G-20 Kashmir: ਜੀ-20 ਬੈਠਕ ‘ਚ ਬਿਲਾਵਲ ਨੂੰ ਲੱਗੀ ਮਿਰਚੀ, ਬੋਲੇ- ਕਸ਼ਮੀਰ ਤੋਂ ਬਿਨਾਂ ਪਾਕਿਸਤਾਨ ਸ਼ਬਦ ਅਧੂਰਾ
ਮਕਬੂਜ਼ਾ ਕਸ਼ਮੀਰ ਵਿੱਚ ਬਿਲਾਵਲ ਸਿਰਫ਼ ਭਾਰਤ ਨੂੰ ਕੋਸਣ ਲਈ ਹੀ ਪਹੁੰਚੇ ਹਨ, ਕਿਉਂਕਿ ਉਹ ਜੀ-20 ਮੀਟਿੰਗ ਜਾਰੀ ਰਹਿਣ ਤੱਕ ਉੱਥੇ ਹੀ ਰਹਿ ਕੇ ਆਪਣਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ। ਉਨ੍ਹਾਂ ਨੇ ਫਿਰ ਤੋਂ ਉਹੀ ਜਹਿਰ ਉਗਲਿਆ ਹੈ, ਜਿਸਦੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ।
ਕਸ਼ਮੀਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ (G-20 Tourism Working Group) ਦੀ ਤੀਜੀ ਮੀਟਿੰਗ ਹੋ ਰਹੀ ਹੈ। ਇਸ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਬੌਖ਼ਲਾ ਗਿਆ ਹੈ। ਇਕ ਪਾਸੇ ਉਹ ਇਸ ਬੈਠਕ ‘ਚ ਹਿੱਸਾ ਨਹੀਂ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼੍ਰੀਨਗਰ ਤੋਂ 100 ਕਿਲੋਮੀਟਰ ਦੂਰ ਪੀਓਕੇ ਪਹੁੰਚ ਚੁੱਕੇ ਹਨ। ਉਹ ਐਤਵਾਰ ਨੂੰ ਇੱਥੇ ਪਹੁੰਚੇ ਅਤੇ 23 ਮਈ ਤੱਕ ਇੱਥੇ ਰਹਿਣਗੇ। ਇਸ ਦੌਰਾਨ ਉਹ ਇੱਥੇ ਭਾਰਤ ਵਿਰੁੱਧ ਜ਼ਹਿਰ ਉਗਲਣ ਦੀ ਤਿਆਰੀ ਚ ਹਨ। ਦਰਅਸਲ ਸਾਲ 2019 ‘ਚ ਜਦੋਂ ਤੋਂ ਕਸ਼ਮੀਰ ‘ਚ ਧਾਰਾ 370 ਹਟਾਈ ਗਈ ਹੈ, ਪਾਕਿਸਤਾਨ ਬੁਰੀ ਤਰ੍ਹਾਂ ਚਿੜ੍ਹਿਆ ਹੋਇਆ ਹੈ।
ਬਿਲਾਵਲ ਭੁੱਟੋ ਜ਼ਰਦਾਰੀ (Bilawal Bhutto Zardari) ਇਸ ਫੇਰੀ ਰਾਹੀਂ ਕਸ਼ਮੀਰ ਵਿੱਚ ਹੋਣ ਵਾਲੀ ਜੀ-20 ਮੀਟਿੰਗ ਨੂੰ ਅਸਫਲ ਕਰਾਰ ਦੇਣਾ ਚਾਹੁੰਦੇ ਹਨ। ਇਸ ਵਿੱਚ ਉਨ੍ਹਾਂ ਨੂੰ ਚੀਨ ਦਾ ਸਾਥ ਮਿਲਿਆ ਹੈ। ਚੀਨ ਨੇ ਕਸ਼ਮੀਰ ‘ਚ ਹੋਣ ਵਾਲੀ ਜੀ-20 ਬੈਠਕ ਤੋਂ ਇਹ ਕਹਿੰਦਿਆਂ ਪਰਹੇਜ਼ ਕੀਤਾ ਹੈ ਕਿ ਉਹ ਵਿਵਾਦਿਤ ਖੇਤਰ ‘ਚ ਹੋਣ ਵਾਲੀ ਜੀ-20 ਬੈਠਕ ਦਾ ਵਿਰੋਧ ਕਰਦਾ ਹੈ। ਪਾਕਿ ਵਿਦੇਸ਼ ਮੰਤਰੀ ਨੇ ਪੀਓਕੇ ਵਿੱਚ ਕਦਮ ਰੱਖਣ ਤੋਂ ਬਾਅਦ ਬਿਆਨ ਦਿੱਤਾ ਕਿ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕਰਕੇ ਭਾਰਤ ਲਈ ਦੁਨੀਆ ਵਿੱਚ ਅਹਿਮ ਭੂਮਿਕਾ ਨਿਭਾਉਣਾ ਸੰਭਵ ਨਹੀਂ ਹੈ।


