ਅੰਮ੍ਰਿਤਸਰ ‘ਚ ਡਰੱਗ ਮਾਫ਼ੀਆ ਨੂੰ ਵੱਡਾ ਝਟਕਾ, 6 ਕੇਸਾਂ ‘ਚ ਨਾਮਜ਼ਦ ਮਹਿਲਾ ਤਸਕਰ ਦਾ ਘਰ ਜ਼ਮੀਨਦੋਜ਼; ਪ੍ਰਸ਼ਾਸਨ ਸਖ਼ਤ
ਅੰਮ੍ਰਿਤਸਰ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਸੋਮਵਾਰ ਨੂੰ ਗੁੱਜਰਪੁਰਾ ਇਲਾਕੇ ਵਿੱਚ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਨੇ ਕਥਿਤ ਡਰੱਗ ਤਸਕਰ ਰਾਣੀ (ਪਤਨੀ ਵੀਰ ਸਿੰਘ) ਦੇ ਮਕਾਨ 'ਤੇ ਪੀਲਾ ਪੰਜਾ ਚਲਾਉਂਦਿਆਂ ਉਸ ਨੂੰ ਪੂਰੀ ਤਰ੍ਹਾਂ ਜ਼ਮੀਨਦੋਜ਼ ਕਰ ਦਿੱਤਾ।
ਅੰਮ੍ਰਿਤਸਰ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਸੋਮਵਾਰ ਨੂੰ ਗੁੱਜਰਪੁਰਾ ਇਲਾਕੇ ਵਿੱਚ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਨੇ ਕਥਿਤ ਡਰੱਗ ਤਸਕਰ ਰਾਣੀ (ਪਤਨੀ ਵੀਰ ਸਿੰਘ) ਦੇ ਮਕਾਨ ‘ਤੇ ਪੀਲਾ ਪੰਜਾ ਚਲਾਉਂਦਿਆਂ ਉਸ ਨੂੰ ਪੂਰੀ ਤਰ੍ਹਾਂ ਜ਼ਮੀਨਦੋਜ਼ ਕਰ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਰਿਹਾਇਸ਼ੀ ਇਮਾਰਤ ਵਿੱਚ ਨਾਜਾਇਜ਼ ਉਸਾਰੀ ਕੀਤੀ ਗਈ ਸੀ ਅਤੇ ਇਸ ਜਾਇਦਾਦ ਨੂੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਕਮਾਈ ਗਈ ਗ਼ੈਰ-ਕਾਨੂੰਨੀ ਰਕਮ ਨਾਲ ਤਿਆਰ ਕੀਤਾ ਗਿਆ ਸੀ।
ਮੁਲਜ਼ਮ ‘ਤੇ ਪਹਿਲਾ ਹੀ ਦਰਜ ਸੀ 6 ਮਾਮਲੇ: CP
ਇਸ ਮੌਕੇ ਕਾਰਵਾਈ ਦੀ ਨਿਗਰਾਨੀ ਕਰ ਰਹੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਖ਼ੁਲਾਸਾ ਕੀਤਾ ਕਿ ਉਕਤ ਮਹਿਲਾ ਤਸਕਰ ਰਾਣੀ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਛੇ ਅਪਰਾਧਿਕ ਮੁਕੱਦਮੇ ਦਰਜ ਹਨ। ਸਿਰਫ਼ ਇਹੀ ਨਹੀਂ, ਉਸ ਦੇ ਦੋਵੇਂ ਪੁੱਤਰ ਵੀ ਜੁਰਮ ਦੀ ਦੁਨੀਆ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਖ਼ਿਲਾਫ਼ ਵੀ ਸੰਗੀਨ ਅਪਰਾਧਿਕ ਕੇਸ ਦਰਜ ਹਨ। ਮੁਲਜ਼ਮ ਦਾ ਇੱਕ ਪੁੱਤਰ ਰਾਜੂ ਤਰਨ ਤਾਰਨ ਵਿੱਚ ਰਹਿ ਰਿਹਾ ਹੈ, ਜਦਕਿ ਦੂਜਾ ਪੁੱਤਰ ਚਰਨਜੀਤ ਸਿੰਘ ਉਰਫ਼ ਕੀਪਾ ਅੰਮ੍ਰਿਤਸਰ ਦੇ ਇਲਾਕੇ ਮੂਲੇਚੱਕ ਵਿੱਚ ਆਪਣਾ ਡੇਰਾ ਜਮਾਈ ਬੈਠਾ ਹੈ।
ਸੀਪੀ ਗਿੱਲ ਨੇ ਤਫ਼ਸੀਲ ਸਾਂਝੀ ਕਰਦਿਆਂ ਦੱਸਿਆ ਕਿ ਰਾਣੀ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੀ ਹੋਈ ਸੀ। ਉਸ ਖ਼ਿਲਾਫ਼ ਦਰਜ ਕੇਸਾਂ ਵਿੱਚੋਂ ਇੱਕ ਮਾਮਲੇ ਵਿੱਚ ਅਦਾਲਤ ਵੱਲੋਂ ਉਸ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ, ਜਦਕਿ ਬਾਕੀ ਮਾਮਲਿਆਂ ਦੀ ਅਦਾਲਤੀ ਕਾਰਵਾਈ ਨਿਰੰਤਰ ਜਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਅਤੇ ਨਗਰ ਨਿਗਮ ਵੱਲੋਂ ਨਸ਼ਾ ਤਸਕਰਾਂ ਦੀਆਂ ਸਮੁੱਚੀਆਂ ਜਾਇਦਾਦਾਂ ਦੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ। ਜਿੱਥੇ ਕਿਤੇ ਵੀ ਗ਼ੈਰ-ਕਾਨੂੰਨੀ ਕਮਾਈ ਨਾਲ ਉਸਾਰੇ ਗਏ ਨਾਜਾਇਜ਼ ਢਾਂਚੇ ਸਾਹਮਣੇ ਆਉਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਬਿਨਾਂ ਕਿਸੇ ਦੇਰੀ ਦੇ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਇਹ ਮੁਹਿੰਮ ਹੋਰ ਪ੍ਰਚੰਡ ਕੀਤੀ ਜਾਵੇਗੀ। ਸ਼ੱਕੀ ਵਿਅਕਤੀਆਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਉਸਾਰੀਆਂ ਗਈਆਂ ਦੁਕਾਨਾਂ ਅਤੇ ਮਕਾਨਾਂ ਦੀ ਵੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਚੇਤੇ ਕਰਵਾਇਆ ਕਿ ਬੀਤੇ ਦਿਨੀਂ ਮਕਬੂਲਪੁਰਾ ਇਲਾਕੇ ਵਿੱਚ ਵੀ ਅਜਿਹੇ ਹੀ ਇੱਕ ਸਰਗਰਮ ਨਸ਼ਾ ਤਸਕਰ ਦੀ ਨਾਜਾਇਜ਼ ਜਾਇਦਾਦ ਖ਼ਿਲਾਫ਼ ਸਖ਼ਤ ਬੁਲਡੋਜ਼ਰ ਕਾਰਵਾਈ ਕੀਤੀ ਜਾ ਚੁੱਕੀ ਹੈ।
ਦਲਦਲ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਅਤੇ ਇਲਾਜ ‘ਤੇ ਜ਼ੋਰ
ਪੁਲਿਸ ਕਮਿਸ਼ਨਰ ਨੇ ਰੇਖਾਂਕਿਤ ਕੀਤਾ ਕਿ ਨਸ਼ਿਆਂ ਦਾ ਨਾਜਾਇਜ਼ ਵਪਾਰ ਕਰਨ ਵਾਲੇ ਸੌਦਾਗਰਾਂ ਨਾਲ ਤਾਂ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ, ਪਰ ਜਿਹੜੇ ਨੌਜਵਾਨ ਭਟਕ ਕੇ ਨਸ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਨਾਲ ਹਮਦਰਦੀ ਭਰਿਆ ਰਵੱਈਆ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਸਮਝਾਉਣ, ਕੌਂਸਲਿੰਗ ਕਰਨ ਅਤੇ ਸਹੀ ਡਾਕਟਰੀ ਇਲਾਜ ਰਾਹੀਂ ਹੀ ਇਸ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਹਰੇਕ ਨੌਜਵਾਨ ਨੂੰ ਮੁਕੰਮਲ ਇਲਾਜ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਤੰਦਰੁਸਤ ਹੋ ਕੇ ਦੁਬਾਰਾ ਨਸ਼ੇ ਵੱਲ ਨਾ ਪਰਤਣ।
ਇਹ ਵੀ ਪੜ੍ਹੋ
ਗਿੱਲ ਨੇ ਜਾਣਕਾਰੀ ਦਿੱਤੀ ਕਿ ਨਸ਼ਾ ਛੁਡਾਊ ਕੇਂਦਰਾਂ (ਡੀ-ਐਡੀਕਸ਼ਨ ਸੈਂਟਰਾਂ) ਦੇ ਪ੍ਰਬੰਧਾਂ ਅਤੇ ਇਲਾਜ ਪ੍ਰਣਾਲੀ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਜਲਦ ਹੀ ਸਿਹਤ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਕਿਸੇ ਨਸ਼ਾ ਪੀੜਤ ਨੂੰ ਨਸ਼ਾ ਛੁਡਾਊ ਕੇਂਦਰ ਭੇਜੇਗੀ, ਤਾਂ ਇਹ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਕਿ ਮਰੀਜ਼ ਦਾ ਇਲਾਜ ਪੂਰਾ ਹੋਵੇ ਅਤੇ ਬਿਨਾਂ ਪੂਰਨ ਸਿਹਤਯਾਬੀ ਦੇ ਉਸ ਨੂੰ ਕਿਸੇ ਵੀ ਹਾਲਤ ਵਿੱਚ ਛੁੱਟੀ ਨਾ ਦਿੱਤੀ ਜਾਵੇ।
ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਸੀਪੀ ਗਿੱਲ ਨੇ ਮਹਿਕਮੇ ਦੇ ਅੰਦਰਲੇ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਨਾਲ ਕਿਸੇ ਤਰ੍ਹਾਂ ਦੀ ਮਿਲੀਭੁਗਤ, ਲਿਹਾਜ਼, ਸਹਾਇਤਾ ਜਾਂ ਉਨ੍ਹਾਂ ਨੂੰ ਪੁਸ਼ਤਪਨਾਹੀ ਦਿੰਦਾ ਫੜਿਆ ਗਿਆ, ਤਾਂ ਉਸ ਵਿਰੁੱਧ ਤੁਰੰਤ ਸਖ਼ਤ ਵਿਭਾਗੀ ਅਤੇ ਫੌਜਦਾਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਵਿੱਤੀ ਨੈੱਟਵਰਕ ਨੂੰ ਤੋੜਨਾ ਅਤੇ ਉਨ੍ਹਾਂ ਨੂੰ ਆਰਥਿਕ ਪੱਧਰ ‘ਤੇ ਕਮਜ਼ੋਰ ਕਰਨਾ ਪੁਲਿਸ ਦੀ ਮੁੱਖ ਰਣਨੀਤੀ ਦਾ ਹਿੱਸਾ ਹੈ।
ਪੁਲਿਸ ਕਮਿਸ਼ਨਰ ਨੇ ਦੁਹਰਾਇਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਪ੍ਰਸ਼ਾਸਨ ਦ੍ਰਿੜ੍ਹ ਸੰਕਲਪ ਹੈ। ਇੱਕ ਪਾਸੇ ਜਿੱਥੇ ਵੱਡੇ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਅਤੇ ਢਾਹ ਕੇ ਉਨ੍ਹਾਂ ਦੀ ਕਮਰ ਤੋੜੀ ਜਾਵੇਗੀ, ਉੱਥੇ ਹੀ ਦੂਜੇ ਪਾਸੇ ਨਸ਼ੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਮਿਆਰੀ ਇਲਾਜ ਅਤੇ ਮਾਨਸਿਕ ਕੌਂਸਲਿੰਗ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।


