ਪਾਕਿਸਤਾਨ ‘ਚ ਫਿਰ ਹੋਵੇਗਾ ਤਖ਼ਤਾ ਪਲਟ! ਸਾਬਕਾ ਪੀਐਮ ਨੇ ਕਿਹਾ-ਦੇਸ਼ ਦੀ ਹਾਲਤ ਬਹੁਤ ਖਰਾਬ ਹੈ, ਫੌਜ ਸੱਤਾ ਦੀ ਕੁਰਸੀ ਹਥਿਆਏਗੀ
Pakistan News: ਪਾਕਿਸਤਾਨ ਇਸ ਸਮੇਂ ਨਾਜ਼ੁਕ ਸਥਿਤੀ 'ਚੋਂ ਗੁਜ਼ਰ ਰਿਹਾ ਹੈ। ਗੁਆਂਢੀ ਦੇਸ਼ ਦੇ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਹੁਣ ਫੌਜ ਉਥੇ ਕਿਸੇ ਵੀ ਸਮੇਂ ਤਖਤਾ ਪਲਟ ਕਰ ਸਕਦੀ ਹੈ। ਜਾਣੋ ਆਖਿਰ ਕੀ ਹੈ ਪੂਰਾ ਮਾਮਲਾ।
Pakistan News: ਗੁਆਂਢੀ ਦੇਸ਼ ਪਾਕਿਸਤਾਨ (Pakistan) ਦੀ ਆਰਥਿਕ ਅਤੇ ਸਿਆਸੀ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ। ਦੇਸ਼ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਫੌਜ ਹੁਣ ਸੱਤਾ ਦੀ ਕੁਰਸੀ ਹਥਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕੀਤਾ ਹੈ। ਸਾਬਕਾ ਪੀਐਮ ਅੱਬਾਸੀ ਨੇ ਕਿਹਾ ਕਿ ਹੁਣ ਦੇਸ਼ ਦੀ ਪ੍ਰਣਾਲੀ ਫੇਲ੍ਹ ਹੋ ਰਹੀ ਹੈ ਅਤੇ ਜਦੋਂ ਅਜਿਹਾ ਹੁੰਦਾ ਹੈ ਤਾਂ ਸਿਆਸੀ ਲੀਡਰਸ਼ਿਪ ਅੱਗੇ ਵਧਣ ਤੋਂ ਅਸਮਰੱਥ ਹੋ ਜਾਂਦੀ ਹੈ।
‘ਫੌਜ ਚੁੱਕ ਸਕਦੀ ਹੈ ਸਖਤ ਕਦਮ’
ਡਾਨ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੇ ਕਿਹਾ ਕਿ ਜਦੋਂ ਵੀ ਪਾਕਿਸਤਾਨ ‘ਚ ਸਿਆਸੀ ਸਥਿਤੀ ਵਿਗੜਦੀ ਹੈ, ਉਦੋਂ ਤੋ ਤਖਤਾਪਲਟ ਹੋਇਆ ਹੈ। ਇਸ ਵਾਰ ਵੀ ਅਜਿਹੀ ਹੀ ਸੰਭਾਵਨਾ ਪੈਦਾ ਕੀਤੀ ਜਾ ਰਹੀ ਹੈ। ਮੈਂ ਪਾਕਿਸਤਾਨ ਵਿੱਚ ਮੌਜੂਦਾ ਸਮੇਂ ਨਾਲੋਂ ਜ਼ਿਆਦਾ ਗੰਭੀਰ ਆਰਥਿਕ ਅਤੇ ਰਾਜਨੀਤਿਕ ਸਥਿਤੀ ਕਦੇ ਨਹੀਂ ਦੇਖੀ। ਅੱਬਾਸੀ (Abbasi) ਨੇ ਦੇਸ਼ ‘ਚ ਅਰਾਜਕਤਾ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਮਾਜ ਅਤੇ ਸੰਸਥਾਵਾਂ ਵਿਚਾਲੇ ਟਕਰਾਅ ਡੂੰਘਾ ਹੁੰਦਾ ਹੈ ਤਾਂ ਫੌਜ ਕੁੱਝ ਸਖਤ ਕਦਮ ਚੁੱਕ ਸਕਦੀ ਹੈ।
ਹੁਣ ਕੋਈ ਵਿਕਲਪ ਨਹੀਂ ਬਚਿਆ-ਸਾਬਕਾ ਪ੍ਰਧਾਨ ਮੰਤਰੀ
ਸਾਬਕਾ ਪੀਐਮ ਅੱਬਾਸੀ ਨੇ ਕਿਹਾ ਕਿ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਦੋਂ ਸਿਆਸੀ ਅਤੇ ਸੰਵਿਧਾਨਕ ਪ੍ਰਣਾਲੀ ਫੇਲ੍ਹ ਹੋ ਜਾਂਦੀ ਹੈ ਤਾਂ ਗੈਰ-ਸੰਵਿਧਾਨਕ ਕਦਮ ਚੁੱਕੇ ਜਾਂਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਫੌਜ ਹੁਣ ਇਸ ਵੱਲ ਨਹੀਂ ਦੇਖ ਰਹੀ, ਪਰ ਹੁਣ ਕੋਈ ਵਿਕਲਪ ਨਹੀਂ ਬਚਿਆ ਹੈ।
‘ਫੌਜ ਦੇ ਹੱਥ ਸੱਤਾ ਆਈ ਤਾਂ ਚੰਗਾ ਨਹੀਂ ਹੋਵੇਗਾ’
ਅੱਬਾਸੀ ਨੇ ਸਪੱਸ਼ਟ ਕੀਤਾ ਕਿ ਜੇਕਰ ਫੌਜ ਪਾਕਿਸਤਾਨ ਦੀ ਸੱਤਾ ‘ਤੇ ਕਾਬਜ਼ ਹੋ ਜਾਂਦੀ ਹੈ ਤਾਂ ਇਸ ਦਾ ਕੁਝ ਚੰਗਾ ਨਹੀਂ ਹੋਵੇਗਾ, ਸਗੋਂ ਸਥਿਤੀ ਹੋਰ ਵਿਗੜ ਜਾਵੇਗੀ। ਅਜਿਹੀ ਸਥਿਤੀ ਵਿੱਚ ਰਾਜਨੀਤਿਕ ਪ੍ਰਣਾਲੀ ਹੀ ਅੱਗੇ ਵਧਣ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਪੀਟੀਆਈ ਚੇਅਰਮੈਨ ਇਮਰਾਨ ਖ਼ਾਨ, ਪੀਐਮਐਲ-ਐਨ ਮੁਖੀ ਨਵਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਇਸ ਖੇਡ ਦੇ ਤਿੰਨ ਅਹਿਮ ਖਿਡਾਰੀ ਹਨ, ਇਨ੍ਹਾਂ ਲੋਕਾਂ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਅੱਬਾਸੀ ਅਗਸਤ 2017 ਤੋਂ ਮਈ 2018 ਤੱਕ ਪ੍ਰਧਾਨ ਮੰਤਰੀ ਰਹੇ
ਦੱਸ ਦੇਈਏ ਕਿ ਇਮਰਾਨ ਖਾਨ (Imran Khan) ਦੇ ਸੱਤਾ ਤੋਂ ਹਟਣ ਤੋਂ ਬਾਅਦ ਫੌਜ ਨਾਲ ਉਨ੍ਹਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਹਾਲਾਂਕਿ ਫੌਜ ਨੇ ਕਈ ਵਾਰ ਕਿਹਾ ਹੈ ਕਿ ਉਹ ਦੇਸ਼ ਦੀ ਰਾਜਨੀਤੀ ਵਿੱਚ ਦਖਲ ਨਹੀਂ ਦੇਵੇਗੀ ਅਤੇ ਇਸ ਤੋਂ ਬਾਹਰ ਰਹੇਗੀ। ਅੱਬਾਸੀ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ 64 ਸਾਲਾ ਸੀਨੀਅਰ ਆਗੂ ਹਨ। ਉਨ੍ਹਾਂ ਨੇ ਅਗਸਤ 2017 ਤੋਂ ਮਈ 2018 ਤੱਕ ਪਾਕਿਸਤਾਨ ਦੇ 21ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।