ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
Women Body Found in Ludhiana Hotel: ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੋਇੰਟ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਮੁਲਜ਼ਮ ਅਮਿਤ ਨਿਸ਼ਾਦ ਆਪਣੀ ਦੋਸਤ ਰੇਖਾ ਨਾਲ ਇੱਕ ਨਿੱਜੀ ਹੋਟਲ ਵਿੱਚ ਗਿਆ ਸੀ, ਜਿੱਥੇ ਦੋਵਾਂ ਨੇ ਕਮਰਾ ਕਿਰਾਏ ਤੇ ਲਿਆ। ਲਗਭਗ ਤਿੰਨ ਘੰਟੇ ਇਕੱਠੇ ਰਹਿਣ ਤੋਂ ਬਾਅਦ ਅਮਿਤ ਹੋਟਲ ਮੈਨੇਜਰ ਨੂੰ ਇਹ ਕਹਿ ਕੇ ਨਿਕਲ ਗਿਆ ਕਿ ਉਹ ਖਾਣਾ ਲੈਣ ਜਾ ਰਿਹਾ ਹੈ।
ਲੁਧਿਆਣਾ ਵਿੱਚ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਮਹਿਲਾ ਦੀ ਇਤਰਾਜਯੋਗ ਹਾਲਤ ਵਿੱਚ ਮਿਲੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਸੀ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਹਿਲਾ ਦੀ ਹੱਤਿਆ ਬਹੁਤ ਹੀ ਨਿੱਜੀ ਵਿਵਾਦ ਕਾਰਨ ਕੀਤੀ ਗਈ।
ਮੁਲਜ਼ਮ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ
ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਅਮਿਤ ਨਿਸ਼ਾਦ ਵਜੋਂ ਹੋਈ ਹੈ, ਜੋ ਕਿ ਜਗੀਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਦੀ ਸਿਹਤ ਠੀਕ ਨਾ ਹੋਣ ਕਾਰਨ ਉਸਨੂੰ ਪੁਲਿਸ ਨਿਗਰਾਨੀ ਹੇਠ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਟਲ ਵਿੱਚ ਕੀ ਵਾਪਰਿਆ, ਪੁਲਿਸ ਦਾ ਖੁਲਾਸਾ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੋਇੰਟ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਮੁਲਜ਼ਮ ਅਮਿਤ ਨਿਸ਼ਾਦ ਆਪਣੀ ਦੋਸਤ ਰੇਖਾ ਨਾਲ ਇੱਕ ਨਿੱਜੀ ਹੋਟਲ ਵਿੱਚ ਗਿਆ ਸੀ, ਜਿੱਥੇ ਦੋਵਾਂ ਨੇ ਕਮਰਾ ਕਿਰਾਏ ਤੇ ਲਿਆ। ਲਗਭਗ ਤਿੰਨ ਘੰਟੇ ਇਕੱਠੇ ਰਹਿਣ ਤੋਂ ਬਾਅਦ ਅਮਿਤ ਹੋਟਲ ਮੈਨੇਜਰ ਨੂੰ ਇਹ ਕਹਿ ਕੇ ਨਿਕਲ ਗਿਆ ਕਿ ਉਹ ਖਾਣਾ ਲੈਣ ਜਾ ਰਿਹਾ ਹੈ।
ਕਮਰਾ ਖੋਲ੍ਹਣ ਤੇ ਮਿਲੀ ਖੂਨ ਨਾਲ ਲੱਥਪੱਥ ਲਾਸ਼
ਜਦੋਂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਅਮਿਤ ਵਾਪਸ ਨਾ ਆਇਆ, ਤਾਂ ਹੋਟਲ ਸਟਾਫ਼ ਨੂੰ ਸ਼ੱਕ ਹੋਇਆ। ਕਮਰਾ ਖੋਲ੍ਹ ਕੇ ਦੇਖਿਆ ਗਿਆ ਤਾਂ ਮਹਿਲਾ ਰੇਖਾ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਹੋਈ ਸੀ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਗਈ।
ਕਤਲ ਦਾ ਕਾਰਨ, ਵਿਆਹ ਨੂੰ ਲੈ ਕੇ ਝਗੜਾ
ਪੁਲਿਸ ਅਧਿਕਾਰੀਆਂ ਮੁਤਾਬਕ, ਮ੍ਰਿਤਕ ਰੇਖਾ ਵੱਲੋਂ ਮੁਲਜ਼ਮ ਅਮਿਤ ਤੇ ਵਿਆਹ ਲਈ ਜ਼ੋਰ ਪਾਉਣਾ ਕਤਲ ਦਾ ਮੁੱਖ ਕਾਰਨ ਬਣਿਆ। ਰੇਖਾ ਦੇ ਦੋ ਬੱਚੇ ਹਨ ਅਤੇ ਉਹ ਪਹਿਲਾਂ ਹੀ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ। ਰੇਖਾ ਅਤੇ ਅਮਿਤ ਦੀ ਕਾਫ਼ੀ ਸਮੇਂ ਤੋਂ ਦੋਸਤੀ ਸੀ ਅਤੇ ਦੋਵੇਂ ਮਿਲਦੇ ਰਹਿੰਦੇ ਸਨ, ਪਰ ਅਮਿਤ ਵਿਆਹ ਲਈ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ
ਝਗੜੇ ਤੋਂ ਬਾਅਦ ਕਤਲ ਦੀ ਵਾਰਦਾਤ
ਪੁਲਿਸ ਦੇ ਅਨੁਸਾਰ, ਹੋਟਲ ਦੇ ਕਮਰੇ ਵਿੱਚ ਦੋਵਾਂ ਵਿਚਕਾਰ ਸੰਬੰਧ ਬਣੇ, ਜਿਸ ਤੋਂ ਬਾਅਦ ਵਿਆਹ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਰੇਖਾ ਨੇ ਗੁੱਸੇ ਵਿੱਚ ਆ ਕੇ ਅਮਿਤ ਦੇ ਗੁਪਤ ਅੰਗ ਤੇ ਕੱਟਰ ਨਾਲ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਗੁੱਸੇ ਅਤੇ ਦਰਦ ਵਿੱਚ ਆ ਕੇ ਅਮਿਤ ਨੇ ਰੇਖਾ ਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਅੱਗੇ ਦੀ ਜਾਂਚ ਵਿਚ ਜੁੱਟੀ
ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਫੜਨ ਲਈ ਲਗਾਤਾਰ ਉਸ ਦੇ ਟਿਕਾਣਿਆਂ ਤੇ ਰੇਡਾਂ ਕੀਤੀਆਂ ਗਈਆਂ। ਜਦੋਂ ਇਹ ਪਤਾ ਲੱਗਿਆ ਕਿ ਉਸਦੀ ਸਿਹਤ ਬਹੁਤ ਖ਼ਰਾਬ ਹੈ, ਤਾਂ ਉਸਨੂੰ ਪੁਲਿਸ ਸੁਰੱਖਿਆ ਹੇਠ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਿਹਤ ਠੀਕ ਹੋਣ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।


