ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ "ਪਿਟ ਸਿਆਪਾ" ਦੀ ਸ਼ੂਟਿੰਗ ਨੂੰ ਫਤਿਹਗੜ੍ਹ ਸਾਹਿਬ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਇੱਕ ਮਸਜਿਦ ਵਿੱਚ ਫਿਲਮਾਏ ਗਏ ਇੱਕ ਸੀਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਦਾਕਾਰਾ ਸੋਨਮ ਬਾਜਵਾ, ਨਿਰਮਾਤਾ ਬਲਜਿੰਦਰ ਜੰਜੂਆ ਅਤੇ ਪੂਰੀ ਫਿਲਮ ਟੀਮ ਨੇ ਮੁਸਲਿਮ ਭਾਈਚਾਰੇ ਤੋਂ ਲਿਖਤੀ ਮੁਆਫ਼ੀ ਮੰਗੀ।
ਸ੍ਰੀ ਫਤਿਹਗੜ੍ਹ ਸਾਹਿਬ ਵਿਖੇਬੀਤੇ ਦਿਨੀਂ ਇੱਕ ਮਸਜਿਦ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਸੀ। ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ, ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੋਲ ਲਿਖਤ ਵਿੱਚ ਮਾਫ਼ੀ ਮੰਗੀ ਅਤੇ ਮਸਜਿਦ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਹਟਾਏ ਜਾਣਗੇ।
ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ। ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁਹੰਚੇ।
ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਇਤਰਾਜ਼
ਮੁਸਲਿਮ ਭਾਈਚਾਰੇ ਨੇ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦੀ ਇੱਕ ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ, ਸੋਮਵਾਰ ਨੂੰ ਫਿਲਮ ਦੀ ਟੀਮ ਨੇ ਗੋਬਿੰਦਗੜ੍ਹ ਨਗਰ ਕੌਂਸਲ ਦੇ ਮੁਖੀ ਹਰਪ੍ਰੀਤ ਸਿੰਘ ਪ੍ਰਿੰਸ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਦੁੱਖ ਪ੍ਰਗਟ ਕੀਤਾ। ਹਰਪ੍ਰੀਤ ਸਿੰਘ ਪ੍ਰਿੰਸ ਨੇ ਦੋਵਾਂ ਧਿਰਾਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਾਮਲਾ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਤਰਿਕੇ ਨਾਲ ਹੱਲ ਕੀਤਾ ਗਿਆ। ਜਿਸ ਨਾਲ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋਇਆ ਹੈ।
ਇਸ ਤੋਂ ਪਹਿਲਾਂ, ਮੁਸਲਿਮ ਅਤੇ ਸਿੱਖ ਸੰਗਠਨਾਂ ਨੇ ਮਸਜਿਦ ਵਿੱਚ ਬੇਅਦਬੀ ਦੇ ਇਲਜ਼ਾਮਾਂ ਨੂੰ ਲੈ ਕੇ ਵਿਰੋਧ ਦਰਜ ਕੀਤੀ ਸੀ। ਦੋਵਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਮਸਜਿਦ ਪਰਿਸਰ ਵਿੱਚ ਇਸ ਮੁੱਦੇ ‘ਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ। ਸਿੱਖ ਅਤੇ ਮੁਸਲਿਮ ਸੰਗਠਨਾਂ ਨੇ ਫਤਿਹਗੜ੍ਹ ਸਾਹਿਬ ਦੇ ਐਸਐਚਓ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਸੌਂਪੀ। ਸੰਗਠਨਾਂ ਨੇ ਇਲਜ਼ਾਮ ਲਗਾਇਆ ਕਿ ਫਿਲਮ ਦੀ ਸ਼ੂਟਿੰਗ ਕਦੇ ਵੀ ਮਸਜਿਦ ਵਿੱਚ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਧਾਰਮਿਕ ਨਿਯਮਾਂ ਦੀ ਉਲੰਘਣਾ ਕਰਦੀ ਹੈ।


