Court Hearing: ਕੋਟ ਫ਼ੱਤਾ ਦਲਿਤ ਭੈਣ ਭਰਾ ਬਲੀ ਕਾਂਡ, ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
Bathinda Court Hearing: ਕੋਟ ਫੱਤਾ ਵਿੱਚ ਦਲਿਤ ਮਾਸੂਮ ਭੈਣ ਭਰਾ ਦੀ ਬਲੀ ਚੜ੍ਹਾਉਣ ਦੇ ਮਾਮਲੇ ਵਿੱਚ ਅਦਾਲਤ ਨੇ 7 ਦੋਸ਼ੀਆਂ ਨੂੰ ਉਮਰ ਭਰ ਦੀ ਕੈਦ ਸੁਣਾਈ ਹੈ। ਜਨਤਕ ਧਿਰਾਂ ਵੱਲੋਂ ਗਠਿਤ ਐਕਸ਼ਨ ਕਮੇਟੀ ਦੇ ਯਤਨਾਂ ਤੋਂ ਬਾਅਦ ਹੀ ਫੈਸਲਾ ਸਾਹਮਣੇ ਆਇਆ ਹੈ।

ਬਠਿੰਡਾ ਨਿਊਜ਼: ਬਠਿੰਡਾ ਜਿਲ੍ਹਾ ਦੇ ਕੋਟ ਫੱਤਾ ਵਿੱਚ ਔਲਾਦ ਪ੍ਰਾਪਤੀ ਲਈ ਦਲਿਤ ਮਾਸੂਮ ਭੈਣ ਭਰਾ ਦੀ ਬਲੀ ਚੜ੍ਹਾਉਣ ਦੇ ਮਾਮਲੇ ਵਿੱਚ ਐਡੀਸ਼ਨਲ ਸ਼ੈਸਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਨੇ 7 ਦੋਸ਼ੀਆਂ ਨੂੰ ਉਮਰ ਭਰ ਦੀ ਕੈਦ (Life imprisonment) ਸੁਣਾਈ ਹੈ। ਪੁਰਾਤਨ ਵੇਲ਼ਿਆਂ ਦੀ ਤਰਜ਼ ਤੇ ਪਿੰਡ ਕੋਟ ਕੋਟ ਫੱਤਾ ਵਿੱਚ ਵਾਪਰੇ ਇਸ ਕਤਲ ਨੂੰ ਲੈ ਕੇ ਜਨਤਕ ਧਿਰਾਂ ਵੱਲੋਂ ਐਕਸ਼ਨ ਕਮੇਟੀ ਬਣਾਈ ਗਈ ਸੀ। ਜਿਸ ਦੇ ਯਤਨਾਂ ਤੋਂ ਬਾਅਦ ਹੀ ਫੈਸਲਾ ਸਾਹਮਣੇ ਆਇਆ ਹੈ।
ਮੁੱਖ ਮੁਲਜ਼ਮ ਨੇ ਕੀਤੀ ਰਹਿਮ ਦੀ ਅਪੀਲ
ਕੋਰਟ ਨੇ ਜਦੋਂ ਸਜਾ ਸੁਣਾਈ ਤਾਂ ਬਲੀ ਕਾਂਡ ਦਾ ਮੁੱਖ ਦੋਸ਼ੀ ਭਵਿੱਖ ਦੱਸਣ ਵਾਲਾ ਲੱਖੀ ਤਾਂਤਰਿਕ ਅਦਾਲਤ (Court) ਵਿੱਚ ਰੋ ਰੋ ਕੇ ਹੱਥ ਜੋੜ ਕੇ ਰਹਿਮ ਦੀਆਂ ਅਪੀਲਾਂ ਮੰਗਣ ਲੱਗਿਆ ਪਰ ਕੋਰਟ ਨੇ ਇਸ ਵਲ ਧਿਆਨ ਨਹੀਂ ਦਿੱਤਾ। ਇਸ ਕੇਸ ਦੀ ਸੰਵੇਧਨਸ਼ੀਲਤਾ ਨੂੰ ਵੇਖਦੇ ਹੋਈਆਂ ਮੀਡੀਆ ਕਰਮੀਆਂ ਦੀ ਵੀ ਕੋਰਟ ਵਿੱਚ ਪਹੁੰਚੇ ਸਨ। ਇਸ ਮੌਕੇ ਵੱਡੀ ਗਿਣਤੀ ਵਕੀਲ ਭਾਈਚਾਰਾ ਵੀ ਮੌਕੇ ‘ਤੇ ਮੋਜੂਦ ਸੀ। ਦੋਸ਼ਿਆਂ ‘ਚ ਇੱਕ ਹੀ ਪਰਿਵਾਰ ਦੇ ਛੇ ਮੈਂਬਰ ਜਿਨ੍ਹਾਂ ਵਿਚੋਂ ਤਿੰਨ ਔਰਤਾਂ ਸ਼ਾਮਲ ਹਨ।
ਜੱਜ ਨੇ ਦੋਸ਼ੀਆਂ ਨੂੰ ਸੁਣਾਈ ਮਾਮਲੇ ਵਿੱਚ ਸਜ਼ਾ
ਐਕਸਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਪੀੜਤ ਧਿਰ ਦੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਰਾੜ ਨੇ ਅਦਾਲਤ ਤੋਂ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ। ਜੱਜ ਸਾਹਿਬ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ 15 ਮਿੰਟ ਬਾਅਦ ਆਉਣ ਦੀ ਹਿਦਾਇਤ ਦਿੱਤੀ। ਜਿਸ ਤੋਂ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਨੇ ਸਮੂਹ ਦੋਸ਼ੀਆਂ ਨੂੰ ਕਤਲ ਕੇਸ ਧਾਰਾ 302 ਤੇ ਸਾਜਿਸ਼ ਵਿੱਚ ਸਮੂਲੀਅਤ 120 ਬੀ ਤਹਿਤ ਉਮਰ ਭਰ ਦੀ ਕੈਦ ਅਤੇ 10-10 ਹਜ਼ਾਰ ਰੁਪਏ ਦੀਆਂ ਸਜ਼ਾ ਸੁਣਾਈ।
ਫਾਂਸੀ ਦੀ ਸਜ਼ਾ ਲਈ ਕਰਾਂਗੇ ਹਾਈਕੋਰਟ ਦਾ ਰੁਖ
ਅਦਾਲਤ ਦੇ ਫੈਸਲੇ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਮੁਲਾਕਾਤ ਦੌਰਾਨ ਵਕੀਲ ਚਰਨਪਾਲ ਸਿੰਘ ਬਰਾੜ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਬਲਜਿੰਦਰ ਸਿੰਘ ਕੋਟਭਾਰਾ ਨੇ ਐਲਾਨ ਕੀਤੀ ਕਿ ਉਹ ਮੁਖ ਤਿੰਨ ਮੁਲਾਜ਼ਮਾਂ ਤਾਂਤਰਿਕ ਲਖਵਿੰਦਰ ਲੱਖੀ, ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਹਨਾਂ ਦੇ ਪਿਤਾ ਕੁਲਵਿੰਦਰ ਵਿੱਕੀ ਨੂੰ ਫਾਂਸੀ ਦੀਆਂ ਸਜਾਵਾਂ ਲਈ ਹਾਈਕੋਰਟ (High Court) ਵਿੱਚ ਕੇਸ ਦਾਇਰ ਕਰਨਗੇ।