ਲੋਕ ਸਭਾ ਤੋਂ ਬਾਅਦ ਹੁਣ ਰਾਜਸਭਾ ਦੇ ਵੀ 45 ਐਮਪੀ ਮੁਅੱਤਲ, ਇਸ ਸੈਸ਼ਨ ‘ਚ ਹੁਣ ਤੱਕ ਵਿਰੋਧੀ ਧਿਰ ਦੇ 92 ਸੰਸਦ ਮੈਂਬਰਾਂ ‘ਤੇ ਐਕਸ਼ਨ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਦੋਵਾਂ ਸਦਨਾਂ ਵਿੱਚ ਹੰਗਾਮਾ ਮਚਾਇਆ। ਜਿਸ ਤੋਂ ਬਾਅਦ ਲੋਕ ਸਭਾ ਦੇ 33 ਅਤੇ ਰਾਜ ਸਭਾ ਤੋਂ 45 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਲੋਕ ਸਭਾ 'ਚ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਸਮੇਤ ਕਈ ਵੱਡੇ ਨੇਤਾਵਾਂ ਦੇ ਨਾਂ ਸ਼ਾਮਲ ਹਨ।
ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਸੋਮਵਾਰ ਨੂੰ ਵੀ ਦੋਹਾਂ ਸਦਨਾਂ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਕਾਫੀ ਹੰਗਾਮਾ ਕੀਤਾ ਗਿਆ। ਸੰਸਦ ਦੀ ਸੁਰੱਖਿਆ ‘ਚ ਸੰਨ੍ਹਮਾਰੀ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਦੇ ਹੋਏ ਹੰਗਾਮਾ ਕਰਨ ‘ਤੇ ਹੁਣ ਤੱਕ ਕੁੱਲ 92 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ ਦੋਵਾਂ ਸਦਨਾਂ ਤੋਂ ਕੁੱਲ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਸਪੀਕਰ ਨੇ 33 ਹੋਰ ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ। ਦੂਜੇ ਪਾਸੇ ਚੇਅਰਮੈਨ ਨੇ ਰਾਜ ਸਭਾ ‘ਚ ਹੰਗਾਮਾ ਕਰਨ ‘ਤੇ 45 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹੁਣ ਤੱਕ 92 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਹੋ ਚੁੱਕੀ ਹੈ।
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਨਾਂ ਵੀ ਉਨ੍ਹਾਂ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਲੋਕ ਸਭਾ ਸਪੀਕਰ ਵੱਲੋਂ ਮੁਅੱਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਟੀਐਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ। ਦਯਾਨਿਧੀ ਮਾਰਨ ਅਤੇ ਸੌਗਤ ਰਾਏ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਕਈ ਮੁਅੱਤਲ ਸੰਸਦ ਮੈਂਬਰਾਂ ਦੇ ਨਾਂ ਵੀ ਸਾਹਮਣੇ ਆਏ ਹਨ।
ਦਰਅਸਲ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਸਦ ਦੀ ਸੁਰੱਖਿਆ ‘ਚ ਹੋਈ ਉਲੰਘਣਾ ਦਾ ਵਿਰੋਧ ਕਰ ਰਹੇ ਸਨ। ਉੱਥੇ ਕਈ ਸੰਸਦ ਮੈਂਬਰ ਤਖਤੀਆਂ ਲੈ ਕੇ ਵਿਰੋਧ ਕਰਨ ਪਹੁੰਚੇ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਦੇ ਬਾਕੀ ਰਹਿੰਦੇ ਕਾਰਜਕਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕ ਸਭਾ ਸੰਸਦ ਮੈਂਬਰਾਂ ਅਬਦੁਲ ਖਾਲਿਕ, ਵਿਜੇ ਵਸੰਤ ਅਤੇ ਕੇ ਜੈਕੁਮਾਰ ਦੀ ਮੁਅੱਤਲੀ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰ ਇਸ ਗੱਲ ‘ਤੇ ਅੜੇ ਹੋਏ ਹਨ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਦੀ ਸੁਰੱਖਿਆ ‘ਚ ਹੋਈ ਉਲੰਘਣਾ ਨੂੰ ਲੈ ਕੇ ਸਦਨ ‘ਚ ਬਿਆਨ ਦੇਣਾ ਚਾਹੀਦਾ ਹੈ।
ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਕੌਣ-ਕੌਣ?
ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ‘ਚ ਪ੍ਰਮੋਦ ਤਿਵਾਰੀ, ਜੈਰਾਮ ਰਮੇਸ਼, ਅਮੀ ਯਾਗਨਿਕ, ਨਰਾਇਣ ਭਾਈ ਰਥਵਾ, ਸ਼ਕਤੀ ਸਿੰਘ ਗੋਹਿਲ, ਰਜਨੀ ਪਾਟਿਲ, ਸੁਖੇਂਦੂ ਸ਼ੇਖਰ, ਨਦੀਮੁਲ ਹੱਕ, ਐੱਨ. ਸ਼ਨਮੁਘਮ, ਨਾਸਿਰ ਹੁਸੈਨ, ਫੁੱਲੋ ਦੇਵੀ ਨੇਤਨ, ਇਮਰਾਮ ਪ੍ਰਤਾਪਗੜ੍ਹੀ, ਰਣਦੀਪ ਸੁਰਜੇਵਾਲਾ, ਮੌਸਮ ਨੂਰ, ਸਮੀਰੁਲ ਇਸਲਾਮ, ਰੰਜੀਤ ਰੰਜਨ, ਫੈਯਾਜ਼ ਅਹਿਮਦ, ਮਨੋਜ ਝਾਅ, ਰਾਮਨਾਥ ਠਾਕੁਰ, ਅਨਿਲ ਹੇਗੜੇ, ਵੰਦਨਾ ਚਵਾਨ, ਰਾਮਗੋਪਾਲ ਯਾਦਵ, ਜਾਵੇਦ ਅਲੀ ਖਾਨ, ਜੋਸ ਕੇ ਮਨੀ, ਮਹੂਆ ਮਾਂਝੀ, ਅਜੀਤ ਕੁਮਾਰ ਅਤੇ ਹੋਰ ਸੰਸਦ ਮੈਂਬਰ ਸ਼ਾਮਲ ਹਨ।
ਪੁਲਿਸ ਰਿਮਾਂਡ ਤੇ ਹਨ ਸੰਨ੍ਹਮਾਰੀ ਵਿੱਚ ਸ਼ਾਮਲ ਮੁਲਜ਼ਮ
ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸੰਸਦ ਦੀ ਸੁਰੱਖਿਆ ਲੋਕ ਸਭਾ ਸਪੀਕਰ ਦੇ ਅਧੀਨ ਆਉਂਦੀ ਹੈ। ਸਪੀਕਰ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਇਸ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਇਹ ਕਮੇਟੀ ਇਸ ਗੱਲ ‘ਤੇ ਵੀ ਕੰਮ ਕਰ ਰਹੀ ਹੈ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਣ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਘਟਨਾ ਦੀ ਜਾਂਚ ਕਰ ਰਿਹਾ ਹੈ। ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਕਾਰ ‘ਤੇ ਬੋਲਿਆ ਹਮਲਾ
ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਲਿਕਾਰਜੁਨ ਖੜਗੇ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਘੁਸਪੈਠੀਆਂ ਨੇ ਸੰਸਦ ‘ਤੇ ਹਮਲਾ ਕੀਤਾ, ਫਿਰ ਸਰਕਾਰ ਸੰਸਦ ਅਤੇ ਲੋਕਤੰਤਰ ‘ਤੇ ਹਮਲਾ ਕਰ ਰਹੀ ਹੈ। ਇਹ ਤਾਨਾਸ਼ਾਹ ਮੋਦੀ ਸਰਕਾਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਲੋਕਤੰਤਰੀ ਮਰਿਆਦਾ ਨੂੰ ਕੂੜੇਦਾਨ ਵਿੱਚ ਸੁੱਟ ਰਹੀ ਹੈ। ਵਿਰੋਧੀ ਸੰਸਦ ਮੈਂਬਰਾਂ ਤੋਂ ਬਿਨਾਂ ਸੰਸਦ ਦੇ ਨਾਲ, ਸਰਕਾਰ ਹੁਣ ਮਹੱਤਵਪੂਰਨ ਪੈਡਿੰਗ ਕਾਨੂੰਨਾਂ ਨੂੰ ਕੁਚਲ ਸਕਦੀ ਹੈ, ਕਿਸੇ ਵੀ ਅਸਹਿਮਤੀ ਨੂੰ ਬਿਨਾਂ ਕਿਸੇ ਬਹਿਸ ਦੇ ਕੁਚਲਿਆ ਜਾ ਸਕਦਾ ਹੈ।
ਮਮਤਾ ਨੇ ਵੀ ਬੋਲਿਆ ਹਮਲਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ ਤਾਂ ਉਹ ਆਪਣੀ ਆਵਾਜ਼ ਕਿਵੇਂ ਉਠਾਉਣਗੇ। ਸੰਸਦ ‘ਚ ਤਿੰਨ ਅਹਿਮ ਬਿੱਲ ਪਾਸ ਹੋਣ ਜਾ ਰਹੇ ਹਨ। ਸੰਸਦ ਮੈਂਬਰਾਂ ਦੇ ਸਮੂਹ ਨੂੰ ਮੁਅੱਤਲ ਕਰਨਾ ਇਸ ਦਾ ਤਰੀਕਾ ਨਹੀਂ ਹੈ।