ਸਜ਼ਾ ‘ਚ ਰੋਕ ਤੋਂ ਬਾਅਦ ਇਮਰਾਨ ਖਾਨ ਮੁੜ ਗ੍ਰਿਫਤਾਰ, ਜੇਲ ਤੋਂ ਨਹੀਂ ਆ ਸਕਣਗੇ ਬਾਹਰ
ਤੋਸ਼ਾਖਾਨਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ 3 ਸਾਲ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ। ਉਨ੍ਹਾਂ ਨੂੰ ਇੱਕ ਹੋਰ ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਾਕਿਸਤਾਨ ਨਿਊਜ। ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਇਮਰਾਨ ਨੂੰ ਦਿੱਤੀ ਗਈ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਸਾਈਫਰ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਸਾਈਫਰ ਕੇਸ ਵਿੱਚ ਭਲਕੇ ਅਦਾਲਤ ਵਿੱਚ ਪੇਸ਼ ਹੋਣਾ ਹੈ। ਉਹ ਇਸ ਮਾਮਲੇ ‘ਚ 30 ਅਗਸਤ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਹਨ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖਾਨ ਨੂੰ ਇਸ ਤੋਂ ਪਹਿਲਾਂ 5 ਅਗਸਤ ਨੂੰ ਇਸਲਾਮਾਬਾਦ ਦੀ ਇਕ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਹ ਜੇਲ ‘ਚ ਹਨ।
ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖਾਨ ਨੇ ਇਸਲਾਮਾਬਾਦ (Islamabad) ਹਾਈ ਕੋਰਟ ‘ਚ ਸਜ਼ਾ ਖਿਲਾਫ ਅਪੀਲ ਕੀਤੀ ਸੀ। ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਦਕਿ ਹੁਣ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਦੇ ਦੋ ਜੱਜਾਂ ਦੇ ਬੈਂਚ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਅਤੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ।
ਇਮਰਾਨ ਖਾਨ ‘ਤੇ ਇਹ ਸਨ ਇਲਜ਼ਾਮ?
ਦਰਅਸਲ ਇਮਰਾਨ ਖਾਨ (Imran Khan) ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਤੋਸ਼ਾਖਾਨਾ ਵਿਭਾਗ ਨੂੰ ਮਿਲੇ ਤੋਹਫ਼ਿਆਂ ਦੀ ਜਾਣਕਾਰੀ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਉਸ ਨੇ ਕਈ ਤੋਹਫ਼ਿਆਂ ਦੀ ਬੋਲੀ ਲਗਾਈ ਅਤੇ ਪੈਸੇ ਆਪਣੇ ਕੋਲ ਰੱਖੇ।
ਪਾਕਿਸਤਾਨ ਵਿਚ ਨਿਯਮ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਜੇਕਰ ਤੁਹਾਨੂੰ ਕੋਈ ਤੋਹਫਾ ਮਿਲਦਾ ਹੈ ਤਾਂ ਉਸ ਨੂੰ ਤੋਸ਼ਾਖਾਨਾ ਵਿਭਾਗ ਵਿਚ ਜਮ੍ਹਾ ਕਰਨਾ ਪੈਂਦਾ ਹੈ ਕਿਉਂਕਿ ਇਹ ਸਰਕਾਰ ਦੀ ਜਾਇਦਾਦ ਹੈ। ਸਾਲ 2022 ‘ਚ ਜਦੋਂ ਪਾਕਿਸਤਾਨ ‘ਚ ਸਰਕਾਰ ਬਦਲੀ ਤਾਂ ਇਮਰਾਨ ਦੇ ਖਿਲਾਫ ਇਹ ਮਾਮਲਾ ਸਾਹਮਣੇ ਆਇਆ ਅਤੇ ਮਾਮਲਾ ਸ਼ੁਰੂ ਹੋ ਗਿਆ।