G20 Meeting: ਨਾਪਾਕ ਗਤੀਵਿਧੀਆਂ ਤੋਂ ਬਾਜ ਨਹੀਂ ਆ ਰਿਹਾ PAK, G-20 ਬੈਠਕ ਤੋਂ IOC ਮੈਂਬਰ ਦੇਸ਼ਾਂ ਨੂੰ ਭੜਕਾ ਰਿਹਾ
G20 TWG Meeting: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਚ ਕਈ ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ ਹਨ। ਅੱਜ ਮੀਟਿੰਗ ਦਾ ਦੂਜਾ ਦਿਨ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ IOC ਨੂੰ ਪੱਤਰ ਲਿਖ ਕੇ ਕਸ਼ਮੀਰ ਵਿੱਚ ਹੋ ਰਹੀ ਇਸ ਮੀਟਿੰਗ ਦਾ ਵਿਰੋਧ ਕਰਨ ਦੀ ਬੇਨਤੀ ਕੀਤੀ ਸੀ।
G20 TWG Meet: ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ G20 ਟੂਰਿਜ਼ਮ ਵਰਕਿੰਗ ਗਰੁੱਪ (G-20 Tourism Working Group) ਦੀ ਤਿੰਨ ਦਿਨਾਂ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਸਮੂਹ ਦੀ ਬੈਠਕ ‘ਚ ਪਹੁੰਚੇ ਉਪ ਰਾਜਪਾਲ ਮਨੋਜ ਸਿਨਹਾ (Manoj Sinha) ਨੇ ਕਿਹਾ ਕਿ ਜੰਮੂ-ਕਸ਼ਮੀਰ ਇਕ ਨਵੇਂ ਦੌਰ ਦਾ ਗਵਾਹ ਹੈ। ਇੱਥੇ ਵਿਕਾਸ ਅਤੇ ਸ਼ਾਂਤੀ ਦੀਆਂ ਅਸੀਮ ਸੰਭਾਵਨਾਵਾਂ ਹਨ। ਹੁਣ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਨਿਵੇਸ਼ ਵੀ ਆ ਰਿਹਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਓਆਈਸੀ (OIC) ਮੈਂਬਰ ਦੇਸ਼ਾਂ ਨੂੰ ਭਾਰਤ ਵਿਰੁੱਧ ਭੜਕਾ ਰਿਹਾ ਹੈ। ਫਿਰ ਵੀ ਸ੍ਰੀਨਗਰ ਮੀਟਿੰਗ ਵਿੱਚ ਕਈ ਮੁਲਕਾਂ ਨੇ ਸ਼ਿਰਕਤ ਕੀਤੀ ਹੈ, ਜੋ ਪਾਕਿਸਤਾਨ ਦੇ ਮੂੰਹ ਤੇ ਚਪੇੜ ਤੋਂ ਘੱਟ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਓਆਈਸੀ ਦੇਸ਼ਾਂ ਨੂੰ ਪੱਤਰ ਲਿਖ ਕੇ ਕਸ਼ਮੀਰ ‘ਚ ਬੈਠਕ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਇਹ ਚਿੱਠੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਪੱਖ ਤੋਂ ਲਿਖੀ ਗਈ ਸੀ। ਤੁਰਕੀ, ਇੰਡੋਨੇਸ਼ੀਆ ਅਤੇ ਸਾਊਦੀ ਅਰਬ ਜੀ-20 ਦੇ ਨਾਲ-ਨਾਲ ਓਆਈਸੀ ਦੇ ਮੈਂਬਰ ਹਨ। ਪਾਕਿਸਤਾਨ ਨੇ ਓਆਈਸੀ ਨੂੰ ਪੱਤਰ ਲਿਖ ਕੇ ਜੀ-20 ਬੈਠਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਇਸ ਸਮੂਹ ਵਿੱਚ 57 ਦੇਸ਼ ਹਨ, ਜਿਨ੍ਹਾਂ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ।
ਓਆਈਸੀ ਦੇ ਕਈ ਦੇਸ਼ ਵਿਸ਼ੇਸ਼ ਮਹਿਮਾਨ
ਭਾਰਤ ਨੇ ਬੰਗਲਾਦੇਸ਼, ਮਿਸਰ, ਨਾਈਜੀਰੀਆ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਇਹ ਸਾਰੇ ਦੇਸ਼ ਇਸਲਾਮਿਕ ਸਹਿਯੋਗ ਸੰਗਠਨ (OIC) ਦਾ ਹਿੱਸਾ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਓਆਈਸੀ ਦੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ, ਪਾਕਿਸਤਾਨ ਜੰਮੂ ਅਤੇ ਕਸ਼ਮੀਰ ਨੂੰ “ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਵਿਵਾਦਿਤ ਖੇਤਰ” ਮੰਨਦਾ ਹੈ।
ਚੀਨ ਨੇ ਕੀਤਾ ਜੀ-20 ਬੈਠਕ ਦਾ ਬਾਈਕਾਟ
ਚੀਨ ਨੇ ਵੀ ਕਸ਼ਮੀਰ ‘ਚ ਜੀ-20 ਬੈਠਕ ਤੋਂ ਪਰਹੇਜ਼ ਕੀਤਾ ਹੈ। ਚੀਨ ਜੀ-20 ਦਾ ਹਿੱਸਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜੰਮੂ-ਕਸ਼ਮੀਰ ਨੂੰ ‘ਵਿਵਾਦਿਤ’ ਇਲਾਕਾ ਦੱਸਦੇ ਹੋਏ ਬੈਠਕ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਜੀ-20 ਦੀ ਬੈਠਕ ਇੱਥੇ ਹੁੰਦੀ ਹੈ ਤਾਂ ਭਾਰਤ ਨੂੰ ਇਸ ਖੇਤਰ ਲਈ ‘ਜਾਇਜ਼ਤਾ’ ਮਿਲ ਜਾਵੇਗੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਬਿਲਾਵਲ ਭੁੱਟੋ ਪੀਓਕੇ ਵੀ ਆਏ। ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਪਾਕਿਸਤਾਨ ਦੇ ਇਸ਼ਾਰੇ ‘ਤੇ ਜੀ-20 ਬੈਠਕ ਦਾ ਬਾਈਕਾਟ ਕੀਤਾ ਸੀ।
ਦੇਸ਼ ਭਰ ‘ਚ ਪ੍ਰਬੰਧਿਤ ਕੀਤੀ ਜਾ ਰਹੀ ਜੀ-20 ਦੀ ਬੈਠਕ
ਪਾਕਿਸਤਾਨ ਅਤੇ ਚੀਨ ਦੀਆਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਭਾਰਤ ਨੇ ਕਿਹਾ ਕਿ ਅਸੀਂ ਆਪਣੇ ਖੇਤਰ ‘ਚ ਕਿਤੇ ਵੀ ਬੈਠਕ ਕਰਨ ਲਈ ਆਜ਼ਾਦ ਹਾਂ। ਚੀਨ ਦੇ ਜਵਾਬ ‘ਚ ਭਾਰਤ ਨੇ ਕਿਹਾ ਕਿ ਸਬੰਧ ਉਦੋਂ ਹੀ ਸੁਧਰ ਸਕਦੇ ਹਨ ਜਦੋਂ ਸਰਹੱਦ ‘ਤੇ ਸ਼ਾਂਤੀ ਹੋਵੇਗੀ। ਪਾਕਿਸਤਾਨ ਦੇ ਜਵਾਬ ‘ਚ ਭਾਰਤ ਨੇ ਕਿਹਾ ਕਿ ਪੂਰੇ ਦੇਸ਼ ‘ਚ ਜੀ-20 ਬੈਠਕਾਂ ਹੋ ਰਹੀਆਂ ਹਨ। ਸੁਭਾਵਿਕ ਹੈ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੀ ਮੀਟਿੰਗਾਂ ਕੀਤੀਆਂ ਗਈਆਂ।