ਪੰਜਾਬ ਦੀ ਸਿਆਸਤ ‘ਚ ‘ਵਰਦੀ ਵਾਲੇ’ ਆਗੂ: ਕੋਈ ਫੌਜ ਤੋਂ ਆਇਆ ਤੇ ਕੋਈ ਪੁਲਿਸ ਤੋਂ…
ਪੰਜਾਬ ਦੀ ਸਿਆਸਤ 'ਚ ਅਜਿਹੇ ਕਈ ਚਿਹਰੇ ਰਹੇ ਹਨ, ਜਿਨ੍ਹਾਂ ਨੇ ਰਾਜਨੀਤੀ ' ਆਉਣ ਤੋਂ ਪਹਿਲਾਂ ਦੇਸ਼ ਦੀ ਫੌਜ ਜਾਂ ਪੰਜਾਬ ਪੁਲਿਸ 'ਚ ਸੇਵਾ ਨਿਭਾਈ। ਇਨ੍ਹਾਂ 'ਚੋਂ ਕੁਝ ਆਗੂ ਅੱਜ ਸਰਗਰਮ ਹਨ, ਜਦਕਿ ਕੁਝ ਨੇ ਸਿਆਸਤ ਤੋਂ ਦੂਰੀ ਬਣਾ ਲਈ ਹੈ। ਕਿਸੇ ਨੇ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਕਿਸੇ ਨੇ ਸੰਸਦ ਤੇ ਵਿਧਾਨ ਸਭਾ 'ਚ ਆਪਣੀ ਪਛਾਣ ਬਣਾਈ।
ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾਈ ਹੋੋਈ ਹੈ। ਹਾਲ ਹੀ ‘ਚ ਕਈ ਪਾਰਟੀਆਂ ਵੱਲੋਂ ਵੱਡੇ ਫੇਰਬਦਲ ਕੀਤੇ ਗਏ ਹਨ। ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਆਗੂ ਟਿਕਟ ਦੀ ਹੋੜ ‘ਚ ਵੀ ਲੱਗੇ ਹੋਏ ਹਨ। ਪਾਰਟੀਆਂ ਕਈ ਨਵੇਂ ਚਿਹਰੇ ਵੀ ਆਪਣੇ ਨਾਲ ਜੁੜ ਰਹੀਆਂ ਹਨ ਤੇ ਕਈ ਪੁਰਾਣੇ ਚਿਹਰਿਆਂ ਦਾ ਅੱਜ ਵੀ ਸਿਆਸਤ ‘ਚ ਦਬਦਬਾ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਈ ਕ੍ਰਾਈਮ ਦੇ ਜਗਤ ਨੂੰ ਪਿੱਛੇ ਛੱਡ ਕੇ ਰਾਜਨੀਤੀ ਨਾਲ ਜੁੜ ਰਿਹਾ ਹੈ, ਕੋਈ ਕਿਸਾਨੀ ਖਿਤੇ ਤੋਂ ਆ ਕੇ ਆਪਣੀ ਕਿਸਮਤ ਅਜਮਾਉਣਾ ਚਾਹ ਰਿਹਾ ਹੈ ਤੇ ਕੋਈ ਆਪਣਾ ਚੰਗਾ-ਖਾਸਾ ਵਪਾਰ ਛੱਡ ਕੇ ਰਾਜਨੀਤੀ ਦੇ ਖੇਤਰ ‘ਚ ਪੈਰ ਧਰ ਰਿਹਾ ਹੈ। ਇਸ ਵਾਰ ਖੇਡਾਂ ਦੇ ਜਗਤ ਤੋਂ ਵੀ ਕਈ ਨਵੇਂ ਚਿਹਰੇ ਚਰਚਾ ‘ਚ ਹਨ। ਪੰਜਾਬ ‘ਚ ਪਹਿਲਾਂ ਵੀ ਅਜਿਹੇ ਵੱਖ-ਵਖ ਪਿਛੋਕੜ ਵਾਲੇ ਆਗੂਆਂ ਨੂੰ ਸਿਆਸਤ ‘ਚ ਸਫ਼ਲਤਾ ਮਿਲੀ ਹੈ।
“ਵਰਦੀ ਵਾਲੇ” ਆਗੂਆਂ ਦਾ ਸਫ਼ਰ
ਪੰਜਾਬ ਦੀ ਸਿਆਸਤ ‘ਚ ਅਜਿਹੇ ਕਈ ਚਿਹਰੇ ਰਹੇ ਹਨ, ਜਿਨ੍ਹਾਂ ਨੇ ਰਾਜਨੀਤੀ ‘ ਆਉਣ ਤੋਂ ਪਹਿਲਾਂ ਦੇਸ਼ ਦੀ ਫੌਜ ਜਾਂ ਪੰਜਾਬ ਪੁਲਿਸ ‘ਚ ਸੇਵਾ ਨਿਭਾਈ। ਇਨ੍ਹਾਂ ‘ਚੋਂ ਕੁਝ ਆਗੂ ਅੱਜ ਵੀ ਐਕਟਿਵ ਹਨ, ਜਦਕਿ ਕੁਝ ਨੇ ਸਿਆਸਤ ਤੋਂ ਦੂਰੀ ਬਣਾ ਲਈ ਹੈ। ਕਿਸੇ ਨੇ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਕਿਸੇ ਨੇ ਸੰਸਦ ਤੇ ਵਿਧਾਨ ਸਭਾ ‘ਚ ਆਪਣੀ ਪਛਾਣ ਬਣਾਈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਇਹ ਜਾਣਨਾ ਦਿਲਚਸਪ ਹੈ ਕਿ ਪੰਜਾਬ ਦੀ ਸਿਆਸਤ ‘ਚ ਫੌਜ ਤੇ ਪੁਲਿਸ ਤੋਂ ਆਏ ਕਿਹੜੇ-ਕਿਹੜੇ ਆਗੂ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ, ਫੌਜ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ‘ਚ ਫੌਜੀ ਪਿਛੋਕੜ ਵਾਲੇ ਸਭ ਤੋਂ ਵੱਡੇ ਨਾਮਾਂ ‘ਚੋਂ ਇੱਕ ਹਨ। ਉਹ ਭਾਰਤੀ ਫੌਜ ‘ਚ ਕੈਪਟਨ ਰਹੇ ਤੇ ਇਸ ਅਹੁਦਾ ਉਨ੍ਹਾਂ ਦੀ ਸਿਆਸਤ ਦੇ ਨਾਮ ਨਾਲ ਵੀ ਅੱਜ ਤੱਕ ਜੁੜਿਆ ਹੋਇਆ ਹੈ। ਉਨ੍ਹਾਂ ਦਾ ਸਿਆਸੀ ਸਫ਼ਰ ਵੀ ਕਾਫ਼ੀ ਲੰਬਾ ਰਿਹਾ ਹੈ। ਉਹ ਦੋ ਵਾਰ (2002-2007, 2017-2021) ਕਾਂਗਰਸ ਦੀ ਅਗਵਾਈ ‘ਚ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ 1980 ‘ਚ ਪਟਿਆਲਾ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ 2014 ‘ਚ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਜਿੱਤੇ ਤੇ 2014 ਤੋਂ 2016 ਤੱਕ ਸੰਸਦ ਮੈਂਬਰ ਰਹੇ।
ਇਹ ਵੀ ਪੜ੍ਹੋ
2022 ਤੋਂ ਉਹ ਭਾਜਪਾ ਨਾਲ ਜੁੜੇ ਹੋਏ ਹਨ। ਹਾਲਾਂਕਿ ਉਨ੍ਹਾਂ ਦੀ ਸਰਗਰਮ ਚੋਣੀ ਸਿਆਸਤ ਪਹਿਲਾਂ ਦੇ ਮੁਕਾਬਲੇ ਘੱਟ ਹੈ, ਪਰ ਉਹ ਅਜੇ ਵੀ ਪੰਜਾਬ ਦੇ ਸਿਆਸੀ ਮਾਮਲਿਆਂ ਤੇ ਆਪਣੀ ਰਾਏ ਰੱਖਦੇ ਹਨ।
ਸਿਮਰਨਜੀਤ ਸਿੰਘ ਮਾਨ, IPS ਤੋਂ ਲੋਕ ਸਭਾ ਤੱਕ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਪੁਲਿਸ ਪਿਛੋਕੜ ਰਿਹਾ ਹੈ। ਉਹ 1967 ਬੈਚ ਦੇ IPS ਅਧਿਕਾਰੀ ਰਹੇ ਤੇ ਪੰਜਾਬ ਪੁਲਿਸ ‘ਚ ਸੇਵਾ ਨਿਭਾਈ। ਪੁਲਿਸ ਸੇਵਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਸਿਆਸਤ ‘ਚ ਕਦਮ ਰੱਖਿਆ। ਉਹ ਪਹਿਲੀ ਵਾਰ 1989 ‘ਚ ਤਰਨ ਤਾਰਨ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਇਸ ਤੋਂ ਬਾਅਦ 1999 ‘ਚ ਉਹ ਸੰਗਰੂਰ ਤੋਂ ਲੋਕ ਸਭਾ ਪਹੁੰਚੇ।
2022 ‘ਚ ਸੰਗਰੂਰ ਲੋਕ ਸਭਾ ਸੀਟ ਤੋਂ ਉਪ ਚੋਣ ਜਿੱਤ ਕੇ ਉਹ ਤੀਜੀ ਵਾਰ ਸੰਸਦ ਮੈਂਬਰ ਬਣੇ। ਹਾਲਾਂਕਿ 2024 ਦੀ ਲੋਕ ਸਭਾ ਚੋਣ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਮਰਨਜੀਤ ਸਿੰਘ ਮਾਨ ਅਜੇ ਵੀ ਸਿਆਸਤ ‘ਚ ਸਰਗਰਮ ਹਨ।
ਕੁੰਵਰ ਵਿਜੈ ਪ੍ਰਤਾਪ ਸਿੰਘ, IPS ਅਫਸਰ ਤੋਂ ਵਿਧਾਇਕ ਤੱਕ
ਕੁੰਵਰ ਵਿਜੈ ਪ੍ਰਤਾਪ ਸਿੰਘ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਹਨ। ਉਹ 1998 ਬੈਚ ਦੇ IPS ਅਧਿਕਾਰੀ ਰਹੇ ਤੇ ਪੰਜਾਬ ਪੁਲਿਸ ‘ਚ ਆਈਜੀ ਸਮੇਤ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਈ।
ਉਨ੍ਹਾਂ ਨੇ 2021 ‘ਚ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਕੇ ਸਿਆਸਤ ‘ਚ ਕਦਮ ਰੱਖਿਆ ਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਚੁਣੇ ਗਏ। ਬਾਅਦ ‘ਚ ਪਾਰਟੀ ਨਾਲ ਉਨ੍ਹਾਂ ਦੇ ਸਬੰਧਾਂ ‘ਚ ਤਣਾਅ ਆਇਆ ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਮੁਅੱਤਲ ਵੀ ਕੀਤਾ ਗਿਆ। ਉਹ ਪੰਜਾਬ ਦੀ ਸਿਆਸਤ ‘ਚ ਇੱਕ ਚਰਚਿਤ ਚਿਹਰਾ ਬਣੇ ਹੋਏ ਹਨ।
ਜਨਰਲ ਜੇ.ਜੇ. ਸਿੰਘ, ਫੌਜ ਦੇ ਮੁਖੀ ਤੋਂ ਚੋਣ ਮੈਦਾਨ ਤੱਕ
ਜਨਰਲ ਜੇ.ਜੇ. ਸਿੰਘ ( ਜੋਗਿੰਦਰ ਜਸਵੰਤ ਸਿੰਘ) ਭਾਰਤੀ ਫੌਜ ਦੇ ਸਾਬਕਾ ਮੁਖੀ ਹਨ। ਉਹ 2005 ਤੋਂ 2007 ਤੱਕ ਚੀਫ਼ ਆਫ਼ ਆਰਮੀ ਸਟਾਫ਼ ਰਹੇ। ਉਹ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਵੀ ਰਹੇ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਪੰਜਾਬ ਦੀ ਸਿਆਸਤ ‘ਚ ਆਏ। 2017 ‘ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਪਟਿਆਲਾ ਤੋਂ ਵਿਧਾਨ ਸਭਾ ਚੋਣ ਲੜੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ‘ਚ ਮੈਦਾਨ ‘ਚ ਉਤਰੇ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਤੀਜੇ ਨੰਬਰ ‘ਤੇ ਰਹੇ। ਬਾਅਦ ‘ਚ ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਜੁੜੇ। 2022 ‘ਚ ਉਹ ਭਾਜਪਾ ‘ਚ ਸ਼ਾਮਲ ਹੋ ਗਏ।


