ਲੁਧਿਆਣਾ ‘ਚ ਪਤੀ ਦੀ ਸ਼ਰਮਨਾਕ ਕਰਤੂਤ, ਦਾਜ ‘ਚ ਥਾਰ ਨਾ ਮਿਲਣ ‘ਤੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ; ਦੇਖੋ ਵੀਡੀਓ
ਲੁਧਿਆਣਾ ਅਧੀਨ ਪੈਂਦੇ ਜੱਸੀਆਂ ਗ੍ਰੀਨ ਇਨਕਲੇਵ ਇਲਾਕੇ ਤੋਂ ਘਰੇਲੂ ਹਿੰਸਾ ਅਤੇ ਪਤੀ ਦੀ ਬੇਰਹਿਮੀ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਸ਼ਰੇਆਮ ਸੜਕ 'ਤੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਸ਼ਰਮਨਾਕ ਘਟਨਾ ਦੀ ਪੂਰੀ ਵੀਡੀਓ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।
ਲੁਧਿਆਣਾ ਅਧੀਨ ਪੈਂਦੇ ਜੱਸੀਆਂ ਗ੍ਰੀਨ ਇਨਕਲੇਵ ਇਲਾਕੇ ਤੋਂ ਘਰੇਲੂ ਹਿੰਸਾ ਅਤੇ ਪਤੀ ਦੀ ਬੇਰਹਿਮੀ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਸ਼ਰੇਆਮ ਸੜਕ ‘ਤੇ ਆਪਣੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਸ਼ਰਮਨਾਕ ਘਟਨਾ ਦੀ ਪੂਰੀ ਵੀਡੀਓ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਪਹਿਲਾਂ ਆਪਣੀ ਪਤਨੀ ਦੇ ਥੱਪੜ ਮਾਰਦਾ ਹੈ, ਫਿਰ ਵਾਲਾਂ ਤੋਂ ਫੜ ਕੇ ਉਸ ਨੂੰ ਸੜਕ ‘ਤੇ ਪਟਕ ਦਿੰਦਾ ਹੈ ਅਤੇ ਬੇਰਹਿਮੀ ਨਾਲ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ।
ਮਹਿਲਾ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਗੁਆਂਢੀ ਤੁਰੰਤ ਘਰਾਂ ਵਿੱਚੋਂ ਬਾਹਰ ਨਿਕਲੇ ਅਤੇ ਵਿੱਚ-ਬਚਾਲ ਕਰਕੇ ਪੀੜਤਾ ਦੀ ਜਾਨ ਬਚਾਈ। ਪੀੜਤ ਮਹਿਲਾ ਨੇ ਇਸ ਘਟਨਾ ਸਬੰਧੀ ਪੁਲਿਸ ਚੌਕੀ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਸੀ.ਸੀ.ਟੀ.ਵੀ. ਫੁਟੇਜ ਸਬੂਤ ਵਜੋਂ ਸੌਂਪ ਦਿੱਤੀ ਹੈ। ਪੀੜਤਾ ਦਾ ਗੰਭੀਰ ਦੋਸ਼ ਹੈ ਕਿ ਉਸ ਦਾ ਪਤੀ ਪਹਿਲਾਂ ਥਾਰ ਗੱਡੀ ਅਤੇ ਹੁਣ ਮਹਿੰਗੀ ਬਾਈਕ ਦੀ ਮੰਗ ਨੂੰ ਲੈ ਕੇ ਉਸ ‘ਤੇ ਲਗਾਤਾਰ ਤਸ਼ੱਦਦ ਢਾਹ ਰਿਹਾ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਚੀਕ-ਚਿਹਾੜਾ ਸੁਣ ਕੇ ਬਚਾਅ ਲਈ ਆਏ ਗੁਆਂਢੀ
ਜੱਸੀਆਂ ਗ੍ਰੀਨ ਇਨਕਲੇਵ ਵਿੱਚ ਵਾਪਰੀ ਇਸ ਘਟਨਾ ਨੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਘਰੇਲੂ ਹਿੰਸਾ ਨੂੰ ਲੈ ਕੇ ਮੁੜ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੇਖਿਆ ਗਿਆ ਕਿ ਸੜਕ ‘ਤੇ ਬੇਵੱਸ ਔਰਤ ‘ਤੇ ਅੰਨ੍ਹੇਵਾਹ ਹਮਲਾ ਕੀਤਾ ਜਾ ਰਿਹਾ ਸੀ। ਮਹਿਲਾ ਦੀਆਂ ਦਰਦਨਾਕ ਚੀਕਾਂ ਸੁਣ ਕੇ ਮੁਹੱਲਾ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਗੁਆਂਢੀਆਂ ਨੇ ਦਖ਼ਲ ਦੇ ਕੇ ਮਹਿਲਾ ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਥਾਰ ਦੀ ਮੰਗ ਦੇ ਲੱਗੇ ਇਲਜ਼ਾਮ
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਦੀ ਪਛਾਣ ਟਵਿੰਕਲ ਵਜੋਂ ਹੋਈ ਹੈ, ਜੋ ਸ਼ਹਿਰ ਵਿੱਚ ਆਪਣਾ ਸੈਲੂਨ ਚਲਾਉਂਦੀ ਹੈ। ਉੱਥੇ ਹੀ ਉਸ ਦਾ ਪਤੀ ਰਿਤੀਸ਼ ਸ਼ਰਮਾ ਮੈਡੀਕਲ ਖੇਤਰ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੋਵਾਂ ਦੀ ਮੁਲਾਕਾਤ ਟਵਿੰਕਲ ਦੇ ਪਹਿਲੇ ਤਲਾਕ ਦੇ ਕੇਸ ਦੌਰਾਨ ਹੋਈ ਸੀ। ਦੋਸਤੀ ਤੋਂ ਬਾਅਦ ਦੋਹਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ਪ੍ਰੇਮ ਵਿਆਹ ਕਰਵਾ ਲਿਆ ਸੀ ਅਤੇ ਜੱਸੀਆਂ ਗ੍ਰੀਨ ਇਨਕਲੇਵ ਵਿਖੇ ਰਹਿਣ ਲੱਗ ਪਏ ਸਨ।
ਟਵਿੰਕਲ ਨੇ ਦੋਸ਼ ਲਾਇਆ ਕਿ ਵਿਆਹ ਦੇ ਮਹਿਜ਼ ਤਿੰਨ ਮਹੀਨੇ ਬਾਅਦ ਹੀ ਰਿਤੀਸ਼ ਨੇ ਦਾਜ ਵਜੋਂ ਥਾਰ ਗੱਡੀ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਇਸ ਮੰਗ ਕਾਰਨ ਦੋਵਾਂ ਵਿਚਾਲੇ ਅਕਸਰ ਝਗੜਾ ਰਹਿਣ ਲੱਗਾ। ਮਾਮਲਾ ਗੰਭੀਰ ਹੁੰਦਾ ਦੇਖ ਇੱਕ ਵਿਚੋਲੇ ਰਾਹੀਂ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਇਆ ਗਿਆ, ਜਿਸ ਕਾਰਨ ਕੁਝ ਸਮਾਂ ਮਾਹੌਲ ਸ਼ਾਂਤ ਰਿਹਾ।
ਇਹ ਵੀ ਪੜ੍ਹੋ
ਬਚਾਅ ਲਈ ਗੁਆਂਢੀਆਂ ਦੇ ਘਰ ਵੱਲ ਭੱਜੀ ਸੀ ਪੀੜਤਾ
ਪੀੜਤਾ ਅਨੁਸਾਰ, ਥਾਰ ਦੀ ਮੰਗ ਤੋਂ ਕੁਝ ਮਹੀਨਿਆਂ ਬਾਅਦ ਰਿਤੀਸ਼ ਨੇ ਹੁਣ ਮਹਿੰਗੀ ਸਪੋਰਟਸ ਬਾਈਕ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਵਾਲੇ ਦਿਨ ਬਾਈਕ ਨੂੰ ਲੈ ਕੇ ਘਰ ਵਿੱਚ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਟਵਿੰਕਲ ਆਪਣੀ ਜਾਨ ਬਚਾਉਣ ਲਈ ਬਾਹਰ ਗੁਆਂਢੀਆਂ ਦੇ ਘਰ ਵੱਲ ਭੱਜੀ। ਪਰ ਮੁਲਜ਼ਮ ਪਤੀ ਪਿੱਛਾ ਕਰਦਾ ਹੋਇਆ ਉੱਥੇ ਵੀ ਪਹੁੰਚ ਗਿਆ ਅਤੇ ਉਸ ਨੇ ਸੜਕ ‘ਤੇ ਹੀ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਸਾਰੀ ਵਾਰਦਾਤ ਗਲੀ ਵਿੱਚ ਲੱਗੇ ਨਿਗਰਾਨ ਕੈਮਰੇ ਵਿੱਚ ਰਿਕਾਰਡ ਹੋ ਗਈ।
ਜਗਤਪੁਰੀ ਪੁਲਿਸ ਚੌਕੀ ‘ਚ ਸ਼ਿਕਾਇਤ ਦਰਜ
ਪੀੜਤ ਮਹਿਲਾ ਨੇ ਥਾਣਾ ਜਗਤਪੁਰੀ ਅਧੀਨ ਆਉਂਦੀ ਪੁਲਿਸ ਚੌਕੀ ਵਿਖੇ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਹਵਾਲੇ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵੀਡੀਓ ਫੁਟੇਜ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿੱਚ ਜਿੱਥੇ ਆਪਸੀ ਸਤਿਕਾਰ ਅਤੇ ਸੁਰੱਖਿਆ ਦੀ ਆਸ ਕੀਤੀ ਜਾਂਦੀ ਹੈ, ਉੱਥੇ ਦਾਜ ਦੇ ਲੋਭ ਕਾਰਨ ਵਾਪਰੀ ਇਸ ਘਟਨਾ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ।


