Tomato Price in Chandigarh: ਚੰਡੀਗੜ੍ਹ ‘ਚ 350 ਰੁਪਏ ਕਿਲੋ ਵਿੱਕ ਰਿਹਾ ਟਮਾਟਰ, ਦੇਸ਼ ‘ਚ ਸਭ ਤੋਂ ਮਹਿੰਗਾ
ਬੀਤੇ ਦਿਨ ਚੰਡੀਗੜ੍ਹ ਦੀ ਮੰਡੀ 'ਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 300-350 ਰੁਪਏ ਪ੍ਰਤੀ ਕਿਲੋ ਵਿਕਿਆ, ਜਦਕਿ ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਉੱਥੇ ਇਹੀ ਟਮਾਟਰ 140 ਤੋਂ 150 ਰੁਪਏ ਪ੍ਰਤੀ ਕਿਲੋ ਵਿਕਿਆ।
ਪੰਜਾਬ-ਹਿਮਾਚਲ ‘ਚ ਭਾਰੀ ਮੀਂਹ ਅਤੇ ਹੜ੍ਹਾਂ (Heavy Rain & Flood) ਅਤੇ ਲੈਂਡ ਸਲਾਈਡ (Land Slide) ਕਾਰਨ ਸਬਜ਼ੀਆਂ ਦੀਆਂ ਕੀਮਤਾਂ ‘ਤੇ ਵੀ ਅਸਰ ਪਿਆ ਹੈ। ਮੰਡੀਆਂ ਵਿੱਚ ਸਬਜ਼ੀਆਂ ਨਹੀਂ ਹਨ ਅਤੇ ਜੋ ਹਨ ਉਨ੍ਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਖਾਸ ਕਰਕੇ ਟਮਾਟਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਡੀਗੜ੍ਹ ਮੰਡੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।
ਸੈਕਟਰ-26 ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਬ੍ਰਿਜਮੋਹਨ ਨੇ ਦੱਸਿਆ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਕਾਰਨ ਖੇਤਾਂ ਵਿੱਚ ਟਮਾਟਰ ਦੀ ਫ਼ਸਲ ਸੜ ਗਈ ਹੈ। ਬਰਸਾਤ ਦੇ ਮੌਸਮ ਵਿੱਚ ਕਿਸਾਨ ਖੇਤ ਵਿੱਚ ਕੰਮ ਨਹੀਂ ਕਰ ਸਕੇ। ਸੜਕ ਬੰਦ ਹੋਣ ਕਾਰਨ ਖੇਤਾਂ ਵਿੱਚੋਂ ਨਿਕਲਿਆ ਮਾਲ ਚੰਡੀਗੜ੍ਹ ਨਹੀਂ ਪਹੁੰਚ ਸਕਿਆ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਟਮਾਟਰ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ‘ਚ ਉਛਾਲ ਆਇਆ ਹੈ।
ਬ੍ਰਿਜਮੋਹਨ ਨੇ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ ਟਮਾਟਰ ਦੇ ਭਾਅ ਹੇਠਾਂ ਆਉਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਅਤੇ ਹਿਮਾਚਲ ਤੋਂ ਸਪਲਾਈ ਬੰਦ ਹੋਣ ਤੋਂ ਬਾਅਦ ਹੁਣ ਬੰਗਲੁਰੂ ਮੰਡੀ ਤੋਂ ਟਮਾਟਰ ਦੀ ਸਪਲਾਈ ਮੰਗਵਾਈ ਗਈ, ਜਿਸਦੇ ਛੇਤੀ ਹੀ ਚੰਡੀਗੜ੍ਹ ਪਹੁੰਚਣ ਦੀ ਉਮੀਦ। ਇਸ ਸਪਲਾਈ ਦੇ ਆਉਣ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਸਿਟੀ ਬਿਊਟੀਫੁਲ ਵਿੱਚ 160-180 ਰੁਪਏ ਪ੍ਰਤੀ ਕਿਲੋ ਤੱਕ ਆਉਣ ਦੀ ਆਸ ਹੈ।


