ਸੰਗਰੂਰ ਰੈਲੀ ‘ਚ ਛਾਏ ਚੰਨੀ! ਰਾਹੁਲ ਤੇ ਖੜਗੇ ਦੇ ਮੁਕਾਬਲੇ ਸਮਰਥਕਾਂ ‘ਚ ਵੱਧ ਦਿਖਿਆ ਉਤਸ਼ਾਹ
ਇਸ ਰੈਲੀ ਦੌਰਾਨ ਸਭ ਤੋਂ ਵੱਧ ਚਰਚਾ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਹੀ। ਰੈਲੀ 'ਚ ਮੌਜੂਦ ਲੋਕਾਂ ਦਾ ਉਤਸ਼ਾਹ ਦੇਖ ਕੇ ਲੱਗ ਰਿਹਾ ਸੀ ਕਿ ਉਹ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦੇ ਭਾਸ਼ਣਾਂ ਦੇ ਨਾਲ-ਨਾਲ ਚੰਨੀ ਨੂੰ ਸੁਣਨ ਲਈ ਵੀ ਖ਼ਾਸ ਤੌਰ 'ਤੇ ਉਤਾਵਲੇ ਦਿਖਾਈ ਦਿੱਤੇ।
ਬੀਤੇ ਦਿਨ 4 ਨਵੰਬਰ ਨੂੰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ‘ਚ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਬੀਤੇ ਦਿਨ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਪਹੁੰਚੀ, ਜਿੱਥੇ ਸੰਗਰੂਰ ‘ਚ ‘ਇਨਸਾਫ਼ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ‘ਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਏ। ਦੋਵਾਂ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਦੇਸ਼ ਦੀ ਤਰੱਕੀ ਤੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ।
ਹਾਲਾਂਕਿ, ਇਸ ਰੈਲੀ ਦੌਰਾਨ ਸਭ ਤੋਂ ਵੱਧ ਚਰਚਾ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਹੀ। ਰੈਲੀ ‘ਚ ਮੌਜੂਦ ਲੋਕਾਂ ਦਾ ਉਤਸ਼ਾਹ ਦੇਖ ਕੇ ਲੱਗ ਰਿਹਾ ਸੀ ਕਿ ਉਹ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦੇ ਭਾਸ਼ਣਾਂ ਦੇ ਨਾਲ-ਨਾਲ ਚੰਨੀ ਨੂੰ ਸੁਣਨ ਲਈ ਵੀ ਖ਼ਾਸ ਤੌਰ ‘ਤੇ ਉਤਾਵਲੇ ਦਿਖਾਈ ਦਿੱਤੇ। ਕਈ ਮੌਕਿਆਂ ‘ਤੇ ਚੰਨੀ ਦਾ ਨਾਮ ਲਏ ਜਾਣ ‘ਤੇ ਹੀ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਮੁਕਾਬਲੇ ਚੰਨੀ ਦਾ ਪ੍ਰਭਾਵ ਵਧੇਰੇ ਨਜ਼ਰ ਆਇਆ।
ਚੰਨੀ ਦਾ ਨਾਮ ਸੁਣਦੇ ਹੀ ਸਮਰਥਕਾਂ ਨੇ ਲਗਾਏ ਨਾਅਰੇ
ਰੈਲੀ ਦੌਰਾਨ ਜਦੋਂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਤੇ ਹੋਰ ਸੀਨੀਅਰ ਆਗੂ ਆਪਣੇ ਸੰਬੋਧਨਾਂ ‘ਚ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕਰਦੇ ਸਨ ਤਾਂ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾਂਦੀ ਸੀ। ਇਸ ਤੋਂ ਸਿਆਸੀ ਹਲਕਿਆਂ ‘ਚ ਚੰਨੀ ਦੀ ਲੋਕਪ੍ਰਿਯਤਾ ਤੇ ਸਮਰਥਕਾਂ ਵਿਚਕਾਰ ਉਨ੍ਹਾਂ ਦੀ ਪਕੜ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
ਜਦੋਂ ਚੰਨੀ ਨੂੰ ਮੰਚ ਤੋਂ ਸੰਬੋਧਨ ਕਰਨ ਦਾ ਮੌਕਾ ਮਿਲਿਆ ਤਾਂ ਸਮਰਥਕਾਂ ‘ਚ ਸਭ ਤੋਂ ਵੱਧ ਜੋਸ਼ ਦੇਖਣ ਨੂੰ ਮਿਲਿਆ। ਚੰਨੀ ਨੇ ਵੀ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਲਗਾਏ ਜਾਂਦੇ ਨਾਅਰੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।
ਤਿੰਨ ਮਹੀਨਿਆਂ ਦੇ ਮੁੱਖ ਮੰਤਰੀ ਕਾਰਜਕਾਲ ਦੀਆਂ ਗਿਣਵਾਈਆਂ ਪ੍ਰਾਪਤੀਆਂ
ਆਪਣੇ ਸੰਬੋਧਨ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਥੋੜ੍ਹੇ ਜਿਹੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਕਈ ਅਹਿਮ ਫ਼ੈਸਲੇ ਲਏ।
ਇਹ ਵੀ ਪੜ੍ਹੋ
ਚੰਨੀ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਾਣੀ ਤੇ ਬਿਜਲੀ ਦੇ ਬਿੱਲਾਂ ‘ਚ ਰਾਹਤ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚ ਵਾਧਾ ਕੀਤਾ ਗਿਆ ਤੇ ਮਹਿੰਗਾਈ ਭੱਤਾ (DA) ਵੀ ਦਿੱਤਾ ਗਿਆ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਤੇ ਲਾਗੂ ਕੀਤੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।
ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਲਿਆਉਣਗੇ: ਚੰਨੀ
ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਦੀ ਸਰਕਾਰ ਬਣਾਉਣਗੇ ਤੇ ਬਾਹਰੋਂ ਆਏ ਲੋਕਾਂ ਨੂੰ ਸੂਬੇ ਦੀ ਸੱਤਾ ਤੋਂ ਬਾਹਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਨਿਸ਼ਾਨੇ ਸਾਧੇ।
ਸੰਗਰੂਰ ਦੀ ਇਸ ਰੈਲੀ ‘ਚ ਜਿੱਥੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ‘ਚ ਚੋਣ ਮੁਹਿੰਮ ਦਾ ਆਗਾਜ਼ ਕੀਤਾ, ਉੱਥੇ ਹੀ ਚੰਨੀ ਦੇ ਹੱਕ ਵਿੱਚ ਦਿਖਿਆ ਸਮਰਥਕਾਂ ਦਾ ਉਤਸ਼ਾਹ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰੈਲੀ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਅੰਦਰ ਚੰਨੀ ਦੇ ਸਿਆਸੀ ਪ੍ਰਭਾਵ ਤੇ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਚਰਚਾ ‘ਚ ਲਿਆ ਦਿੱਤਾ ਹੈ।


