ਅਮਰੀਕਾ ਦੇ ਅਲਬਾਮਾ ‘ਚ ਸਿੱਖ ਰਾਗੀ ਦਾ ਕਤਲ, ਗੁਰਦੁਆਰੇ ਦੇ ਬਾਹਰ ਹਮਲਾਵਰਾਂ ਨੇ ਚਲਾਈ ਗੋਲੀ, 5 ਦਿਨ ਬਾਅਦ ਵੀ ਨਹੀਂ ਹੋ ਸਕਿਆ ਪੋਸਟਮਾਰਟਮ
Sikh Murder in America: ਅਮਰੀਕਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਹਮਲਿਆਂ 'ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ 'ਚ ਨਸਲ, ਲਿੰਗ ਜਾਂ ਕਿਸੇ ਹੋਰ ਆਧਾਰ 'ਤੇ ਹਿੰਸਾ ਅਸਵੀਕਾਰਨਯੋਗ ਹੈ। ਵ੍ਹਾਈਟ ਹਾਊਸ 'ਚ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕਾ ਦੇ ਅਲਬਾਮਾ ‘ਚ ਸਿੱਖ ਰਾਗੀ ਰਾਜ ਸਿੰਘ ਦਾ ਕਤਲ
ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਇੱਕ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਰਾਜ ਸਿੰਘ (ਗੋਲਡੀ) ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ।
ਅਮਰੀਕੀ ਮੀਡੀਆ ਮੁਤਾਬਕ, ਇਹ ਘਟਨਾ 24 ਫਰਵਰੀ ਦੀ ਹੈ। ਰਾਜ ਸਿੰਘ ਅਲਬਾਮਾ ਦੇ ਸੇਲਮਾ ਸ਼ਹਿਰ ਵਿੱਚ ਗੁਰਦੁਆਰੇ ਦੇ ਬਾਹਰ ਖੜ੍ਹੇ ਸਨ, ਜਦੋਂ ਉਨ੍ਹਾਂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਦੇ ਪਰਿਵਾਰ ਨੂੰ 25 ਫਰਵਰੀ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਰਾਜ ਦੇ ਪਰਿਵਾਰਕ ਮੈਂਬਰ ਗੁਰਦੀਪ ਸਿੰਘ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਕਤਲ ਦੇ 5 ਦਿਨ ਬਾਅਦ ਵੀ ਰਾਜ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਹਾਲਾਂਕਿ ਦੇਰੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਨਾਲ ਹੀ ਹਮਲਾਵਰਾਂ ਬਾਰੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਸ ਕਤਲ ਦੇ ਮਕਸਦ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੋ ਸਕਦਾ ਹੈ।


