ਇੰਨੀ ਸ਼ਰਾਬ ਪੀਣ ਵਾਲਾ ਕੀ ਜ਼ਿੰਦਾ ਰਹਿੰਦਾ? ਵਿਰੋਧੀਆਂ ਦੇ ਇਲਜ਼ਾਮਾਂ ‘ਤੇ CM ਮਾਨ ਨੇ ਦਿੱਤੀ ਸਫ਼ਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀਣ ਦੇ ਲਗਾਏ ਜਾ ਰਹੇ ਦੋਸ਼ਾਂ 'ਤੇ ਵਿਰੋਧੀ ਪਾਰਟੀਆਂ ਨੂੰ ਤਿੱਖਾ ਜਵਾਬ ਦਿੱਤਾ ਹੈ। TV9 ਦੇ ਵਿਸ਼ੇਸ਼ ਪ੍ਰੋਗਰਾਮ ਸੱਤਾ ਸੰਮੇਲਨ-ਪੰਜਾਬ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਲਗਾਤਾਰ ਉਨ੍ਹਾਂ 'ਤੇ ਸ਼ਰਾਬ ਪੀਣ ਦੇ ਇਲਜ਼ਾਮ ਲਗਾ ਰਹੇ ਹਨ, ਪਰ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀਣ ਦੇ ਲਗਾਏ ਜਾ ਰਹੇ ਦੋਸ਼ਾਂ ‘ਤੇ ਵਿਰੋਧੀ ਪਾਰਟੀਆਂ ਨੂੰ ਤਿੱਖਾ ਜਵਾਬ ਦਿੱਤਾ ਹੈ। TV9 ਦੇ ਵਿਸ਼ੇਸ਼ ਪ੍ਰੋਗਰਾਮ ਸੱਤਾ ਸੰਮੇਲਨ-ਪੰਜਾਬ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਲਗਾਤਾਰ ਉਨ੍ਹਾਂ ‘ਤੇ ਸ਼ਰਾਬ ਪੀਣ ਦੇ ਇਲਜ਼ਾਮ ਲਗਾ ਰਹੇ ਹਨ, ਪਰ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ। ਭਗਵੰਤ ਮਾਨ ਨੇ ਸਵਾਲ ਉਠਾਇਆ ਕਿ ਜੇਕਰ ਕੋਈ ਵਿਅਕਤੀ 12 ਸਾਲਾਂ ਤੱਕ 24 ਘੰਟੇ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਹੈ, ਤਾਂ ਕੀ ਉਹ ਜ਼ਿੰਦਾ ਰਹਿ ਸਕਦਾ ਹੈ? ਉਨ੍ਹਾਂ ਕਿਹਾ ਕਿ ਉਹ ਅੱਜ ਵੀ ਲਗਾਤਾਰ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਦੇਸ਼ ਦੇ ਸਭ ਤੋਂ ਵੱਧ ਰੁੱਝੇ ਹੋਏ ਮੁੱਖ ਮੰਤਰੀਆਂ ਵਿੱਚੋਂ ਇੱਕ ਹਨ।
ਜਦੋਂ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਨਸ਼ਾ ਮੁਕਤੀ ਮੁਹਿੰਮ ਦੀ ਗੱਲ ਹੋਣ ‘ਤੇ ਵਿਰੋਧੀ ਧਿਰ ਉਨ੍ਹਾਂ ‘ਤੇ ਹੀ ਸ਼ਰਾਬ ਪੀਣ ਦੇ ਦੋਸ਼ ਲਗਾਉਂਦੀ ਹੈ, ਤਾਂ ਉਨ੍ਹਾਂ ਕਿਹਾ, “ਮੈਂ ਇਸ ਗੱਲ ਦਾ ਬਹੁਤ ਵਾਰ ਜਵਾਬ ਦੇ ਚੁੱਕਾ ਹਾਂ। 2014 ਤੋਂ ਮੇਰੇ ਪਿੱਛੇ ਪਏ ਹੋਏ ਹਨ, ਹੁਣ ਤਾਂ 12 ਸਾਲ ਹੋ ਗਏ ਹਨ—ਅਕਾਲੀ ਦਲ ਵੀ, ਕਾਂਗਰਸ ਵੀ ਤੇ ਭਾਜਪਾ ਵੀ। ਇਸ ਦੌਰਾਨ ਮੈਂ ਦੋ ਵਾਰ ਸੰਸਦ ਮੈਂਬਰ ਬਣ ਗਿਆ ਅਤੇ ਤੀਜੀ ਵਾਰ ਮੁੱਖ ਮੰਤਰੀ ਬਣ ਗਿਆ। ਲੋਕਾਂ ਵੱਲੋਂ ਤਾਂ ਮੈਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ, ਬੱਸ ਇਹੀ ਬੋਲਦੇ ਰਹਿੰਦੇ ਹਨ ਕਿ ਭਗਵੰਤ ਮਾਨ ਹਰ ਵੇਲੇ ਸ਼ਰਾਬ ਵਿੱਚ ਟੱਲੀ ਰਹਿੰਦਾ ਹੈ।”
ਉਨ੍ਹਾਂ ਅੱਗੇ ਕਿਹਾ, “ਤੁਸੀਂ ਹੀ ਦੱਸ ਦਿਓ, ਇੱਥੇ ਇੰਨੇ ਲੋਕ ਬੈਠੇ ਹਨ। ਤੁਹਾਡਾ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰ ਜੋ 12 ਸਾਲਾਂ ਤੋਂ 24 ਘੰਟੇ ਦਾਰੂ ਵਿੱਚ ਟੱਲੀ ਰਹਿੰਦਾ ਹੋਵੇ, ਉਹ ਜ਼ਿੰਦਾ ਹੈ? ਫਿਰ ਮੈਂ ਕਿਹੜੀ ਮੰਡੀ ਤੋਂ ਲੋਹੇ ਦਾ ਲੀਵਰ ਲਗਵਾਇਆ ਹੋਇਆ ਹੈ? ਮੈਂ ਤਾਂ ਅਜੇ ਵੀ ਤੁਹਾਡੇ ਸਾਹਮਣੇ ਬੈਠ ਕੇ ਕੰਮ ਕਰ ਰਿਹਾ ਹਾਂ।”
ਹਰ ਰੋਜ਼ ਤਿੰਨ ਪ੍ਰੋਗਰਾਮ ਕਰਦਾ ਹਾਂ: CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਰੋਜ਼ਾਨਾ ਕਈ ਜਨਤਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹਨ। ਉਨ੍ਹਾਂ ਕਿਹਾ, “ਸਭ ਤੋਂ ਵੱਧ ਬਿਜ਼ੀ ਮੁੱਖ ਮੰਤਰੀ ਮੈਂ ਹਾਂ। ਕੈਪਟਨ ਅਮਰਿੰਦਰ ਸਿੰਘ ਪੌਣੇ ਪੰਜ ਸਾਲ ਘਰੋਂ ਬਾਹਰ ਨਹੀਂ ਨਿਕਲੇ ਸਨ। ਮੈਂ ਹਰ ਰੋਜ਼ ਤਿੰਨ ਫੰਕਸ਼ਨ ਕਰਦਾ ਹਾਂ—ਕੱਲ੍ਹ ਵੀ ਜਾਵਾਂਗਾ, ਪਰਸੋਂ ਵੀ ਜਾਵਾਂਗਾ; ਕਦੇ ਮਾਝੇ ਵਿੱਚ, ਕਦੇ ਦੁਆਬੇ ਵਿੱਚ। ਜੇਕਰ ਮੈਂ ਘਰੋਂ ਨਾ ਨਿਕਲਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਧਰਤੀ ‘ਤੇ ਬੋਝ ਹਾਂ।” ਆਪਣੀ ਚੋਣ ਜਿੱਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 2014 ਵਿੱਚ ਉਹ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ ਅਤੇ 2019 ਵਿੱਚ ਮੁੜ ਚੁਣੇ ਗਏ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 117 ਵਿੱਚੋਂ 92 ਸੀਟਾਂ ਮਿਲੀਆਂ ਅਤੇ ਇਹ ਚੋਣ ਉਨ੍ਹਾਂ ਦੇ ਨਾਮ ‘ਤੇ ਹੀ ਲੜੀ ਗਈ ਸੀ।
ਮੁੱਦਿਆਂ ‘ਤੇ ਆਲੋਚਨਾ ਕਰੋ, ਹੈਲਦੀ ਕ੍ਰਿਟੀਸਿਜ਼ਮ ਦਾ ਸਵਾਗਤ ਹੈ
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਨਿੱਜੀ ਇਲਜ਼ਾਮ ਲਗਾਉਣ ਦੀ ਬਜਾਏ ਪੰਜਾਬ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ, “ਪੰਜਾਬ ਵਿੱਚ ਇਹ ਕੋਈ ਮੁੱਦਾ ਹੀ ਨਹੀਂ ਹੈ। ਕੋਈ ਮੁੱਦੇ ਦੀ ਗੱਲ ਕਰੋ, ਕਿਸੇ ਮੁੱਦੇ ‘ਤੇ ਪੰਜਾਬ ਸਰਕਾਰ ਦੀ ਆਲੋਚਨਾ ਕਰੋ, ਮੈਂ ਖ਼ੁਦ ‘ਹੈਲਦੀ ਕ੍ਰਿਟੀਸਿਜ਼ਮ’ (ਸਾਰਥਕ ਆਲੋਚਨਾ) ਦਾ ਸਵਾਗਤ ਕਰਾਂਗਾ।” ਵਿਰੋਧੀਆਂ ‘ਤੇ ਨਿੱਜੀ ਹਮਲੇ ਕਰਨ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਬੱਕਰੀ ਚੋਰੀ ਕਰਨ ਅਤੇ ਮੰਜਾ ਬੁਣਨ ਵਰਗੀਆਂ ਗੱਲਾਂ ਵੀ ਕਹੀਆਂ ਜਾਂਦੀਆਂ ਹਨ, ਪਰ ਜਨਤਾ ਇਨ੍ਹਾਂ ਗੱਲਾਂ ਦੀ ਬਜਾਏ ਸਰਕਾਰ ਦਾ ਕੰਮ ਦੇਖਦੀ ਹੈ।
ਇਹ ਵੀ ਪੜ੍ਹੋ
ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਸਾਧਿਆ ਨਿਸ਼ਾਨਾ
ਸ਼ਰਾਬ ਪੀਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸੀਐੱਮ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਰੂਸਾ ਆਲਮ ਨਾਲ ਮਹਿਫ਼ਲ ਵਿੱਚ ਸ਼ਰੇਆਮ ਪੈੱਗ ਪੀਂਦੇ ਸਨ, ਪਰ ਉਸ ਸਮੇਂ ਇਸ ਨੂੰ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ, “ਉਦੋਂ ਉਹ ਵਾਲੀ ਗੱਲ ਠੀਕ ਸੀ ਕਿਉਂਕਿ ਉਹ ਰਾਜੇ-ਮਹਾਰਾਜੇ ਹਨ, ਉਨ੍ਹਾਂ ਦਾ ਸਭ ਠੀਕ ਹੈ। ਅਸੀਂ ਆਮ ਘਰਾਂ ਦੇ ਮੁੰਡੇ ਹਾਂ, ਇਸੇ ਲਈ ਸਾਨੂੰ ਬਦਨਾਮ ਕਰਨ ਦਾ ਛੇਤੀ ਮੌਕਾ ਮਿਲ ਜਾਂਦਾ ਹੈ।”
ਕਾਂਗਰਸ ‘ਤੇ ਸੀਐੱਮ ਭਗਵੰਤ ਮਾਨ ਦਾ ਤੰਜ਼
ਸੀਐੱਮ ਭਗਵੰਤ ਮਾਨ ਨੇ ਕਾਂਗਰਸ ਪਾਰਟੀ ‘ਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵਿਚਾਲੇ ਆਪਸੀ ਤਾਲਮੇਲ ਹੀ ਨਹੀਂ ਹੈ। ਮਾਨ ਨੇ ਤੰਜ਼ ਕੱਸਦਿਆਂ ਕਿਹਾ, “ਰੰਧਾਵਾ ਦੀ ਬਾਜਵਾ ਨਾਲ ਨਹੀਂ ਬਣਦੀ, ਬਾਜਵਾ ਦੀ ਵੜਿੰਗ ਨਾਲ ਨਹੀਂ ਬਣਦੀ, ਵੜਿੰਗ ਦੀ ਚੰਨੀ ਨਾਲ ਨਹੀਂ ਬਣਦੀ ਅਤੇ ਚੰਨੀ ਦੀ ਨਵਜੋਤ ਸਿੱਧੂ ਨਾਲ ਨਹੀਂ ਬਣਦੀ। ਨਵਜੋਤ ਸਿੱਧੂ ਨਾਲ ਤਾਂ ਕਿਸੇ-ਕਿਸੇ ਦੀ ਨਹੀਂ ਬਣਦੀ, ਉਹ ਤਾਂ ਵੈਸੇ ਹੀ ਕਟਕ-ਫਟਕ ਹਨ।” ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਇਸ ਵੇਲੇ ਸੱਤ ਮੁੱਖ ਮੰਤਰੀ ਹਨ—ਅਜਿਹਾ ਲੱਗਦਾ ਹੈ ਜਿਵੇਂ ਰਾਜਪਾਲ ਨੇ ਸਾਰਿਆਂ ਨੂੰ ਬੁਲਾ ਰੱਖਿਆ ਹੋਵੇ ਕਿ ਆ ਜਾਓ, ਕੌਣ ਮੁੱਖ ਮੰਤਰੀ ਬਣੇਗਾ? ਮਾਨ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਪਹਿਲਾਂ ਕਾਂਗਰਸ 60 ਸੀਟਾਂ ਜਿੱਤ ਕੇ ਦਿਖਾਵੇ ਅਤੇ ਜਨਤਾ ਵਿਚਾਲੇ ਜਾ ਕੇ ਦੇਖੇ ਕਿ ਲੋਕ ਉਸ ਬਾਰੇ ਕੀ ਕਹਿੰਦੇ ਹਨ।


