ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਸਿਆਸੀ ਸਮੀਕਰਨ, ਵਿਧਾਇਕ ਗੋਲਡੀ ਦੇ ਵਿਕਾਸ ਦਾਅਵੇ ਬਨਾਮ ਵਿਰੋਧੀਆਂ ਦੇ ਸਵਾਲ; ਜਾਣੋ ਅਣਸੁਲਝੇ ਮੁੱਦੇ
ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਚੁੱਕੀਆਂ ਹਨ। ਸੂਬੇ ਦੀਆਂ ਚਾਰੇ ਪ੍ਰਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ (ਆਪ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ)—ਦੇ ਆਗੂਆਂ ਨੇ ਜ਼ਮੀਨੀ ਪੱਧਰ ਤੇ ਆਪਣੀ ਸਰਗਰਮੀ ਵਧਾ ਦਿੱਤੀ ਹੈ।
ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਚੁੱਕੀਆਂ ਹਨ। ਸੂਬੇ ਦੀਆਂ ਚਾਰੇ ਪ੍ਰਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ (ਆਪ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੇ ਜ਼ਮੀਨੀ ਪੱਧਰ ਤੇ ਆਪਣੀ ਸਰਗਰਮੀ ਵਧਾ ਦਿੱਤੀ ਹੈ।
ਸਿਆਸੀ ਮਾਹਿਰਾਂ ਅਨੁਸਾਰ ਆਉਣ ਵਾਲੀਆਂ ਚੋਣਾਂ ਦੌਰਾਨ ਇੱਥੇ ਬੇਹੱਦ ਰੋਚਕ ਅਤੇ ਚੌਤਰਫ਼ਾ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ। ਸਾਰੀਆਂ ਪਾਰਟੀਆਂ ਦੇ ਆਗੂ ਲੋਕਾਂ ਦੇ ਦਰ-ਦਰ ਪਹੁੰਚ ਕੇ ਰਾਬਤਾ ਕਾਇਮ ਕਰ ਰਹੇ ਹਨ, ਜਦਕਿ ਮੌਜੂਦਾ ਆਪ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਧੂਰੇ ਵਿਕਾਸ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਤੇ ਜ਼ੋਰ ਦੇ ਰਹੇ ਹਨ। ਦੂਜੇ ਪਾਸੇ, ਸਾਰੀਆਂ ਸਿਆਸੀ ਧਿਰਾਂ ਜੇਤੂ ਸਮੀਕਰਨਾਂ ਵਾਲੇ ਉਮੀਦਵਾਰਾਂ ਦੀ ਭਾਲ ਵਿੱਚ ਜੁਟ ਗਈਆਂ ਹਨ।
ਟਿਕਟਾਂ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਕਈ ਵੱਡੇ ਚਿਹਰੇ ਸ਼ਾਮਲ
ਚੋਣ ਮੈਦਾਨ ਵਿੱਚ ਉੱਤਰਨ ਲਈ ਹਰ ਪਾਰਟੀ ਅੰਦਰ ਦਾਅਵੇਦਾਰਾਂ ਦੀ ਲੰਮੀ ਸੂਚੀ ਦੇਖਣ ਨੂੰ ਮਿਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਤਿੰਦਰਜੀਤ ਸਿੰਘ ਮੰਟਾ ਅਤੇ ਡਾਕਟਰ ਰਾਜ ਸਿੰਘ ਡਿੱਬੀਪੁਰਾ ਪ੍ਰਮੁੱਖ ਦਾਅਵੇਦਾਰਾਂ ਵਜੋਂ ਉੱਭਰ ਰਹੇ ਹਨ। ਕਾਂਗਰਸ ਪਾਰਟੀ ਵਿੱਚੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ, ਸਾਬਕਾ ਮੰਤਰੀ ਹੰਸਰਾਜ ਜੋਸਨ ਅਤੇ ਰਾਜ ਬਖ਼ਸ਼ ਕੰਬੋਜ ਦੇ ਨਾਂ ਸਿਆਸੀ ਚਰਚਾ ਦਾ ਕੇਂਦਰ ਬਣੇ ਹੋਏ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ, ਹਾਲਾਂਕਿ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਕਚੂਰਾ ਵੀ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਕਾ ਕੰਬੋਜ ਅਤੇ ਪੂਰਨ ਸਿੰਘ ਮੁਜੈਦੀਆ ਦੇ ਨਾਂ ਪ੍ਰਮੁੱਖ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਹੇ ਹਨ।
ਜਲਾਲਾਬਾਦ ਦਾ ਚੋਣ ਇਤਿਹਾਸ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ ਗੋਲਡੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 91,455 ਵੋਟਾਂ (52.95 ਫ਼ੀਸਦੀ) ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 30,930 ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾਇਆ ਸੀ। ਸੁਖਬੀਰ ਸਿੰਘ ਬਾਦਲ ਨੂੰ 60,525 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸ ਦੇ ਮੋਹਨ ਸਿੰਘ ਨੂੰ 8,771 ਅਤੇ ਭਾਜਪਾ ਦੇ ਪੂਰਨ ਚੰਦ ਨੂੰ 5,418 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਉਸ ਚੋਣ ਵਿੱਚ ਕੁੱਲ 2,13,416 ਰਜਿਸਟਰਡ ਵੋਟਰਾਂ ਵਿੱਚੋਂ 1,70,107 ਵੋਟਾਂ ਪੋਲ ਹੋਈਆਂ ਸਨ, ਜੋ ਕਿ ਲਗਭਗ 79.71 ਫ਼ੀਸਦੀ ਮਤਦਾਨ ਰਿਹਾ।
ਇਸ ਤੋਂ ਪਹਿਲਾਂ, ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਹ ਸੀਟ ਬਰਕਰਾਰ ਰੱਖੀ ਸੀ। ਉਨ੍ਹਾਂ ਨੇ 75,271 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ (56,771 ਵੋਟਾਂ) ਨੂੰ 18,500 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਜਦਕਿ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 31,539 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਸਨ। ਸਾਲ 2012 ਦੀਆਂ ਚੋਣਾਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ 80,647 ਵੋਟਾਂ ਪ੍ਰਾਪਤ ਕਰਕੇ 50,246 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ, ਜਦੋਂ ਕਿ ਆਜ਼ਾਦ ਉਮੀਦਵਾਰ ਹੰਸਰਾਜ ਜੋਸਨ ਦੂਜੇ ਨੰਬਰ ਤੇ ਰਹੇ ਸਨ।
ਇਹ ਵੀ ਪੜ੍ਹੋ
ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਅਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ
ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 13.48 ਕਰੋੜ ਰੁਪਏ ਦੀ ਲਾਗਤ ਵਾਲਾ ਸ਼ਹੀਦ ਊਧਮ ਸਿੰਘ ਮਾਰਗ ਬਾਈਪਾਸ ਅਤੇ 42 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਤਹਿਸੀਲ ਦੀ ਇਮਾਰਤ, ਸਿਵਲ ਹਸਪਤਾਲ ਦਾ ਅਪਗ੍ਰੇਡੇਸ਼ਨ, ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ ਅਤੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਵਿਧਾਇਕ ਅਨੁਸਾਰ ਹਲਕੇ ਅੰਦਰ 326 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਗਈਆਂ, 110 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਖਾਲ ਪੱਕੇ ਕੀਤੇ ਗਏ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ ਮੌਜ਼ਮ ਡਰੇਨ ਪੁਲ ਤਿਆਰ ਕਰਵਾਇਆ ਗਿਆ। ਇਸ ਤੋਂ ਇਲਾਵਾ 40 ਖੇਡ ਸਟੇਡੀਅਮ, 20 ਜਿੰਮ, ਲਾਇਬ੍ਰੇਰੀਆਂ ਅਤੇ ਪਾਰਕ ਬਣਾਉਣ ਦੇ ਦਾਅਵੇ ਵੀ ਕੀਤੇ ਗਏ ਹਨ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਨੇ ਵਿਧਾਇਕ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਅਨੇਜਾ ਨੇ ਦੋਸ਼ ਲਾਇਆ ਕਿ ਹਲਕੇ ਅੰਦਰ ਜ਼ਮੀਨੀ ਪੱਧਰ ਤੇ ਕੋਈ ਨਵਾਂ ਵਿਕਾਸ ਕਾਰਜ ਨਹੀਂ ਹੋਇਆ, ਸਗੋਂ ਆਪ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਤੱਕ ਸੀਮਤ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਫ਼ੰਡਾਂ ਦੀ ਭਾਰੀ ਘਾਟ ਕਾਰਨ ਕੰਮ ਅਧੂਰੇ ਪਏ ਹਨ ਅਤੇ ਸੜਕਾਂ ਦੀ ਹਾਲਤ ਬਦਤਰ ਬਣੀ ਹੋਈ ਹੈ।
ਜਨਤਾ ਦੀਆਂ ਅਣਸੁਲਝੀਆਂ ਮੁਸ਼ਕਲਾਂ ਅਤੇ ਬੁਨਿਆਦੀ ਮੁੱਦੇ
ਜਲਾਲਾਬਾਦ ਹਲਕੇ ਅੰਦਰ ਬੁਨਿਆਦੀ ਸਹੂਲਤਾਂ ਦੀ ਮਾੜੀ ਹਾਲਤ ਚੋਣਾਂ ਦਾ ਮੁੱਖ ਮੁੱਦਾ ਬਣੀ ਹੋਈ ਹੈ। ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਸੀਵਰੇਜ ਵਿਵਸਥਾ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਗਲੀਆਂ-ਮੁਹੱਲਿਆਂ ਵਿੱਚ ਗੰਦਾ ਪਾਣੀ ਭਰਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਵੀ ਲਗਾਤਾਰ ਬਣੀ ਹੋਈ ਹੈ। ਹਲਕੇ ਵਿੱਚੋਂ ਲੰਘਦੀ ਮੁੱਖ ਜੀਟੀ ਰੋਡ ਲੰਮੇ ਸਮੇਂ ਤੋਂ ਟੁੱਟ-ਭੱਜ ਦਾ ਸ਼ਿਕਾਰ ਹੈ, ਜਿਸ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਡਾਢੇ ਦੁਖੀ ਹਨ। ਸੜਕ ਦੀ ਖ਼ਸਤਾਹਾਲਤ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਵੱਲੋਂ ਸੜਕ ਤੇ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਬਰਸਾਤ ਦੇ ਦਿਨਾਂ ਦੌਰਾਨ ਇਹ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਚਿੱਕੜ ਭਰ ਜਾਣ ਕਾਰਨ ਪੇਂਡੂਆਂ ਦਾ ਆਉਣਾ-ਜਾਣਾ ਬੇਹੱਦ ਔਖਾ ਹੋ ਜਾਂਦਾ ਹੈ।


