ਚੰਡੀਗੜ੍ਹ ਵਾਲਿਆਂ ਨੂੰ ਮਹਿੰਗਾਈ ਦਾ ਝਟਕਾ, ਅੱਜ ਤੋਂ ਵਧੀਆਂ ਪਾਣੀ ਦੀਆਂ ਕੀਮਤਾਂ
ਅਪਰੈਲ ਮਹੀਨੇ ਦੀ ਸ਼ੁਰੂਆਤ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਝਟਕਾ ਦਿੱਤਾ ਹੈ। ਦਰਅਸਲ ਪ੍ਰਸ਼ਾਸਨ ਨੇ ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿੱਚ ਇਹ ਵਾਧਾ ਕੀਤਾ ਹੈ। ਹਾਲਾਂਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਮੇਅਰ ਦੀ ਅਪੀਲ ਦੇ ਬਾਵਜੂਦ ਵੀ ਇਹ ਵਾਧਾ ਹੋਇਆ ਹੈ।
ਚੰਡੀਗੜ੍ਹ ਵਿੱਚ ਰਹਿਣ ਵਾਲਿਆਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਮਹਿੰਗਾਈ ਦਾ ਝਟਕਾ ਲੱਗਿਆ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਅੱਜ ਤੋਂ ਪਾਣੀ ਦੀਆਂ ਕੀਮਤਾਂ ‘ਚ 5 ਫੀਸਦੀ ਦਾ ਵਾਧਾ ਕੀਤਾ ਹੈ। ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿੱਚ ਇਹ ਵਾਧਾ ਹੋਇਆ ਹੈ। ਹੁਣ ਇਸ ਮਹੀਨੇ ਤੋਂ ਸ਼ਹਿਰ ਵਿੱਚ ਪਾਣੀ ਦੀ ਦਰ ਵਧ ਜਾਵੇਗੀ। ਫਿਲਹਾਲ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ। 16 ਤੋਂ 30 ਲੀਟਰ ਪਾਣੀ ਲੈਣ ਲਈ 6.30 ਰੁਪਏ ਅਤੇ 31 ਤੋਂ 60 ਲੀਟਰ ਪਾਣੀ ਲਈ 10.50 ਰੁਪਏ ਦੇ ਹਿਸਾਬ ਨਾਲ ਪਾਣੀ ਦਾ ਬਿੱਲ ਦੀ ਅਦਾਇਗੀ ਕਰਨੀ ਪੈਂਦੀ ਹੈ। ਪਰ ਹੁਣ ਇਸ ਬਿੱਲ ਵਿੱਚ ਪੰਜ ਫੀਸਦ ਦਾ ਵਾਧਾ ਹੋਵੇਗਾ।
ਹਾਲਾਂਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਪੱਤਰ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸਦਨ ਵਿੱਚ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।ਜਿਸ ਕਰਕੇ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ ਕਿਉਂਕਿ ਲੋਕਾਂ ਨੂੰ 20000 ਲੀਟਰ ਪਾਣੀ ਮੁਫ਼ਤ ਦਿੱਤਾ ਜਾਣਾ ਹੈ। ਮੇਅਰ ਦੀ ਅਪੀਲ ਦੇ ਬਾਵਜੂਦ ਪ੍ਰਸ਼ਾਸਨ ਨੇ ਪਹਿਲੀ ਅਪਰੈਲ ਤੋਂ ਪਾਣੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਸਦਨ ‘ਚ ਪਾਸ ਪ੍ਰਸਤਾਵ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।


