ਘਟਨਾਵਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ… ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਹਮਲੇ ਤੇ ਬੋਲਿਆ ਵਿਦੇਸ਼ ਮੰਤਰਾਲਾ
MEA On Bangladesh: ਗੁਆਂਢੀ ਦੇਸ਼ ਬੰਗਲਾਦੇਸ਼ 'ਚ ਹਿੰਦੂਆਂ 'ਤੇ ਵੱਧ ਰਹੇ ਅੱਤਿਆਚਾਰਾਂ ਅਤੇ ਇਸਕਾਨ ਦੇ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ 'ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਰਤ ਨੇ ਕਿਹਾ ਕਿ ਅਸੀਂ ਅਜਿਹੇ ਮਾਮਲਿਆਂ 'ਤੇ ਚੁੱਪ ਨਹੀਂ ਰਹਿ ਸਕਦੇ ਹਾਂ। ਅਸੀਂ ਉੱਥੇ ਦੈ ਹਾਲਾਤ ਨੂੰ ਲੈ ਕੇ ਚਿੰਤਤ ਹਾਂ ਅਤੇ ਅੰਤਰਿਮ ਸਰਕਾਰ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋਏ ਹਮਲਿਆਂ ਨੂੰ ਲੈ ਕੇ ਭਾਰਤ ਨੇ ਸਖਤ ਰੁਖ ਅਪਣਾਇਆ ਹੈ। ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੇ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਮੁੱਦਾ ਬੰਗਲਾਦੇਸ਼ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੰਗਲਾਦੇਸ਼ ਨੂੰ ਲੈ ਕੇ ਸਾਡੀ ਸਥਿਤੀ ਬਿਲਕੁਲ ਸਪੱਸ਼ਟ ਹੈ। ਉੱਥੇ ਹੀ ਅੰਤਰਿਮ ਸਰਕਾਰ ਨੂੰ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਘਟਨਾਵਾਂ ਨੂੰ ਮੀਡੀਆ ਦੁਆਰਾ ਸਿਰਫ਼ ਅਤਿਕਥਨੀ ਵਜੋਂ ਖਾਰਜ ਨਹੀਂ ਕੀਤਾ ਜਾ ਸਕਦਾ। ISKCON ਇੱਕ ਅੰਤਰਰਾਸ਼ਟਰੀ ਸੰਸਥਾ ਹੈ ਅਤੇ ਸਮਾਜ ਸੇਵਾ ਵਿੱਚ ਲੱਗੀ ਹੋਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸਕਾਨ ਨਾਲ ਜੁੜੇ ਲੋਕਾਂ ਦੇ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਨਿਰਪੱਖ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਵੀ ਪਾਲਣਾ ਹੋਣੀ ਚਾਹੀਦੀ ਹੈ। ਅਸੀਂ ਇੱਕ ਵਾਰ ਫਿਰ ਬੰਗਲਾਦੇਸ਼ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ। ਅਸੀਂ ਕੱਟੜਪੰਥੀ ਬਿਆਨਬਾਜ਼ੀ, ਹਿੰਸਾ ਅਤੇ ਭੜਕਾਹਟ ਦੀਆਂ ਵਧਦੀਆਂ ਘਟਨਾਵਾਂ ਤੋਂ ਚਿੰਤਤ ਹਾਂ।
ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ‘ਤੇ ਕੀ ਬੋਲਿਆ MEA?
ਉੱਧਰ, ਇਸਕਾਨ ਦੇ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਿੱਥੋਂ ਤੱਕ ਵਿਅਕਤੀਆਂ ਵਿਰੁੱਧ ਕੇਸਾਂ ਦਾ ਸਬੰਧ ਹੈ, ਅਸੀਂ ਦੇਖਿਆ ਹੈ ਕਿ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰਕਿਰਿਆਵਾਂ ਕੇਸ ਨਾਲ ਨਿਆਂਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨਜਿੱਠਣਗੀਆਂ, ਸਾਰੇ ਸਬੰਧਤਾਂ ਦੇ ਕਾਨੂੰਨੀ ਅਧਿਕਾਰਾਂ ਦਾ ਪੂਰਾ ਸਨਮਾਨ ਯਕੀਨੀ ਬਣਾਉਣਗੀਆਂ।
ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ‘ਚ ਖੇਡਣ ਦੇ ਸਵਾਲ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਸੀਸੀਆਈ ਨੇ ਇਸ ਸਬੰਧੀ ਆਪਣਾ ਬਿਆਨ ਜਾਰੀ ਕਰਕੇ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਅਜਿਹੀ ਸਥਿਤੀ ਵਿੱਚ, ਇਸਦੀ ਸੰਭਾਵਨਾ ਘੱਟ ਹੀ ਜਾਪਦੀ ਹੈ।
ਅਡਾਨੀ ਮਾਮਲੇ ‘ਤੇ ਕਿਹਾ- ਅਮਰੀਕਾ ਤੋਂ ਕੋਈ ਅਗਾਊਂ ਸੂਚਨਾ ਨਹੀਂ
ਉੱਧਰ ਅਡਾਨੀ ਮਾਮਲੇ ਨੂੰ ਲੈ ਕੇ ਮੰਤਰਾਲੇ ਨੇ ਕਿਹਾ ਕਿ ਸਾਨੂੰ ਇਸ ਮਾਮਲੇ ‘ਚ ਅਮਰੀਕਾ ਤੋਂ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਹੈ। ਸਾਨੂੰ ਇਸ ਮਾਮਲੇ ਵਿੱਚ ਅਮਰੀਕੀ ਸਰਕਾਰ ਤੋਂ ਕੋਈ ਬੇਨਤੀ (ਵਾਰੰਟ ਜਾਂ ਕਿਸੇ ਕਿਸਮ ਦੀ) ਨਹੀਂ ਮਿਲੀ ਹੈ। ਸਾਡੇ ਵਿਚਾਰ ਵਿੱਚ, ਇਹ ਇੱਕ ਨਿੱਜੀ ਕੰਪਨੀ ਅਤੇ ਕੁਝ ਲੋਕਾਂ ਵਿਚਕਾਰ ਹੈ ਅਤੇ ਅਮਰੀਕੀ ਨਿਆਂ ਵਿਭਾਗ ਅਤੇ ਭਾਰਤ ਸਰਕਾਰ ਇਸ ਵਿੱਚ ਕੋਈ ਅਧਿਕਾਰਤ ਧਿਰ ਨਹੀਂ ਹੈ।