ਚੰਡੀਗੜ੍ਹ ਕੋਰਟ ਕੰਪਲੈਕਸ ਦੇ ਅੰਦਰ ਚੱਲੀ ਗੋਲੀ, IRS ਅਫ਼ਸਰ ਦਾ ਕਤਲ
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਮੁਅੱਤਲ ਏਆਈਜੀ ਅਧਿਕਾਰੀ ਨੇ ਆਪਣੇ ਹੀ ਆਈਆਰਐਸ ਜਵਾਈ ਨੂੰ ਗੋਲੀ ਮਾਰ ਦਿੱਤੀ ਹੈ। ਸਹੁਰੇ ਨੇ ਜਵਾਈ 'ਤੇ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ 2 ਉਸ ਨੂੰ ਲੱਗੀਆਂ।
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਸਾਬਕਾ AIG ਸਹੁਰੇ ਵੱਲੋਂ ਆਪਣੇ ਹੀ ਜਵਾਈ ਨੂੰ ਗੋਲੀਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਵਾਈ ਆਈਆਰਐਸ ਅਫ਼ਸਰ ਸੀ। ਇਸ ਘਟਨਾ ਤੋਂ ਬਾਅਦ ਪੂਰੇ ਟ੍ਰਾਈ ਸਿਟੀ ‘ਚ ਹੜਕੰਪ ਮਚ ਗਿਆ ਹੈ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਹੁਰੇ ਨੇ ਆਪਣੇ ਜਵਾਈ ‘ਤੇ ਇੱਕ ਤੋਂ ਬਾਅਦ ਇੱਕ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਦੋ ਗੋਲੀਆਂ ਉਸ ਨੂੰ ਲੱਗੀਆਂ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਅੰਦਰ ਪੁੱਜਿਆ ਸੀ। ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ ਆਈਆਰਐਸ ਪੋਸਟ ਤੇ ਤਾਇਨਾਤ ਸੀ। ਉਸ ਦੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਸੁਣਵਾਈ ਦੌਰਾਨ ਉਸ ਦੇ ਸਹੁਰਾ ਮੁਅੱਤਲ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਵੀ ਅਦਾਲਤ ਵਿੱਚ ਪੁੱਜੇ। ਅਦਾਲਤ ਵਿੱਚ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਮੁਲਜ਼ਮ ਸਹੁਰੇ ਨੇ ਵਾਸ਼ਰੂਮ ਜਾਣ ਲਈ ਕਿਹਾ।
ਅਦਾਲਤ ਦੇ ਗਲਿਆਰੇ ਵਿੱਚ ਚਲਾਈਆਂ ਗੋਲੀਆਂ
ਜਵਾਈ ਹਰਪ੍ਰੀਤ ਨੇ ਵਾਸ਼ਰੂਮ ਜਾਣ ਬਾਰੇ ਆਪਣੇ ਸਹੁਰੇ ਨੂੰ ਕਿਹਾ, ਮੈਂ ਤੁਹਾਨੂੰ ਰਸਤਾ ਦਿਖਾ ਦਿੰਦਾ ਹਾਂ। ਫਿਰ ਦੋਵੇਂ ਬਾਹਰ ਵਾਸ਼ਰੂਮ ਗਏ ਤਾਂ ਮੁਲਜ਼ਮ ਸਹੁਰੇ ਮਾਲਵਿੰਦਰ ਨੇ ਪਿਸਤੌਲ ਕੱਢ ਕੇ ਇੱਕ ਤੋਂ ਬਾਅਦ ਇੱਕ ਪੰਜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਹਰਪ੍ਰੀਤ ਨੂੰ ਲੱਗੀਆਂ। ਦੋ ਗੋਲੀਆਂ ਅਚਾਨਕ ਚਲਾਈਆਂ ਗਈਆਂ ਅਤੇ ਇੱਕ ਗੋਲੀ ਪਿਛਲੇ ਦਰਵਾਜ਼ੇ ਵਿੱਚ ਲੱਗੀ। ਗੋਲੀ ਚੱਲਣ ਦੀ ਆਵਾਜ਼ ਆਉਣ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਥੇ ਮੌਜੂਦ ਵਕੀਲ ਭੱਜ ਕੇ ਆਇਆ ਅਤੇ ਮੁਲਜ਼ਮ ਸਹੁਰੇ ਨੂੰ ਕਮਰੇ ‘ਚ ਬੰਦ ਕਰ ਦਿੱਤਾ।
ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਵਕੀਲਾਂ ਨੇ ਜ਼ਖਮੀ ਹਰਪ੍ਰੀਤ ਨੂੰ ਤੁਰੰਤ ਚੁੱਕ ਕੇ ਬਾਹਰ ਲਿਆਂਦਾ, ਜਿਸ ਤੋਂ ਬਾਅਦ ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਹਰਪ੍ਰੀਤ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਰਪ੍ਰੀਤ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਡਾਕਟਰਾਂ ਨੇ ਹਰਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਸਹੁਰੇ ਨੂੰ ਹਿਰਾਸਤ ‘ਚ ਲੈ ਕੇ ਸਬੂਤ ਇਕੱਠੇ ਕੀਤੇ। ਹਾਦਸੇ ਤੋਂ ਬਾਅਦ ਕੋਰਟ ਕੰਪਲੈਕਸ ‘ਚ ਮੌਜੂਦ ਜੱਜ ਵੀ ਮੌਕੇ ‘ਤੇ ਪਹੁੰਚ ਗਏ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: ਅੰਮ੍ਰਿਤਸਰ ਚ 3.5 ਕਿਲੋ ਹੈਰੋਇਨ ਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਮੁਲਜ਼ਮ ਗ੍ਰਿਫਤਾਰ