ਅਰਵਿੰਦ ਕੇਜਰੀਵਾਲ ਦੀ ਪੰਜਾਬ ‘ਚ 13 ਸੀਟਾਂ ਦੀ ਮੰਗ! ਕੀ ਹੋਵੇਗੀ INDIA ਗਠਜੋੜ ਰਣਨੀਤੀ ਚਰਚਾ ਅੱਜ
ਬਠਿੰਡਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਸ਼ਾਰਿਆਂ ਰਾਹੀਂ ਵੱਡੀ ਗੱਲ ਕਹਿ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਚੰਡੀਗੜ੍ਹ ਦੀ ਇੱਕ ਸੀਟ ਅਤੇ ਪੰਜਾਬ ਦੀਆਂ 13 ਸੀਟਾਂ ਦਿਓ, ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ। ਉਨ੍ਹਾਂ ਦੇ ਇਸ ਬਿਆਨ ਦੇ ਵੱਖ-ਵੱਖ ਮਤਲਬ ਕੱਢੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਆਗੂ ਆਪ ਨਾਲ ਗਠਜੋੜ 'ਤੇ ਖੁਸ਼ ਨਹੀਂ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਇੰਡੀਆ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਅਰਵਿੰਦ ਕੇਜਰੀਵਾਲ (Arvind Kejriwal) ਨੇ ਇਸ਼ਾਰਿਆਂ ਰਾਹੀਂ ਵੱਡੀ ਗੱਲ ਕਹਿ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਤੇ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਮੇਰਾ ਦਿਲ ਕਹਿ ਰਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ 110 ਤੋਂ ਵੱਧ ਸੀਟਾਂ ‘ਤੇ ਜਿੱਤ ਪ੍ਰਾਪਤ ਕਰਨਗੇ।
13 ਸੀਟਾਂ ਦੀ ਮੰਗ
ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਸਾਹਮਣੇ ਵੱਡੀ ਮੰਗ ਵੀ ਰੱਖ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਚੰਡੀਗੜ੍ਹ ਦੀ ਇੱਕ ਸੀਟ ਅਤੇ ਪੰਜਾਬ ਦੀਆਂ 13 ਸੀਟਾਂ ਦਿਓ, ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ। ਕੇਜਰੀਵਾਲ ਦੇ ਇਸ ਬਿਆਨ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 13 ਸੀਟਾਂ ਲੜਨ ਲਈ ਤਿਆਰ ਹੈ।
ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਬਠਿੰਡਾ (Bathinda) ਵਿਖੇ ਵਿਕਾਸ ਕ੍ਰਾਂਤੀ ਰੈਲੀ ਵਿੱਚ ਦਿੱਤਾ ਸੀ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਇਹ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਆਪਣੇ ਦਮ ‘ਤੇ ਹੀ ਚੋਣਾਂ ਲੜਨਗੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾਵਰ ਹਨ।
ਪੰਜਾਬ ਕਾਂਗਰਸ ਦੇ ਆਗੂ ਆਪ ਨਾਲ ਗਠਜੋੜ ‘ਤੇ ਖੁਸ਼ ਨਹੀਂ ਹਨ, ਪਰ ਉਹ ਇਸ ਮਾਮਲੇ ਵਿੱਚ ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦੇ ਹੱਕ ਵਿੱਚ ਵੀ ਨਜ਼ਰ ਨਹੀਂ ਆ ਰਹੇ ਹਨ। ਪੰਜਾਬ ਵਿੱਚ ਸਰਕਾਰ ਬਣਨ ਤੋਂ ਤੁਰੰਤ ਬਾਅਦ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਸ਼ੁਰੂ ਕਰਨ ਵਾਲੀ ਆਪ ਸਰਕਾਰ ਨੇ ਅਚਾਨਕ ਆਪਣਾ ਰੁਖ ਨਰਮ ਜਰੂਰ ਕੀਤਾ ਸੀ। ਆਪ ਨਾਲ ਗਠਜੋੜ ਵਿਰੁੱਧ ਸੀਨੀਅਰ ਕਾਂਗਰਸੀ ਆਗੂਆਂ ਦੇ ਬਿਆਨਾਂ ਦੇ ਬਾਵਜੂਦ ਪੰਜਾਬ ਆਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ ਸੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਬਿਆਨ ਮਾਮਲੇ ਨੂੰ ਹੋਰ ਉਲਝਣ ਵਿੱਚ ਪਾ ਰਿਹਾ ਹੈ।
ਅੱਜ ਹੈ INDIA ਦੀ ਮੀਟਿੰਗ
‘ਇੰਡੀਆ’ ਗਠਜੋੜ ਦੀ ਚੌਥੀ ਬੈਠਕ ਦਿੱਲੀ ‘ਚ ਹੋ ਰਹੀ ਹੈ, ਜਿਸ ਦਾ ਖਾਸ ਸਿਆਸੀ ਮਹੱਤਵ ਹੈ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਹਿਲੀ ਵਾਰ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਵਿਰੋਧੀ ਧਿਰ ਇਸ ਬੈਠਕ ‘ਚ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਦਾ ਅਹਿਦ ਨਹੀਂ ਲੈ ਸਕੀ ਤਾਂ ਉਸ ਲਈ ਭਾਜਪਾ ਨਾਲ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ। ਕਾਂਗਰਸ ਨੂੰ ਆਪਣੇ ਸਹਿਯੋਗੀਆਂ ਨਾਲ ਲੈ ਕੇ ਚੱਲਣ ਦੀ ਚੁਣੌਤੀ ਹੈ, ਜਿਸ ਵਿਚ ਉਸ ਨੂੰ ਅਖਿਲੇਸ਼ ਯਾਦਵ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਤੱਕ ਸਾਰਿਆਂ ਨਾਲ ਨਰਮ ਰੁਖ ਅਪਣਾਉਣਾ ਹੋਵੇਗਾ। ਕਾਂਗਰਸ ਨੂੰ ਵੀ ਸਾਰੀਆਂ ਪਾਰਟੀਆਂ ਨੂੰ ਆਪਣੇ ਨਾਲ ਬੰਨ੍ਹ ਕੇ ਬਣਦਾ ਹਿੱਸਾ ਦੇਣ ਲਈ ਕੁਝ ਸਹਿਮਤੀ ਦੇਣੀ ਪਵੇਗੀ, ਨਹੀਂ ਤਾਂ ਗੱਲ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ
‘ਇੰਡੀਆ’ ਨੂੰ ਜਲਦੀ ਹੀ ਇਹ ਫੈਸਲਾ ਕਰਨਾ ਹੋਵੇਗਾ ਕਿ ਮੀਟਿੰਗ ਵਿੱਚ 2024 ਦੀਆਂ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਉਠਾਇਆ ਜਾਣਾ ਹੈ ਅਤੇ ਬਾਕੀ ਰਹਿੰਦੇ ਸਮੇਂ ਵਿੱਚ ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਕਿਵੇਂ ਪੇਸ਼ ਕਰਨਾ ਹੈ। ‘ਇੰਡੀਆ’ ਗਠਜੋੜ ਬਣਨ ਤੋਂ ਲੈ ਕੇ ਹੁਣ ਤੱਕ ਕੋਈ ਸਾਂਝੀ ਜਨਤਕ ਰੈਲੀ ਨਹੀਂ ਕੀਤੀ ਗਈ, ਇਸ ਬਾਰੇ ਸਥਿਤੀ ਸਪੱਸ਼ਟ ਕਰਨੀ ਪਵੇਗੀ, ਨਹੀਂ ਤਾਂ ਲੋਕਾਂ ਵਿੱਚ ਭੰਬਲਭੂਸਾ ਬਣਿਆ ਰਹੇਗਾ। ਕਾਂਗਰਸ ਨਾਲ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਦੇ ਝਗੜੇ ਵੀ ਹੱਲ ਕਰਨੇ ਪੈਣਗੇ ਤਾਂ ਹੀ ਕੁਝ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਦਿੱਲੀ ਬੈਠਕ ‘ਚ ਵਿਰੋਧੀ ਗਠਜੋੜ ਵਿਚਾਲੇ ਕਿਹੜੇ ਏਜੰਡੇ ‘ਤੇ ਸਹਿਮਤੀ ਬਣਦੀ ਹੈ ਅਤੇ ਕਿਹੜੇ ਨਹੀਂ?