ਮੋਰੱਕੋ ‘ਚ ਮਾਤਮ, ਮਲਬੇ ‘ਚੋਂ ਨਿਕਲ ਰਹੀਆਂ ਲਾਸ਼ਾਂ… ਭਿਆਨਕ ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਮੌਤਾਂ
ਅਫਰੀਕੀ ਦੇਸ਼ ਮੋਰੱਕੋ 'ਚ ਆਏ ਭਿਆਨਕ ਭੂਚਾਲ ਨੇ ਬਹੁਤ ਤਬਾਹੀ ਮਚਾਈ ਹੈ। ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਰਾਹਤ ਅਤੇ ਬਚਾਅ ਕਾਰਜ ਅਜੇ ਖਤਮ ਨਹੀਂ ਹੋਇਆ ਹੈ।
World News: ਅਫਰੀਕੀ ਦੇਸ਼ ਮੋਰੱਕੋ (Morocco) ‘ਚ ਸ਼ੁਕਰਵਾਰ ਰਾਤ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਭੂਚਾਲ ਦੇ ਝਟਕਿਆਂ ਕਾਰਨ ਲੋਕ ਘਬਰਾ ਕੇ ਭੱਜਦੇ ਦੇਖੇ ਗਏ। ਭੂਚਾਲ ਕਾਰਨ ਕਈ ਇਮਾਰਤਾਂ ਦੀਆਂ ਨੀਹਾਂ ਹਿੱਲ ਗਈਆਂ ਅਤੇ ਕਈਆਂ ਨੂੰ ਨੁਕਸਾਨ ਪਹੁੰਚਿਆ।
ਮੋਰੱਕੋ ਵਿੱਚ ਭੂਚਾਲ (Earthquake) ਕਾਰਨ ਸਭ ਤੋਂ ਵੱਧ ਤਬਾਹੀ ਮਾਰਾਕੇਸ਼ ਵਿੱਚ ਹੋਈ। ਇੱਥੇ ਇਮਾਰਤਾਂ ਦੇ ਡਿੱਗਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਮਸਜਿਦਾਂ ਹਿੱਲਦੀਆਂ ਵੇਖੀਆਂ ਗਈਆਂ। ਮੋਰੱਕੋ ਵਿੱਚ 1960 ਤੋਂ ਬਾਅਦ ਇਹ ਸਭ ਤੋਂ ਵੱਡਾ ਭੂਚਾਲ ਹੈ। ਉੱਚੀਆਂ ਇਮਾਰਤਾਂ ਪਲਾਂ ਵਿੱਚ ਢਹਿ ਗਈਆਂ।
ਭੂਚਾਲ ਆਉਣ ਕਾਰਨ ਮਚੀ ਭਗਦੜ
ਮੋਰੱਕੋ ਵਿੱਚ ਜਦੋਂ ਭੂਚਾਲ ਆਇਆ ਤਾਂ ਲੋਕ ਸ਼ਾਪਿੰਗ ਕੰਪਲੈਕਸ ਅਤੇ ਖੇਡ ਦੇ ਮੈਦਾਨ ਵਿੱਚ ਮੌਜੂਦ ਸਨ। ਜਿਵੇਂ ਹੀ ਧਰਤੀ ਹਿੱਲੀ ਤਾਂ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਡਰ ਦੇ ਮਾਰੇ ਲੋਕਾਂ ਨੇ ਸਾਰੀ ਰਾਤ ਸੜਕਾਂ ‘ਤੇ ਬਿਤਾਈ। ਅਜਿਹਾ ਭੂਚਾਲ ਆਇਆ ਕਿ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ। ਮੋਰੱਕੋ ਵਿੱਚ ਭੂਚਾਲ ਦੇ ਝਟਕੇ ਪੁਰਤਗਾਲ ਅਤੇ ਅਲਜੀਰੀਆ ਤੱਕ ਮਹਿਸੂਸ ਕੀਤੇ ਗਏ।
ਸਕਿੰਟਾਂ ‘ਚ ਹਰ ਪਾਸੇ ਪਿਆ ਚੀਕ-ਚਿਹਾੜਾ
ਭੂਚਾਲ ਆਉਣ ਤੋਂ ਬਾਅਦ ਕੁਝ ਹੀ ਸਕਿੰਟਾਂ ਵਿੱਚ ਹਰ ਪਾਸੇ ਚੀਕ-ਚਿਹਾੜਾ ਪੈ ਗਿਆ। ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜਦਾ ਦੇਖਿਆ ਗਿਆ। ਜਿੱਥੇ ਵੀ ਉਸ ਨੂੰ ਥਾਂ ਮਿਲੀ, ਉਹ ਆਪਣੀ ਜਾਨ ਬਚਾਉਂਦਾ ਨਜ਼ਰ ਆਇਆ। ਭੂਚਾਲ ਤੋਂ ਬਾਅਦ ਪਿਛਲੇ ਕਈ ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਕੰਕਰੀਟ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਮਲਬੇ ਵਿੱਚੋਂ ਜ਼ਿਆਦਾਤਰ ਲਾਸ਼ਾਂ ਹੀ ਨਿਕਲ ਰਹੀਆਂ ਹਨ।
ਪਹਾੜਾਂ ਦੀਆਂ ਚਟਾਨਾਂ ਸੜਕਾਂ ‘ਤੇ ਡਿੱਗੀਆਂ
ਭੂਚਾਲ ਤੋਂ ਤੁਰੰਤ ਬਾਅਦ ਮੋਰੱਕੋ ਦੀ ਫੌਜ ਅਤੇ ਐਮਰਜੈਂਸੀ ਸੇਵਾਵਾਂ (Emergency services) ਨੁਕਸਾਨ ਤੋਂ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਆਲੇ-ਦੁਆਲੇ ਦੇ ਪਹਾੜੀ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਵਾਹਨਾਂ ਨਾਲ ਜਾਮ ਹੋ ਗਈਆਂ ਹਨ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਪਹਾੜ ਦੀਆਂ ਕਈ ਚੱਟਾਨਾਂ ਵੀ ਸੜਕ ‘ਤੇ ਆ ਗਈਆਂ ਹਨ। ਅਜਿਹੇ ‘ਚ ਪਹਾੜੀ ਖੇਤਰ ‘ਚ ਬਚਾਅ ਕਾਰਜ ਮੱਠਾ ਪੈ ਗਿਆ ਹੈ।
ਇਹ ਵੀ ਪੜ੍ਹੋ
ਲਾਲ ਕੰਧਾਂ ਦੇ ਕੁੱਝ ਹਿੱਸੇ ਨੂੰ ਵੀ ਪਹੁੰਚਿਆ ਨੁਕਸਾਨ
ਮੋਰੋਕੋ ਵਿੱਚ ਇਸ ਵਿਨਾਸ਼ਕਾਰੀ ਭੂਚਾਲ ਦਾ ਕੇਂਦਰ ਐਟਲਸ ਪਹਾੜਾਂ ਦੇ ਨੇੜੇ ਸਥਿਤ ਇਘਿਲ ਨਾਮ ਦਾ ਇੱਕ ਪਿੰਡ ਦੱਸਿਆ ਜਾਂਦਾ ਹੈ। ਇਘਿਲ ਜੋ ਮਾਰਾਕੇਸ਼ ਸ਼ਹਿਰ ਤੋਂ 70 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਦੇ ਨਾਲ ਹੀ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਕਰੀਬ 19 ਕਿਲੋਮੀਟਰ ਹੇਠਾਂ ਸੀ। ਭੂਚਾਲ ਕਾਰਨ ਮੋਰੱਕੋ ਸਥਿਤ ਲਾਲ ਕੰਧਾਂ ਦੇ ਕੁਝ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਹੈ।