ਭਾਜਪਾ ‘ਚ ਸ਼ਾਮਲ ਹੋਣਗੇ ਬਾਦਲ ਪਰਿਵਾਰ ਦੇ ਕਰੀਬੀ ਮੇਜਰ ਭੁਪਿੰਦਰ ਸਿੰਘ, CM ਸੈਣੀ ਕਰਵਾਉਣਗੇ ਜੁਆਇਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਤਿ-ਕਰੀਬੀ ਅਤੇ ਸਾਬਕਾ ਸਿਆਸੀ ਸਕੱਤਰ ਮੇਜਰ ਭੁਪਿੰਦਰ ਸਿੰਘ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਜਾ ਰਹੇ ਹਨ। ਉਹ ਆਪਣੇ ਪੁੱਤਰ ਸਮੇਤ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਮੇਜਰ ਭੁਪਿੰਦਰ ਸਿੰਘ ਨਾ ਸਿਰਫ਼ ਵੱਡੇ ਬਾਦਲ ਸਾਹਿਬ ਦੇ ਬੇਹੱਦ ਭਰੋਸੇਮੰਦ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਤਿ-ਕਰੀਬੀ ਅਤੇ ਸਾਬਕਾ ਸਿਆਸੀ ਸਕੱਤਰ ਮੇਜਰ ਭੁਪਿੰਦਰ ਸਿੰਘ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਜਾ ਰਹੇ ਹਨ। ਉਹ ਆਪਣੇ ਪੁੱਤਰ ਸਮੇਤ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਮੇਜਰ ਭੁਪਿੰਦਰ ਸਿੰਘ ਨਾ ਸਿਰਫ਼ ਵੱਡੇ ਬਾਦਲ ਸਾਹਿਬ ਦੇ ਬੇਹੱਦ ਭਰੋਸੇਮੰਦ ਰਹੇ ਹਨ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਕਰੀਬੀਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਰਹੀ ਹੈ।
ਮੇਜਰ ਭੁਪਿੰਦਰ ਸਿੰਘ ਦੀ ਭਾਜਪਾ ਵਿੱਚ ਸ਼ਮੂਲੀਅਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿੱਚ ਹੋਵੇਗੀ। ਇਸ ਸਿਆਸੀ ਸਮਾਗਮ ਲਈ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾਈ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਭਾਜਪਾ ਦਫ਼ਤਰ ਦੀ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਟੀਮਾਂ ਵੱਲੋਂ ਦਫ਼ਤਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ।
ਜੂਨ ਮਹੀਨੇ ਹਰਿਆਣਾ ਦੇ ਸੀਐੱਮ ਨੇ ਕੀਤੀ ਸੀ ਮੁਲਾਕਾਤ
ਮੇਜਰ ਭੁਪਿੰਦਰ ਸਿੰਘ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਅਜਿਹੇ ਸਮੇਂ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਜਦੋਂ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਇਸੇ ਸਾਲ ਜੂਨ ਮਹੀਨੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਚਾਨਕ ਚੰਡੀਗੜ੍ਹ ਸਥਿਤ ਮੇਜਰ ਭੁਪਿੰਦਰ ਸਿੰਘ ਦੀ ਰਿਹਾਇਸ਼ ‘ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਸਨ। ਉਸ ਦੌਰਾਨ ਮੇਜਰ ਭੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਦੀ ਵੱਡੀ ਸਰਜਰੀ ਹੋਈ ਸੀ।
ਉਸ ਵੇਲੇ ਮੇਜਰ ਭੁਪਿੰਦਰ ਸਿੰਘ ਨੇ ਖੁੱਲ੍ਹ ਕੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਤਿੰਨ ਵਾਰ ਉਨ੍ਹਾਂ ਦਾ ਪਤਾ ਲੈਣ ਆਏ, ਪਰ ਲੰਬਾ ਸਮਾਂ ਸੇਵਾ ਕਰਨ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਵਿੱਚੋਂ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਹਾਲਾਂਕਿ, ਬਾਅਦ ਵਿੱਚ ਸੁਖਬੀਰ ਬਾਦਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ। ਹੁਣ ਪੁਖ਼ਤਾ ਜਾਣਕਾਰੀ ਮਿਲੀ ਹੈ ਕਿ ਉਹ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਸਮੇਤ ਅੱਜ ਸ਼ਾਮ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸੁਲੂ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਹਾਸਲ ਕਰਨਗੇ।
ਸਰਕਾਰ ਵਿੱਚ ਰਿਹਾ ਸੀ ਰਾਜ ਮੰਤਰੀ ਦਾ ਰੈਂਕ
ਮੇਜਰ ਭੁਪਿੰਦਰ ਸਿੰਘ ਢਿੱਲੋਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੇ ਸਾਲ 1997 ਤੋਂ 2002 ਅਤੇ ਮੁੜ 2012 ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਰਾਜ ਮੰਤਰੀ ਦੇ ਦਰਜੇ (ਰੈਂਕ) ਨਾਲ ਇਸ ਅਹੁਦੇ ਦੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ ਸਨ।
ਇਹ ਵੀ ਪੜ੍ਹੋ
ਮੇਜਰ ਭੁਪਿੰਦਰ ਸਿੰਘ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ‘ਬਾਦਲ’ ਦੇ ਹੀ ਵਸਨੀਕ ਹਨ ਅਤੇ ਉਹ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਢਿੱਲੋਂ ਦੇ ਸਪੁੱਤਰ ਹਨ। ਸਿਆਸੀ ਮੈਦਾਨ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਭਾਰਤੀ ਫੌਜ ਵਿੱਚ ਮੇਜਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਇੰਡੀਅਨ ਮਿਲਟਰੀ ਅਕੈਡਮੀ (IMA) ਤੋਂ ਮਿਲਟਰੀ ਦੀ ਸਖ਼ਤ ਸਿਖਲਾਈ ਹਾਸਲ ਕੀਤੀ ਸੀ ਅਤੇ ਸਾਲ 1969 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰ ਬਣੇ ਸਨ।


