ਕੀ ਬਿੱਟੂ ਰਾਹੀਂ ਮਾਲਵਾ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਭਾਜਪਾ, ਜਾਣੋਂ ਕਿੰਨਾ ਕੁ ਹੈ ਰਵਨੀਤ ਬਿੱਟੂ ਦਾ ਸਿਆਸੀ ਪ੍ਰਭਾਵ
ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਅਤੇ ਦਿੱਗਜ਼ ਸਿਆਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ। ਹੁਣ ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਪਰ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਕਾਂਗਰਸ ਅੰਦਰ ਸਭ ਕੁੱਝ ਠੀਕ ਹੈ ? ਕਿਉਂਕਿ ਸਿੱਧੂ IPL ਵਿੱਚ ਚਲੇ ਗਏ ਹਨ ਅਤੇ ਬਿੱਟੂ ਭਾਜਪਾ ਵਿੱਚ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਹਨ ਕਿ ਉਹਨਾਂ ਨੂੰ ਤਾਂ ਕੁੱਝ ਪਤਾ ਹੀ ਨਹੀਂ ਸੀ।
ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸਾਂਸਦ ਰਵਨੀਤ ਬਿੱਟੂ ਹੁਣ ਕਾਂਗਰਸੀ ਨਹੀਂ ਰਹੇ। ਉਹ ਹੁਣ ਭਾਜਪਾ ਦੇ ਮੈਂਬਰ ਬਣ ਗਏ ਹਨ। ਮੰਗਲਵਾਰ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸਿੱਪ ਦੇਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਤੋਂ ਬਾਅਦ ਵੱਡਾ ਸਵਾਲ ਹੈ ਇਹ ਕਿ ਹੁਣ ਭਾਜਪਾ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਵਾਏਗੀ। ਜਿਸ ਦੇ ਜ਼ਿਆਦਾ ਆਸਾਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਪਾਰਟੀ ਨੂੰ ਆਪਣੀ ਰਵਾਇਤੀ ਸੀਟ ਬਚਾਉਣੀ ਔਖੀ ਹੋ ਜਾਵੇਗੀ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਪਿਛਲੇ 10 ਸਾਲਾਂ ਤੋਂ ਸਬੰਧ ਹਨ। ਮੈਂ ਇੱਕ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਮੈਂ ਉਹ ਸਮਾਂ ਦੇਖਿਆ ਹੈ ਜਦੋਂ ਪੰਜਾਬ ਹਨੇਰੇ ਵਿੱਚ ਸੀ ਅਤੇ ਬਾਹਰ ਨਿਕਲਦਾ ਵੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਹੈ। ਮੈਂ ਸਰਕਾਰ ਅਤੇ ਪੰਜਾਬ ਵਿਚਕਾਰ ਪੁਲ ਦਾ ਕੰਮ ਕਰਾਂਗਾ। ਸਾਰਿਆਂ ਨੂੰ ਨਾਲ ਲੈ ਕੇ ਜਾਵੇਗਾ। ਪੰਜਾਬ ਵਿੱਚ ਦਹਿਸ਼ਤ ਦੇ ਸਮੇਂ ਭਾਜਪਾ, ਆਰ.ਐਸ.ਐਸ ਨੇ ਮੇਰੇ ਦਾਦਾ ਬੇਅੰਤ ਸਿੰਘ ਜੀ ਨਾਲ ਮਿਲ ਕੇ ਕੰਮ ਕੀਤਾ ਸੀ। ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ।
ਕਾਂਗਰਸ ਦਾ ਸਾਥ ਕਿਉਂ ਛੱਡ ਗਏ ਬਿੱਟੂ ?
ਬੇਸ਼ੱਕ ਪਿਛਲੇ ਕੁੱਝ ਦਿਨਾਂ ਤੋਂ ਬਿੱਟੂ ਲੁਧਿਆਣਾ ਵਿੱਚ ਬਹੁਤ ਐਕਟਿਵ ਹੋਕੇ ਵਰਕਰਾਂ ਨੂੰ ਮਿਲ ਰਹੇ ਸੀ ਅਤੇ ਨਗਰ ਨਿਗਮ ਖਿਲਾਫ਼ ਮੁਖਰ ਹੋਕੇ ਬੋਲ ਰਹੇ ਸਨ। ਜਿਸ ਨੂੰ ਦੇਖਦਿਆਂ ਪਹਿਲੀ ਨਜ਼ਰੀ ਕੋਈ ਇਹ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਸੀ ਕਿ ਬਿੱਟੂ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਹਨ।
ਪਰ ਪਾਰਟੀ ਅੰਦਰ ਇਹ ਵੀ ਚਰਚਾਵਾਂ ਸਨ ਕਿ ਬਿੱਟੂ ਦੀ ਸੀਟ ਵਿੱਚ ਕੋਈ ਤਬਦੀਲੀ ਹੋ ਸਕਦੀ ਹੈ। ਪਾਰਟੀ ਅਗਲੀ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਿਸੇ ਹੋਰ ਸੀਟ ਤੋਂ ਚੋਣ ਮੈਦਾਨ ਵਿੱਚ ਭੇਜ ਸਕਦੀ ਹੈ। ਕਿਉਂਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਸਾਂਸਦ ਮਨੀਸ਼ ਤਿਵਾੜੀ ਲੁਧਿਆਣਾ ਤੋਂ ਚੋਣ ਲੜਣ ਦੀ ਇੱਛਾ ਪਾਰਟੀ ਹਾਈਕਮਾਨ ਅੱਗੇ ਜ਼ਾਹਿਰ ਕਰ ਚੁੱਕੇ ਹਨ। ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਇਸ ਗੱਲ ਤੇ ਵਿਚਾਰ ਕਰ ਰਹੀ ਸੀ ਕਿ ਦੋਵਾਂ ਆਗੂਆਂ ਵਿੱਚੋਂ ਲੁਧਿਆਣਾ ਸੀਟ ਲਈ ਮਜ਼ਬੂਤ ਆਗੂ ਕੌਣ ਹੈ।
ਅਜਿਹੇ ਵਿੱਚ ਜੇਕਰ ਇਹ ਸੀਟ ਪਾਰਟੀ ਬਿੱਟੂ ਦੀ ਥਾਂ ਕਿਸੇ ਹੋਰ ਨੂੰ ਦੇ ਦਿੰਦੀ ਤਾਂ ਬਿੱਟੂ ਲਈ ਬਗਾਵਤ ਕਰਨੀ ਸੌਖੀ ਨਹੀਂ ਹੋਣੀ ਸੀ। ਕਿਉਂਕਿ ਇਸ ਨਾਲ ਉਹਨਾਂ ਨੂੰ ਵਰਕਰਾਂ ਦੀ ਮਿਲਣ ਵਾਲੀ ਹਮਦਰਦੀ ਵੋਟ ਦਾ ਨੁਕਸਾਨ ਹੋ ਸਕਦਾ ਸੀ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਬਿੱਟੂ ਨੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਤਿੰਨ ਵਾਰ ਦੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਛੱਡਿਆ ਕਾਂਗਰਸ ਦਾ ਹੱਥ, BJP ਚ ਹੋਏ ਸ਼ਾਮਲ
ਬਿੱਟੂ ਨੂੰ ਵਿਰਾਸਤ ਵਿੱਚ ਮਿਲੀ ਸਿਆਸਤ
ਰਵਨੀਤ ਸਿੰਘ ਬਿੱਟੂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ। ਉਹਨਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੈ ਅਤੇ ਉਹਨਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਬੇਅੰਤ ਸਿੰਘ ਸਾਲ 1960 ਵਿੱਚ ਪਹਿਲੀ ਵਾਰ ਪੰਚਾਇਤੀ ਚੋਣ ਜਿੱਤੇ ਅਤੇ ਉਹ 1992 ਤੋਂ 95 ਤੱਕ ਪੰਜਾਬ ਦੇ 12ਵੇਂ ਮੁੱਖ ਮੰਤਰੀ ਰਹੇ।
ਰਵਨੀਤ ਸਿੰਘ ਬਿੱਟੂ ਨੂੰ ਵੀ ਸਿਆਸਤ ਵਾਲੀ ਗੁੜਤੀ ਆਪਣੇ ਦਾਦਾ ਜੀ ਤੋਂ ਮਿਲੀ। ਉਹ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 2009 ਵਿੱਚ ਕੀਤੀ। ਉਹਨਾਂ ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਆਨੰਦਪੁਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਇੱਥੇ ਬਿੱਟੂ ਨੇ ਅਕਾਲੀ ਦਲ ਦੇ ਦਲਜੀਤ ਚੀਮਾ ਨੂੰ 67204 ਵੋਟਾਂ ਨਾਲ ਹਰਾਇਆ।
ਜਿਸ ਤੋਂ ਬਾਅਦ 2014 ਵਿੱਚ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਦੀ ਸੀਟ ਬਦਲ ਕੇ ਉਨ੍ਹਾਂ ਨੂੰ ਲੁਧਿਆਣਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਐਚਐਸ ਫੁਲਕਾ ਨੂੰ 19709 ਵੋਟਾਂ ਨਾਲ ਹਰਾਇਆ। 2019 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਮੁੜ ਲੁਧਿਆਣਾ ਸੀਟ ਤੋਂ ਟਿਕਟ ਦਿੱਤੀ। ਇਸ ਵਾਰ ਬਿੱਟੂ ਨੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ 76372 ਵੋਟਾਂ ਨਾਲ ਹਰਾਇਆ।