ਹੁਣ ਖਾਤੇ ‘ਚੋਂ ਪੈਸੇ ਗਾਇਬ ਨਹੀਂ ਹੋਣ ਦੇਵੇਗੀ ਸਰਕਾਰ, ਸਕੈਮਰਜ਼ ‘ਤੇ ਸ਼ਿਕੰਜਾ ਕਸਣ ਲਈ ਬਣਾਇਆ ਪਲਾਨ
ਅੱਜ ਕੱਲ੍ਹ ਹਰ ਪਿੰਡ ਵਿੱਚ ਲੋਕ UPI ਰਾਹੀਂ ਡਿਜੀਟਲ ਪੇਮੈਂਟ ਕਰਨ ਲੱਗ ਪਏ ਹਨ। ਇਸ ਦੇ ਨਾਲ ਹੀ ਲੋਕਾਂ ਨਾਲ ਕਈ ਤਰ੍ਹਾਂ ਦੀ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਹੁਣ ਮੋਦੀ ਸਰਕਾਰ ਇਸ ਤਰ੍ਹਾਂ ਦੇ 'ਘੁਟਾਲੇ' ਤੁਹਾਡੇ ਨਾਲ ਹੋਣ ਤੋਂ ਰੋਕਣ ਦੀ ਤਿਆਰੀ ਕਰ ਰਹੀ ਹੈ।
ਸਬਜ਼ੀ ਦੀ ਦੁਕਾਨ ਹੋਵੇ ਜਾਂ ਕਿਸੇ ਮਹਿੰਗੇ ਰੈਸਟੋਰੈਂਟ ਵਿੱਚ ਭੋਜਨ ਲਈ ਭੁਗਤਾਨ ਕਰਨਾ, UPI ਭੁਗਤਾਨ ਨੇ ਸਾਡੇ ਸਾਰਿਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪਰ ਚੋਰਾਂ ਅਤੇ ਧੋਖੇਬਾਜ਼ਾਂ ਨੇ ਇਸ ਤੋਂ ਵੀ ਵੱਧ ਸਕੈਮ ਕਰਨ ਦੇ ਤਰੀਕੇ ਲੱਭ ਲਏ ਹਨ। ਕਦੇ ਕਿਸੇ ਨੂੰ UPI ID ਦਾ ਲਿੰਕ ਭੇਜ ਕੇ ਜਾਂ ਕਿਸੇ ਨੂੰ QR ਕੋਡ ਭੇਜ ਕੇ ਹਰ ਰੋਜ਼ ‘ਧੋਖਾਧੜੀ’ ਕੀਤੀ ਜਾ ਰਹੀ ਹੈ। ਹੁਣ ਸਰਕਾਰ ਨੇ ਇਨ੍ਹਾਂ ਸਾਰੇ ‘ਸਕੈਮਸ’ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸਦਾ ਮਤਲਬ ਹੈ ਕਿ ਤੁਹਾਡੇ ਖਾਤੇ ਤੋਂ ਪੈਸੇ ਹੁਣ ਗਾਇਬ ਨਹੀਂ ਹੋਣਗੇ।
ਦਰਅਸਲ, ਵਿੱਤ ਮੰਤਰਾਲੇ, ਭਾਰਤੀ ਰਿਜ਼ਰਵ ਬੈਂਕ, ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲਾਜੀ ਮੰਤਰਾਲੇ ਨੇ ਇਸ ਸਬੰਧ ਵਿੱਚ UPI ਸੇਵਾ ਪ੍ਰਦਾਨ ਕਰਨ ਵਾਲੀ ਸਰਕਾਰੀ ਕੰਪਨੀ ‘ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ’ (NPCI) ਨਾਲ ਵਿਸਤ੍ਰਿਤ ਗੱਲਬਾਤ ਕੀਤੀ ਹੈ।
ਸਕੈਮ ਕਿਵੇਂ ਹੁੰਦਾ ਹੈ?
ਧੋਖਾਧੜੀ ਕਰਨ ਵਾਲੇ ਤੁਹਾਨੂੰ ਧੋਖਾ ਦੇਣ ਲਈ ਕਈ ਤਰੀਕੇ ਅਪਣਾਉਂਦੇ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਤਰੀਕਾ ਹੈ ਲੋਕਾਂ ਨੂੰ ਐਸਐਮਐਸ ਭੇਜ ਕੇ ਲਾਟਰੀ ਜਿੱਤਣ ਜਾਂ ਬਹੁਤ ਸਾਰਾ ਪੈਸਾ ਪ੍ਰਾਪਤ ਕਰਨ ਦੀ ਸੂਚਨਾ ਦੇਣਾ, ਇਸ ਵਿੱਚ ਭੁਗਤਾਨ ਲਈ ਲਿੰਕ ਹੋਣਾ ਅਤੇ ਫਿਰ ਖਾਤਾ ਹੈਕ ਕਰਨਾ। ਇਸ ਤੋਂ ਬਾਅਦ ਖਾਤੇ ‘ਚੋਂ ਪੈਸੇ ਗਾਇਬ ਹੋ ਗਏ। ਹਾਲ ਹੀ ‘ਚ QR ਕੋਡ ਦੀ ਵਰਤੋਂ ਕਰਕੇ ਧੋਖਾਧੜੀ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਹਨ।
ਲੋਕ ਤੁਹਾਨੂੰ ਇੱਕ QR ਕੋਡ ਭੇਜਦੇ ਹਨ ਅਤੇ ਤੁਹਾਨੂੰ ਇਸ ਨੂੰ ਸਕੈਨ ਕਰਨ ਲਈ ਭਰਮਾਉਂਦੇ ਹਨ। ਜਿਵੇਂ ਹੀ ਤੁਸੀਂ ਉਹ ਸਕੈਨ ਕਰਦੇ ਹੋ, ਤੁਹਾਡੇ ਖਾਤੇ ਦੇ ਵੇਰਵੇ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ ਅਤੇ ਫਿਰ ਤੁਹਾਡੇ ਖਾਤੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਹਨ। ਹਾਲਾਂਕਿ ਹੁਣ ਇਸ ਸਭ ‘ਤੇ ਜਲਦੀ ਹੀ ਰੋਕ ਲੱਗ ਸਕਦੀ ਹੈ, ਕਿਉਂਕਿ ਸਰਕਾਰ ਨੇ ਇਸ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ।
ਇਸ ਤਰ੍ਹਾਂ ਹੋਵੇਗਾ ਬਚਾਅ
ਸਾਰੀਆਂ ਸਰਕਾਰੀ ਏਜੰਸੀਆਂ ਡਿਜੀਟਲ ਭੁਗਤਾਨਾਂ ਨੂੰ ਵਾਧੂ ਸੁਰੱਖਿਅਤ ਬਣਾਉਣ ਅਤੇ ਸਕੈਮਰਜ਼ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਹੁਣ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਦੋਂ ਵੀ ਕੋਈ ਡਿਜੀਟਲ ਮਾਧਿਅਮ ਰਾਹੀਂ ਕੋਈ ਵੱਡਾ ਭੁਗਤਾਨ ਲੈਣ-ਦੇਣ ਕਰਦਾ ਹੈ ਤਾਂ ਉਸ ਕੋਲ ਵਾਧੂ ਸੁਰੱਖਿਆ ਪਰਤ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ
ਫਿਲਹਾਲ, UPI ਰਾਹੀਂ ਭੁਗਤਾਨ ਕਰਦੇ ਸਮੇਂ, ਤੁਹਾਨੂੰ ਸਕੈਨ ਕਰਨ ਤੋਂ ਬਾਅਦ ਸਿਰਫ ਆਪਣਾ ‘ਪਿੰਨ ਕੋਡ’ ਦਰਜ ਕਰਨਾ ਪੈਂਦਾ ਹੈ, ਪਰ ਜਲਦੀ ਹੀ ਅਜਿਹਾ ਫਿਲਟਰ ਆ ਸਕਦਾ ਹੈ ਕਿ ਇੱਕ ਨਿਸ਼ਚਿਤ ਰਕਮ ਤੋਂ ਵੱਧ ਭੁਗਤਾਨ ਕਰਨ ਲਈ, ਤੁਹਾਨੂੰ OTP ਵੀ ਦਾਖਲ ਕਰਨਾ ਹੋਵੇਗਾ। ਹਾਲ ਹੀ ‘ਚ ਕੁਝ ਬੈਂਕਾਂ ਨੇ ਵੀ ਆਪਣੇ ATM ‘ਚ ਅਜਿਹੀ ਸੁਵਿਧਾ ਸ਼ੁਰੂ ਕੀਤੀ ਹੈ, ਜਿੱਥੇ ATM ਤੋਂ ਪੈਸੇ ਕਢਵਾਉਣ ਲਈ ਤੁਹਾਨੂੰ PIN ਕੋਡ ਦੇ ਨਾਲ OTP ਨੰਬਰ ਦੇਣਾ ਹੋਵੇਗਾ।
ਇੰਨਾ ਹੀ ਨਹੀਂ, ਸਰਕਾਰ ਡਿਜੀਟਲ ਪੇਮੈਂਟ ਐਪਸ ‘ਚ ਅਜਿਹੇ ਫੀਚਰਸ ਨੂੰ ਜੋੜਨ ‘ਤੇ ਵੀ ਵਿਚਾਰ ਕਰ ਰਹੀ ਹੈ ਜੋ ਸਿਮ ਕਲੋਨਿੰਗ ਅਤੇ ਫਰਜ਼ੀ QR ਕੋਡ ਦੀ ਪਛਾਣ ਕਰ ਸਕਣ। ਇਸ ਤੋਂ ਇਲਾਵਾ NPCI ਨੇ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੀ ‘ਭੋਲਾ’ ਸੀਰੀਜ਼ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਈ ਹੈ।