AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਲੰਧਰ ‘ਚ ਬਿਜਲੀ ਜਾਂਦੇ ਹੀ ਤਾਬੜਤੋੜ ਫਾਇਰਿੰਗ, ਹਮਲਾਵਰਾਂ ਨੇ XUV ਨੂੰ ਬਣਾਇਆ ਨਿਸ਼ਾਨਾ; ਘਰ ਸ਼ਿਫਟ ਕਰਨ ਦੇ ਬਹਾਨੇ ਆਏ ਸਨ ਬਦਮਾਸ਼

ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਫਾਇਰਿੰਗ ਤੋਂ ਪਹਿਲਾਂ ਕਰੀਬ 6 ਨਕਾਬਪੋਸ਼ ਵਿਅਕਤੀ ਉਸ ਦੇ ਘਰ ਦੇ ਸਾਹਮਣੇ ਪਹੁੰਚੇ ਸਨ। ਉਨ੍ਹਾਂ ਨੇ ਆਵਾਜ਼ ਲਗਾ ਕੇ ਗੱਡੀ ਸਾਈਡ 'ਤੇ ਕਰਨ ਲਈ ਕਿਹਾ ਸੀ। ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਬਿਜਲੀ ਜਾਣ ਤੋਂ ਬਾਅਦ ਹਨੇਰੇ ਦੀ ਆੜ ਲੈ ਕੇ ਸਾਰੇ ਬਦਮਾਸ਼ ਵਾਪਸ ਆਏ, ਜਿਨ੍ਹਾਂ 'ਚੋਂ ਦੋ ਨੇ ਫਾਇਰਿੰਗ ਕੀਤੀ।

ਜਲੰਧਰ 'ਚ ਬਿਜਲੀ ਜਾਂਦੇ ਹੀ ਤਾਬੜਤੋੜ ਫਾਇਰਿੰਗ, ਹਮਲਾਵਰਾਂ ਨੇ XUV ਨੂੰ ਬਣਾਇਆ ਨਿਸ਼ਾਨਾ; ਘਰ ਸ਼ਿਫਟ ਕਰਨ ਦੇ ਬਹਾਨੇ ਆਏ ਸਨ ਬਦਮਾਸ਼
davinder-kumar-jalandhar
| Published: 05 Nov 2026 08:59 AM IST
Share

ਜਲੰਧਰ ‘ਚ ਬੁੱਧਵਾਰ ਦੇਰ ਰਾਤ ਬਿਜਲੀ ਜਾਂਦੇ ਹੀ ਗੁਰੂ ਨਾਨਕ ਨਗਰ ਇਲਾਕੇ ‘ਚ ਫਾਇਰਿੰਗ ਦੀ ਘਟਨਾ ਵਾਪਰੀ। ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਕਰੀਬ 6 ਰਾਊਂਡ ਫਾਇਰ ਕੀਤੇ। ਇਨ੍ਹਾਂ ‘ਚੋਂ 4 ਗੋਲੀਆਂ ਘਰ ਦੇ ਬਾਹਰ ਖੜ੍ਹੀ ਮਹਿੰਦਰਾ XUV ਗੱਡੀ ਨੂੰ ਨਿਸ਼ਾਨਾ ਬਣਾ ਕੇ ਚਲਾਈਆਂ ਗਈਆਂ, ਜਦਕਿ 2 ਫਾਇਰ ਹਵਾ ‘ਚ ਕੀਤੇ ਗਏ।

ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਫਾਇਰਿੰਗ ਤੋਂ ਪਹਿਲਾਂ ਕਰੀਬ 6 ਨਕਾਬਪੋਸ਼ ਵਿਅਕਤੀ ਉਸ ਦੇ ਘਰ ਦੇ ਸਾਹਮਣੇ ਪਹੁੰਚੇ ਸਨ। ਉਨ੍ਹਾਂ ਨੇ ਆਵਾਜ਼ ਲਗਾ ਕੇ ਗੱਡੀ ਸਾਈਡ ‘ਤੇ ਕਰਨ ਲਈ ਕਿਹਾ ਸੀ। ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਬਿਜਲੀ ਜਾਣ ਤੋਂ ਬਾਅਦ ਹਨੇਰੇ ਦੀ ਆੜ ਲੈ ਕੇ ਸਾਰੇ ਬਦਮਾਸ਼ ਵਾਪਸ ਆਏ, ਜਿਨ੍ਹਾਂ ‘ਚੋਂ ਦੋ ਨੇ ਫਾਇਰਿੰਗ ਕੀਤੀ। ਇਸ ਦੌਰਾਨ ਗੱਡੀ ਦਾ ਮਾਲਕ ਆਪਣੀ ਪਤਨੀ ਨਾਲ ਘਰ ‘ਚ ਮੌਜੂਦ ਸੀ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 6 ਖੋਲ ਬਰਾਮਦ ਹੋਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਗੱਡੀ ਮਾਲਕ ਨੇ ਦੱਸਿਆ, ਮਕਾਨ ਸ਼ਿਫਟ ਕਰਨ ਦੇ ਬਹਾਨੇ ਆਏ ਸਨ ਹਮਲਾਵਰ

ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸਾਹਿਲ ਖੰਨਾ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 10 ਵਜੇ ਵਾਰਦਾਤ ਤੋਂ ਠੀਕ ਪਹਿਲਾਂ 5 ਤੋਂ 6 ਨੌਜਵਾਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ‘ਚੋਂ ਦੋ ਨੌਜਵਾਨ ਮੁੱਖ ਗੇਟ ‘ਤੇ ਆ ਕੇ ਸਾਹਿਲ ਨਾਲ ਗੱਲ ਕਰਨ ਲੱਗੇ। ਉਹ ਮਕਾਨ ਸ਼ਿਫਟ ਕਰਨ ਦੀ ਗੱਲ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਸਾਹਿਲ ਨੂੰ ਆਪਣੀ ਗੱਡੀ ਸਾਈਡ ‘ਤੇ ਕਰਨ ਲਈ ਕਿਹਾ।

ਸਾਹਿਲ ਨੇ ਦੱਸਿਆ ਕਿ ਨੌਜਵਾਨਾਂ ਦੇ ਚਿਹਰੇ ਢੱਕੇ ਹੋਣ ਕਾਰਨ ਉਸ ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ, ਜਿਸ ਕਾਰਨ ਉਸ ਨੇ ਗੱਡੀ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਤੁਹਾਡੀ ਸਾਮਾਨ ਵਾਲੀ ਟਰਾਲੀ ਆਵੇਗੀ, ਉਦੋਂ ਗੱਡੀ ਹਟਾ ਦੇਵਾਂਗਾ। ਇਸ ਤੋਂ ਬਾਅਦ ਉਹ ਨੌਜਵਾਨ ਉੱਥੋਂ ਵਾਪਸ ਚਲੇ ਗਏ।

ਸਾਹਿਲ ਨੇ ਦੱਸਿਆ ਕਿ ਨੌਜਵਾਨਾਂ ਦੇ ਜਾਣ ਤੋਂ ਮਹਿਜ਼ ਦੋ ਮਿੰਟ ਬਾਅਦ ਹੀ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਬਿਜਲੀ ਜਾਂਦੇ ਹੀ ਮੋਟਰਸਾਈਕਲ ਸਵਾਰ ਤੁਰੰਤ ਵਾਪਸ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੀੜਤ ਮੁਤਾਬਕ, ਹਮਲਾਵਰਾਂ ਨੇ ਗਾਲੀ-ਗਲੋਚ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ‘ਤੇ 4 ਰਾਊਂਡ ਤੇ ਹਵਾ ਵਿੱਚ 2 ਰਾਊਂਡ ਫਾਇਰ ਕੀਤੇ। ਕੁੱਲ 6 ਰਾਊਂਡ ਫਾਇਰ ਕਰਨ ਤੋਂ ਤੁਰੰਤ ਬਾਅਦ ਮੁਲਜ਼ਮ ਆਪਣੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਖੰਗਾਲੀ ਜਾ ਰਹੀ ਸੀਸੀਟੀਵੀ ਫੁਟੇਜ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੇ ਐੱਸਐੱਚਓ ਕਰਨੈਲ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਜ਼ਮੀਨ ‘ਤੇ ਪਏ ਗੋਲੀਆਂ ਦੇ 6 ਖੋਲ ਆਪਣੇ ਕਬਜ਼ੇ ‘ਚ ਲੈ ਲਏ।

ਐੱਸਐੱਚਓ ਨੇ ਦੱਸਿਆ ਕਿ ਸਾਹਿਲ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਆਸ-ਪਾਸ ਦੇ ਇਲਾਕਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਹਮਲਾਵਰਾਂ ਅਤੇ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਨੰਬਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us