ਮੂਸੇਵਾਲਾ ‘ਤੇ ਕਿਤਾਬ ਲਿਖਣ ਵਾਲੇ ਲੇਖਕ ਨੂੰ ਮਿਲੀ ਜ਼ਮਾਨਤ, HC ਕੋਰਟ ਨੇ ਕੀਤੀ ਟਿੱਪਣੀ
ਇਲਜ਼ਾਮ ਹੈ ਕਿ ਕਿਤਾਬ 'ਚ ਮੂਸੇਵਾਲਾ ਦੇ ਪਰਿਵਾਰ ਵਿਰੁੱਧ ਮਾਣਹਾਨੀ ਵਾਲੀ ਸਮੱਗਰੀ ਹੈ। ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਲੇਖਕ ਨੂੰ ਅਗਾਊਂ ਜ਼ਮਾਨਤ ਨਾ ਦੇਣ ਦਾ ਕੋਈ ਠੋਸ ਕਾਰਨ ਨਹੀਂ ਹੈ ਕਿਉਂਕਿ ਇਹ ਕਿਤਾਬ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਲਿਖੀ ਗਈ ਹੈ।

Sidhu Moosewala Book: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ‘ਤੇ ਆਧਾਰਿਤ ਕਿਤਾਬ ਦੇ ਲੇਖਕ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮੂਸੇਵਾਲਾ ਦੇ ਪਿਤਾ ਵੱਲੋਂ ਲੇਖਕ ਮਨਜਿੰਦਰ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸਨੇ ‘ਦਿ ਰੀਅਲ ਰੀਜ਼ਨ ਵ੍ਹਾਈ ਦ ਲੈਜੇਂਡ ਡਾਈਡ’ ਨਾਮ ਦੀ ਕਿਤਾਬ ਲਿਖੀ ਸੀ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮਨਜਿੰਦਰ ਸਿੰਘ ‘ਤੇ ਭਾਰਤੀ ਦੰਡਾਵਲੀ (IPC) ਦੀ ਧਾਰਾ 451, 406 (ਅਪਰਾਧਿਕ ਵਿਸ਼ਵਾਸਘਾਤ) ਤੇ 380 (ਚੋਰੀ) ਦੇ ਨਾਲ-ਨਾਲ ਭਾਰਤੀ ਦੰਡਾਵਲੀ (BNS) ਦੀ ਧਾਰਾ 356 (3) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਇਲਜ਼ਾਮ ਹੈ ਕਿ ਕਿਤਾਬ ‘ਚ ਮੂਸੇਵਾਲਾ ਦੇ ਪਰਿਵਾਰ ਵਿਰੁੱਧ ਮਾਣਹਾਨੀ ਵਾਲੀ ਸਮੱਗਰੀ ਹੈ। ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਲੇਖਕ ਨੂੰ ਅਗਾਊਂ ਜ਼ਮਾਨਤ ਨਾ ਦੇਣ ਦਾ ਕੋਈ ਠੋਸ ਕਾਰਨ ਨਹੀਂ ਹੈ ਕਿਉਂਕਿ ਇਹ ਕਿਤਾਬ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਲਿਖੀ ਗਈ ਹੈ। ਇਸ ‘ਚ ਨਾ ਤਾਂ ਕਿਸੇ ਦੀ ਬੌਧਿਕ ਸੰਪਤੀ ਚੋਰੀ ਹੋਈ ਹੈ, ਨਾ ਹੀ ਕੋਈ ਗੰਭੀਰ ਅਪਰਾਧ ਹੋਇਆ ਹੈ।
ਅਦਾਲਤ ਨੇ ਕਿਹਾ ਕਿ ਅਨੁਵਾਦਿਤ ਕਿਤਾਬ ਦੇ ਅੰਸ਼ਾਂ ਦੀ ਸਮੀਖਿਆ ਦੇ ਆਧਾਰ ‘ਤੇ ਮੂਸੇਵਾਲਾ ਖਿਲਾਫ਼ ਕੋਈ ਇਤਰਾਜ਼ਯੋਗ ਜਾਂ ਅਪਮਾਨਜਨਕ ਸਮੱਗਰੀ ਨਹੀਂ ਮਿਲੀ। ਅਦਾਲਤ ਨੇ ਦੇਖਿਆ ਕਿ ਕਿਤਾਬ ‘ਚ ਦਿੱਤੇ ਗਏ ਬਿਆਨ ਜਾਇਜ਼ ਆਲੋਚਨਾ ਦੀਆਂ ਸੀਮਾਵਾਂ ਦੇ ਅੰਦਰ ਸਨ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਨਾਗਰਿਕ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 19(1) ਦੇ ਤਹਿਤ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਹਾਲਾਂਕਿ ਇਹ ਅਧਿਕਾਰ ਧਾਰਾ 19(2) ਦੇ ਤਹਿਤ ਕੁਝ ਪਾਬੰਦੀਆਂ ਦੇ ਅਧੀਨ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਅਗਾਊਂ ਜ਼ਮਾਨਤ ‘ਤੇ ਫੈਸਲਾ ਲੈਂਦੇ ਸਮੇਂ, ਸਿਰਫ਼ ਇਹ ਦੇਖਿਆ ਜਾਂਦਾ ਹੈ ਕਿ ਦੋਸ਼ “ਪਹਿਲੀ ਨਜ਼ਰੇ” ਸੱਚੇ ਜਾਪਦੇ ਹਨ ਜਾਂ ਨਹੀਂ ਅਤੇ ਹੋਰ ਵਿਆਪਕ ਹਾਲਾਤਾਂ ਦੀ ਜਾਂਚ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ
ਲੇਖਕ ਮਨਜਿੰਦਰ ਸਿੰਘ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਿੱਚ ਕਿਹਾ ਕਿ ਉਹ ਇੱਕ ਪ੍ਰੋਫੈਸਰ ਹੈ, ਜੋ ਉਸਦੀ ਬੌਧਿਕ ਅਤੇ ਅਕਾਦਮਿਕ ਭਰੋਸੇਯੋਗਤਾ ਨੂੰ ਸਾਬਤ ਕਰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਤਾਬ ਦਾ ਉਦੇਸ਼ ਵਿਦਿਅਕ ਸੀ ਤੇ ਕਿਸੇ ਵੀ ਤਰ੍ਹਾਂ ਦੇ ਨਿੱਜੀ ਲਾਭ ਜਾਂ ਬਦਨੀਤੀ ਲਈ ਨਹੀਂ ਸੀ।
ਉਨ੍ਹਾਂ ਦੇ ਵਕੀਲ ਨੇ ਇਹ ਵੀ ਕਿਹਾ ਕਿ ਲੇਖਕ ਨੇ ਕੋਈ ਚੋਰੀ ਨਹੀਂ ਕੀਤੀ ਹੈ ਅਤੇ ਕਿਤਾਬ ਵਿੱਚ ਵਰਤੀਆਂ ਗਈਆਂ ਤਸਵੀਰਾਂ ਅਤੇ ਹੋਰ ਸਮੱਗਰੀ ਇੰਟਰਨੈੱਟ ‘ਤੇ ਜਨਤਕ ਤੌਰ ‘ਤੇ ਉਪਲਬਧ ਹੈ, ਇਸ ਲਈ ਇਸ ਨੂੰ ਨਿੱਜੀ ਜਾਂ ਗੁਪਤ ਨਹੀਂ ਮੰਨਿਆ ਜਾ ਸਕਦਾ।
ਸਰਕਾਰੀ ਵਕੀਲ ਨੇ ਕੀਤਾ ਜ਼ਮਾਨਤ ਦਾ ਵਿਰੋਧ
ਸਰਕਾਰੀ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਲੇਖਕ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਘਰੋਂ ਇੱਕ ਐਲਬਮ ਚੋਰੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਿਤਾਬ ਵਿੱਚ ਸਿੱਧੂ ਮੂਸੇਵਾਲਾ ਦੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਉਨ੍ਹਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਜ਼ਿਕਰ ਹੈ।
ਕੋਰਟ ਨੇ ਕੀਤੀ ਇਹ ਟਿੱਪਣੀ
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਾਇਆ ਕਿ ਲੇਖਕ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਸੀ ਅਤੇ ਉਸਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦਾ ਕੋਈ ਠੋਸ ਆਧਾਰ ਨਹੀਂ ਸੀ।
ਅਦਾਲਤ ਨੇ ਕਿਹਾ ਕਿ ਲੇਖਕ ਦੇ ਇਰਾਦੇ ਸਹੀ ਜਾਪਦੇ ਹਨ ਅਤੇ ਉਹ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ। ਇਸ ਆਧਾਰ ‘ਤੇ ਉਸਨੂੰ ਅਗਾਊਂ ਜ਼ਮਾਨਤ ਦਿੱਤੀ ਗਈ ਸੀ ਤਾਂ ਜੋ ਜਾਂਚ ਏਜੰਸੀ ਸਮੇਂ ਸਿਰ ਆਪਣੀ ਰਿਪੋਰਟ ਪੇਸ਼ ਕਰ ਸਕੇ।