ਜਿਵੇਂ ਮਰਜ਼ੀ ਚੋਣ ਲੜਨ, ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਦਮ ‘ਤੇ ਜਨਤਾ ਦੇ ਵਿੱਚ ਹੈ।


