Kotkapura Firing Case: ਫਰੀਦਕੋਟ ਅਦਾਲਤ ‘ਚ ਪੇਸ਼ ਹੋਏ ਸੁਖਬੀਰ ਅਤੇ ਪ੍ਰਕਾਸ਼ ਬਾਦਲ
ਇਸ ਮਾਮਲੇ ਵਿਚ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਉਸ ਦਿਨ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ਵਿਚ ਮੁੜ ਪੇਸ਼ ਹੋਣਗੇ।
Kotkapura Goli Kand Case : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਅਦਾਲਤ (Faridkot Court) ਵਿੱਚ ਪੇਸ਼ ਹੋਏ। ਦੋਵਾਂ ਖਿਲਾਫ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਕਥਿਤ ਸਾਜ਼ਿਸ਼ ਘੜਣ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਦੋਵਾਂ ਨੂੰ ਹੀ ਅਗਾਊਂ ਜਮਾਨਤ ਮਿਲ ਚੁੱਕੀ ਹੈ। ਐਸਆਈਟੀ ਵੱਲੋਂ ਅਦਾਲਤ ਵਿੱਚ 24 ਫਰਵਰੀ ਨੂੰ ਦੋਵਾਂ ਬਾਦਲਾਂ ਸਣੇ 6 ਹੋਰਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ। ਬਾਦਲਾਂ ਦੇ ਨਾਲ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠਿਆ ਸਮੇਤ ਪਾਰਟੀ ਦੇ ਕਈ ਵੱਡੇ ਆਗੂ ਅਤੇ ਵਰਕਰ ਵੀ ਅਦਾਲਤ ਵਿੱਚ ਪਹੁੰਚੇ ਸਨ।
23 ਮਾਰਚ ਨੂੰ ਪੇਸ਼ ਹੋਣ ਦੇ ਦਿੱਤੇ ਸਨ ਹੁਕਮ
23 ਮਾਰਚ ਯਾਨੀ ਅੱਜ ਅਦਾਲਤ ਨੇ ਬਦਲਾਂ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਸੰਮਨ (Summon) ਜਾਰੀ ਕੀਤੀ ਸਨ। ਦੋਵਾਂ ਨੇ ਅਗਾਉ ਜ਼ਮਾਨਤ ਲਈ ਕੋਰਟ ਵਿੱਚ 5-5 ਲੱਖ ਦੇ ਨਿੱਜੀ ਮੁਚੱਲਕੇ ਭਰੇ। ਜਿਕਰਯੋਗ ਹੈ ਕਿ ਇਸ ਇਨ੍ਹਾਂ ਮਾਮਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਨੂੰ ਫਰੀਦਕੋਟ ਦੀ ਅਦਾਲਤ ਤੋਂ ਅਤੇ ਉਪ ਮੁੱਖ ਮੰਤਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਅਗਾਊਂ ਜਮਾਨਤ ਮਿਲ ਚੁੱਕੀ ਹੈ।
ਅਕਾਲੀ ਆਗੂਆਂ ਦਾ ਵੱਡਾ ਇਕੱਠ, ਵਿਰੋਧ ਚ ਨਾਅਰੇਬਾਜੀ
ਜਾਣਕਾਰੀ ਮੁਤਾਬਕ, ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਫਰੀਦਕੋਟ ਕੋਰਟ ਵਿੱਚ ਪਹੁੰਚਣ ਲਈ ਸੁਨੇਹੇ ਭੇਜੇ ਗਏ ਸਨ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਦੋਂ ਕੋਰਟ ਵਿੱਚ ਪੇਸ਼ ਹੋਏ ਤਾਂ ਉਨ੍ਹਾਂ ਅਕਾਲੀ ਆਗੂ ਅਤੇ ਐੱਮਪੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠਿਆ ਦੇ ਨਾਲ-ਨਾਲ ਪੰਜਾਬ ਭਰ ਦੇ ਅਕਾਲੀ ਦਲ ਪਾਰਟੀ ਦੇ ਵੱਡੇ ਆਗੂ ਅਤੇ ਵਰਕਰ ਮੌਜੂਦ ਰਹੇ। ਇਸ ਮੌਕੇ ਅਕਾਲੀ ਵਰਕਰਾਂ ਵੱਲੋਂ ਬਾਦਲਾਂ ਦੀ ਹਿਮਾਇਤ ਵਿੱਚ ਨਾਅਰੇਬਾਜੀ ਵੀ ਕੀਤੀ ਗਈ। ਉੱਧਰ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਫਰੀਦਕੋਟ ਅਦਾਲਤ ਵਿਚ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਸਿੱਖ ਆਗੂਆਂ ਵਲੋਂ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ।
ਸੁਖਬੀਰ ਸਿੰਘ ਬਾਦਲ ਦਾ ‘ਆਪ’ ਤੇ ਨਿਸ਼ਾਨਾ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਤੇ ਸਾਜਿਸ਼ ਰੱਚਨ ਦਾ ਦੋਸ਼ ਲਗਾਉਂਦਿਆ ਕਿਹਾ ਕਿ ਆਪ ਸਰਕਾਰ ਉਨ੍ਹਾਂ ਨੂੰ ਫਸਾਉਣ ਲਈ ਭਾਵੇਂ ਜਿਨ੍ਹਾਂ ਵੀ ਜੋਰ ਲਗਾ ਲਵੇ, ਪਰ ਉਨ੍ਹਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਬਹਤੁ ਛੇਤੀ ਨਿਰਦੋਸ਼ ਸਾਬਿਤ ਹੋ ਜਾਣਗੇ।
ਸੱਤ ਹਜਾਰ ਪੰਨਿਆਂ ਦੀ ਦਾਇਰ ਕੀਤੀ ਗਈ ਸੀ ਚਾਰਜਸ਼ੀਟ
ਦੱਸ ਦੇਈਏ ਕਿ ਬੀਤੇ ਦਿਨੀਂ ਇਸ ਮਾਮਲੇ ਵਿੱਚ ਫ਼ਰੀਦਕੋਟ ਅਦਾਲਤ ਵਿੱਚ ਐੱਸਆਈਟੀ ਵੱਲੋਂ 7000 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਕੋਰਟ ਨੇ ਸਾਰੇ ਨਾਮਜਦ ਵਿਅਕਤੀਆਂ ਨੂੰ 23 ਮਾਰਚ ਯਾਨੀ ਅੱਜ ਲਈ ਕੋਰਟ ਵਿੱਚ ਹਾਜਰ ਰਹਿਣ ਦੇ ਸੰਮਨ ਜਾਰੀ ਕੀਤੇ ਗਏ ਸਨ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪਹਿਲਾਂ ਬਣੀ ਵਿਸੇਸ ਜਾਂਚ ਟੀਮ ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਸੀ ਅਤੇ ਉਸ ਵਿਚ ਪਰਮਰਾਜ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਵਿਚ ਕਈ ਦਿਨਾਂ ਤੱਕ ਪੁਲਿਸ ਰਿਮਾਡ ਤੇ ਵੀ ਰਹੇ ਸਨ ਅਤੇ ਕਰੀਬ 4 ਮਹੀਨਿਆ ਬਾਅਦ ਉਹਨਾਂ ਦੀ ਜਮਾਨਤ ਹੋਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਜਾਂਚ ਟੀਮ ਦੀ ਸਾਰੀ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਕ ਨਵੀ ਵਿਸੇਸ ਜਾਂਚ ਟੀਮ ਬਣਾਉਣ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ।