CM ਮਾਨ ਤੇ ਹਰਪਾਲ ਚੀਮਾ ਦਾ ਵਧਿਆ ਕੱਦ, ਸਿਆਸੀ ਮਾਮਲਿਆਂ ਦੀ ਕਮੇਟੀ ‘ਚ ਹੋਏ ਸ਼ਾਮਲ; ਕੇਜਰੀਵਾਲ ਮੁੜ ਕੌਮੀ ਕਨਵੀਨਰ
ਕੌਮੀ ਕੌਂਸਲ ਦੀ ਬੈਠਕ 'ਚ ਲਏ ਗਏ ਫ਼ੈਸਲੇ ਆਮ ਆਦਮੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਲਈ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ। ਨਵੀਂ ਟੀਮ ਦੇ ਗਠਨ ਨਾਲ ਪਾਰਟੀ ਨੇ ਕੌਮੀ ਪੱਧਰ 'ਤੇ ਆਪਣੀ ਲੀਡਰਸ਼ਿਪ ਤੇ ਜ਼ਿੰਮੇਵਾਰੀਆਂ ਦਾ ਖ਼ਾਕਾ ਤਿਆਰ ਕਰ ਲਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੰਗਠਨ ਪੱਧਰ ‘ਤੇ ਵੱਡਾ ਕਦਮ ਚੁੱਕਿਆ ਹੈ। ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC) ‘ਚ ਸ਼ਾਮਲ ਕੀਤਾ ਹੈ। ਇਸ ਫੈਸਲੇ ਨੂੰ ਪੰਜਾਬ ‘ਚ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਹਰਪਾਲ ਸਿੰਘ ਚੀਮਾ ਨੂੰ ਪੀਏਸੀ ‘ਚ ਸ਼ਾਮਲ ਕਰਕੇ ਪਾਰਟੀ ਨੇ ਪੰਜਾਬ ‘ਚ ਉਨ੍ਹਾਂ ਨੂੰ ਆਪਣੇ ਪ੍ਰਮੁੱਖ ਆਗੂਆਂ ‘ਚੋਂ ਇੱਕ ਹੋਣ ਦਾ ਸੰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਦੀ ਇਸ ਮਹੱਤਵਪੂਰਨ ਕਮੇਟੀ ‘ਚ ਦਲਿਤ ਭਾਈਚਾਰੇ ਨੂੰ ਵੀ ਨੁਮਾਇੰਦਗੀ ਮਿਲੀ ਹੈ।
ਪੰਜਾਬ ਚੋਣਾਂ ‘ਚ ਮਾਨ ਦੀ ਅਹਿਮ ਭੂਮਿਕਾ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਰਣਨੀਤੀ ਤੇ ਚੋਣ ਮੁਹਿੰਮ ‘ਚ ਉਨ੍ਹਾਂ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਪੀਏਸੀ ‘ਚ ਉਨ੍ਹਾਂ ਦੀ ਪੱਕੀ ਐਂਟਰੀ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਕਰਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਰਾਜਬੀਰ ਘੁੰਮਣ ਤੇ ਵਿਭਵ ਕੁਮਾਰ ਨੂੰ ਵੀ ਜ਼ਿੰਮੇਵਾਰੀ
ਆਮ ਆਦਮੀ ਪਾਰਟੀ ਵੱਲੋਂ 23 ਮੈਂਬਰੀ ਨਵੀਂ ਕੌਮੀ ਕਾਰਜਕਾਰਨੀ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਤੇ ਵਿਭਵ ਕੁਮਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੌਮੀ ਕਾਰਜਕਾਰਨੀ ‘ਚ ਦੋਵਾਂ ਦੀ ਐਂਟਰੀ ਤੋਂ ਬਾਅਦ ਪੰਜਾਬ ਨਾਲ ਜੁੜੇ ਸੰਗਠਨਾਤਮਕ ਮਾਮਲਿਆਂ ‘ਚ ਵੀ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ।
ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ AAP ਦਾ ਕੌਮੀ ਕਨਵੀਨਰ
ਆਮ ਆਦਮੀ ਪਾਰਟੀ (AAP) ਦੀ ਕੌਮੀ ਕੌਂਸਲ ਦੀ ਬੈਠਕ ਹੋਈ, ਜਿਸ ‘ਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ AAP ਦਾ ਕੌਮੀ ਕਨਵੀਨਰ ਚੁਣ ਲਿਆ ਗਿਆ। ਬੁੱਧਵਾਰ ਨੂੰ ਉਨ੍ਹਾਂ ਦੀ ਪ੍ਰਧਾਨਗੀ ਹੇਠ ਪਾਰਟੀ ਦੀ 15ਵੀਂ ਨੈਸ਼ਨਲ ਕੌਂਸਲ ਦੀ ਬੈਠਕ ਹੋਈ, ਜਿਸ ”ਚ 330 ਮੈਂਬਰਾਂ ਨੇ ਹਿੱਸਾ ਲਿਆ। ਬੈਠਕ ਦੌਰਾਨ 23 ਮੈਂਬਰੀ ਨਵੀਂ ਕੌਮੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।
ਬੈਠਕ ‘ਚ ਪੰਕਜ ਗੁਪਤਾ ਨੂੰ ਕੌਮੀ ਸਕੱਤਰ ਚੁਣਿਆ ਗਿਆ, ਜਦਕਿ ਐੱਨ.ਡੀ. ਗੁਪਤਾ ਖ਼ਜ਼ਾਨਚੀ ਵਜੋਂ ਆਪਣੀ ਜ਼ਿੰਮੇਵਾਰੀ ਜਾਰੀ ਰੱਖਣਗੇ। ਇਸ ਦੇ ਨਾਲ ਹੀ ਪਾਰਟੀ ਨੇ ਸੰਗਠਨ ਦੇ ਅਹਿਮ ਅਹੁਦਿਆਂ ਲਈ ਜ਼ਿੰਮੇਵਾਰੀਆਂ ਵੀ ਤੈਅ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ
ਕੌਮੀ ਕੌਂਸਲ ਦੀ ਬੈਠਕ ‘ਚ ਲਏ ਗਏ ਫ਼ੈਸਲੇ ਆਮ ਆਦਮੀ ਪਾਰਟੀ ਦੇ ਸੰਗਠਨਾਤਮਕ ਢਾਂਚੇ ਲਈ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ। ਨਵੀਂ ਟੀਮ ਦੇ ਗਠਨ ਨਾਲ ਪਾਰਟੀ ਨੇ ਕੌਮੀ ਪੱਧਰ ‘ਤੇ ਆਪਣੀ ਲੀਡਰਸ਼ਿਪ ਤੇ ਜ਼ਿੰਮੇਵਾਰੀਆਂ ਦਾ ਖ਼ਾਕਾ ਤਿਆਰ ਕਰ ਲਿਆ ਹੈ।
23 ਮੈਂਬਰੀ ਟੀਮ ਸੰਗਠਨ ਨੂੰ ਦੇਵੇਗੀ ਨਵਾਂ ਰੂਪ
ਬੈਠਕ ‘ਚ 23 ਮੈਂਬਰਾਂ ਵਾਲੀ ਨਵੀਂ ਕੌਮੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ। ਇਹ ਨਵੀਂ ਟੀਮ ਪਾਰਟੀ ਦੇ ਸੰਗਠਨਾਤਮਕ ਕੰਮਕਾਜ ‘ਚ ਅਹਿਮ ਭੂਮਿਕਾ ਨਿਭਾਏਗੀ ਤੇ ਪਾਰਟੀ ਦੇ ਕੌਮੀ ਪੱਧਰ ਦੇ ਸੰਗਠਨ ਨੂੰ ਨਵਾਂ ਰੂਪ ਦੇਵੇਗੀ।
ਬੈਠਕ ਤੋਂ ਬਾਅਦ ਲੀਡਰਸ਼ਿਪ ਤੇ ਸੰਗਠਨਾਤਮਕ ਢਾਂਚਾ ਸਪੱਸ਼ਟ ਹੋਣ ਨਾਲ ਆਮ ਆਦਮੀ ਪਾਰਟੀ ਪੰਜਾਬ ਸਮੇਤ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ‘ਤੇ ਆਪਣਾ ਧਿਆਨ ਹੋਰ ਤੇਜ਼ ਕਰ ਸਕਦੀ ਹੈ।
ਚੋਣੀ ਰਣਨੀਤੀਆਂ ਨੂੰ ਲਾਗੂ ਕਰਨ ਦੀ ਚੁਣੌਤੀ
ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਵੀਂ ਕੌਮੀ ਕਾਰਜਕਾਰਨੀ ਤੇ ਸੰਗਠਨਾਤਮਕ ਟੀਮ ਦੇ ਸਾਹਮਣੇ ਪਾਰਟੀ ਨੂੰ ਮਜ਼ਬੂਤ ਕਰਨ, ਵਰਕਰਾਂ ਨੂੰ ਇੱਕਜੁਟ ਕਰਨ ਤੇ ਚੋਣੀ ਰਣਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਚੁਣੌਤੀ ਹੋਵੇਗੀ।
ਨਵੀਂ ਕੌਮੀ ਕਾਰਜਕਾਰਨੀ ‘ਚ ਕੌਣ-ਕੌਣ?
ਪਾਰਟੀ ਵੱਲੋਂ ਨਵੀਂ ਕੌਮੀ ਕਾਰਜਕਾਰਨੀ ਦੇ ਮੈਂਬਰਾਂ ‘ਚ ਅਰਵਿੰਦ ਕੇਜਰੀਵਾਲ, ਆਤਿਸ਼ੀ, ਆਦਿਲ ਅਹਿਮਦ ਖ਼ਾਨ, ਅਨੁਰਾਗ ਢਾਂਡਾ, ਭਗਵੰਤ ਸਿੰਘ ਮਾਨ, ਦਿਲੀਪ ਪਾਂਡੇ, ਦੁਰਗੇਸ਼ ਪਾਠਕ, ਗੋਪਾਲ ਇਟਾਲੀਆ, ਗੋਪਾਲ ਰਾਏ, ਰਾਣੀ ਅਗਰਵਾਲ, ਹਰਪਾਲ ਸਿੰਘ ਚੀਮਾ, ਮਨੀਸ਼ ਸਿਸੋਦੀਆ, ਮੁਹੰਮਦ ਇਰਸ਼ਾਦ, ਐੱਨ.ਡੀ. ਗੁਪਤਾ, ਪੰਕਜ ਗੁਪਤਾ, ਪ੍ਰੀਤੀ ਸ਼ਰਮਾ ਮੇਨਨ, ਪ੍ਰਿਥਵੀ ਰੈੱਡੀ, ਰਾਖੀ ਬਿੜਲਾ, ਵਿਭਵ, ਸੰਜੇ ਸਿੰਘ, ਸਤੇਂਦਰ ਜੈਨ, ਸ਼ੈਲੀ ਓਬਰਾਏ ਤੇ ਰਾਜਬੀਰ ਸ਼ਾਮਲ ਹਨ। ਇਸ ਦੇ ਨਾਲ ਹੀ 5 ਵਿਸ਼ੇਸ਼ ਆਮੰਤ੍ਰਿਤ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ। ਇਨ੍ਹਾਂ ‘ਚ ਅਜੈ ਦੱਤ, ਚੈਤਰ ਵਸਾਵਾ, ਇਮਰਾਨ ਹੁਸੈਨ, ਮੇਹਰਾਜ ਮਲਿਕ ਤੇ ਵੈਂਜੀ ਵੀਗਾਸ ਸ਼ਾਮਲ ਹਨ।
Source: TV9Hindi.com


