ਟਰੰਪ ਤੇ ਪੁਤਿਨ ਵਿਚਾਲੇ ਗੱਲਬਾਤ ਤੋਂ ਰੂਸ ਨੇ ਕੀਤਾ ਇਨਕਾਰ… ਅਮਰੀਕੀ ਮੀਡੀਆ ਦੇ ਦਾਅਵੇ ਨੂੰ ਦੱਸਿਆ ਝੂਠਾ
ਰੂਸੀ ਰਾਸ਼ਟਰਪਤੀ ਦੇ ਦਫਤਰ ਨੇ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਰਾਸ਼ਟਰਪਤੀ ਪੁਤਿਨ ਅਤੇ ਡੋਨਾਲਡ ਟਰੰਪ ਵਿਚਕਾਰ ਇੱਕ ਫੋਨ ਕਾਲ ਹੋਈ ਸੀ। ਕ੍ਰੇਮਲਿਨ ਦੇ ਬੁਲਾਰੇ ਨੇ ਅਮਰੀਕੀ ਮੀਡੀਆ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਾਲੇ ਗੱਲਬਾਤ ਦੀ ਰਿਪੋਰਟਲ ਤੋਂ ਕ੍ਰੇਮਲਿਨ ਨੇ ਖੰਡਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਭਵਨ ਦੀ ਤਰਫੋਂ ਦੋਹਾਂ ਨੇਤਾਵਾਂ ਦੀ ਗੱਲਬਾਤ ਦੀਆਂ ਖਬਰਾਂ ਨੂੰ ਝੂਠ, ਬੇਬੁਨਿਆਦ ਅਤੇ ਕਾਲਪਨਿਕ ਦੱਸਿਆ ਗਿਆ ਹੈ।
ਦਰਅਸਲ ਅਮਰੀਕੀ ਮੀਡੀਆ ਨੇ ਟਰੰਪ ਦੀ ਟੀਮ ਦੇ ਹਵਾਲੇ ਨਾਲ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਡੋਨਾਲਡ ਟਰੰਪ ਵਿਚਾਲੇ ਗੱਲਬਾਤ ਦਾ ਦਾਅਵਾ ਕੀਤਾ ਸੀ। ਟਰੰਪ ਦੀ ਟੀਮ ਨੇ ਵੀਰਵਾਰ ਨੂੰ ਦੋਵਾਂ ਵਿਚਾਲੇ ਹੋਈ ਗੱਲਬਾਤ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਸੀ। ਪਰ ਹੁਣ ਕ੍ਰੇਮਲਿਨ ਦੇ ਬੁਲਾਰੇ ਪੇਸਕੋਵ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕੀਤਾ ਹੈ।
ਟਰੰਪ ਨਾਲ ਗੱਲਬਾਤ ਦਾ ਕੋਈ ਇਰਾਦਾ ਨਹੀਂ – ਕ੍ਰੇਮਲਿਨ
ਵਾਸ਼ਿੰਗਟਨ ਪੋਸਟ ਅਤੇ ਰਾਇਟਰਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਟਰੰਪ ਨੇ ਚੋਣ ਜਿੱਤਣ ਦੇ ਦੋ ਦਿਨ ਬਾਅਦ ਵੀਰਵਾਰ (7 ਨਵੰਬਰ) ਨੂੰ ਪੁਤਿਨ ਨਾਲ ਫੋਨ ‘ਤੇ ਗੱਲ ਕੀਤੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਟਰੰਪ ਨੇ ਪੁਤਿਨ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਨਾਲ ਟਕਰਾਅ ਨੂੰ ਵਧਾਉਣ ਤੋਂ ਬਚਣ। ਉਨ੍ਹਾਂ ਨੇ ਪੁਤਿਨ ਨੂੰ ਯੂਰਪ ਵਿੱਚ ਅਮਰੀਕੀ ਫੌਜਾਂ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਰਿਪੋਰਟਾਂ ਤੋਂ ਇਲਾਵਾ ਕਈ ਹੋਰ ਸੂਤਰਾਂ ਨੇ ਵੀ ਦੋਵਾਂ ਨੇਤਾਵਾਂ ਵਿਚਾਲੇ ਸ਼ਾਂਤੀ ਦੇ ਟੀਚਿਆਂ ਨੂੰ ਲੈ ਕੇ ਗੱਲਬਾਤ ਹੋਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਕ੍ਰੇਮਲਿਨ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਦਾ ਟਰੰਪ ਨਾਲ ਫੋਨ ‘ਤੇ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਹੈ।
‘ਗੱਲਬਾਤ ਦਾ ਦਾਅਵਾ ਝੂਠਾ ਤੇ ਕਾਲਪਨਿਕ’
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਇਹ ਇੱਕ ਸਪੱਸ਼ਟ ਉਦਾਹਰਣ ਹੈ ਕਿ ਕਈ ਵਾਰ ਨਾਮਵਰ ਪ੍ਰਕਾਸ਼ਕ ਵੀ ਅਜਿਹੀ ਜਾਣਕਾਰੀ ਪ੍ਰਕਾਸ਼ਤ ਕਰਦੇ ਹਨ, ਇਹ ਪੂਰੀ ਤਰ੍ਹਾਂ ਗਲਤ ਹੈ, ਅਜਿਹੀਆਂ ਰਿਪੋਰਟਾਂ ਕਾਲਪਨਿਕ ਅਤੇ ਗਲਤ ਜਾਣਕਾਰੀ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਰੂਸ ਵਲੋਂ ਕੀਤੇ ਗਏ ਇਨਕਾਰ ਤੋਂ ਪਤਾ ਚੱਲਦਾ ਹੈ ਕਿ ਟਰੰਪ ਦੇ ਵ੍ਹਾਈਟ ਹਾਊਸ ‘ਚ ਵਾਪਸੀ ਤੋਂ ਬਾਅਦ ਰੂਸ ਕੀ ਰਣਨੀਤੀ ਅਪਣਾਏਗਾ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਰੂਸ ਅਜੇ ਆਪਣਾ ਪੱਤਾ ਜ਼ਾਹਰ ਕਰਨ ਵਾਲਾ ਨਹੀਂ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਗੱਲ ਕੀਤੀ
ਇਸ ਤੋਂ ਪਹਿਲਾਂ ਪਿਛਲੇ ਬੁੱਧਵਾਰ ਨੂੰ ਵੀ ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਫੋਨ ਕਾਲ ਹੋਈ ਸੀ। ਸੂਤਰਾਂ ਮੁਤਾਬਕ ਜ਼ੇਲੇਂਸਕੀ ਨੇ ਟਰੰਪ ਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਗੱਲਬਾਤ ਨੂੰ ਕਾਫੀ ਸਕਾਰਾਤਮਕ ਵੀ ਦੱਸਿਆ ਹੈ। ਇਸ ਦੌਰਾਨ ਟਰੰਪ ਨੇ ਜ਼ੇਲੇਨਸਕੀ ਦੀ ਗੱਲ ਸਪੇਸਐਕਸ ਦੇ ਮਾਲਕ ਐਲੋਨ ਮਸਕ ਨਾਲ ਵੀ ਕਰਵਾਈ। ਇਸ ਤੋਂ ਬਾਅਦ ਜਦੋਂ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਦੀਆਂ ਖਬਰਾਂ ਆਈਆਂ ਤਾਂ ਮੰਨਿਆ ਜਾ ਰਿਹਾ ਸੀ ਕਿ ਟਰੰਪ ਆਪਣੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਵਧਾ ਰਹੇ ਹਨ।
ਇਹ ਵੀ ਪੜ੍ਹੋ
ਦਰਅਸਲ, ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪ੍ਰਚਾਰ ਦੌਰਾਨ ਦਾਅਵਾ ਕੀਤਾ ਸੀ ਕਿ ਉਹ 24 ਘੰਟਿਆਂ ਦੇ ਅੰਦਰ ਰੂਸ-ਯੂਕਰੇਨ ਜੰਗ ਨੂੰ ਰੋਕ ਸਕਦੇ ਹਨ। ਜਿੱਥੇ ਉਹ ਕਈ ਮੌਕਿਆਂ ‘ਤੇ ਪੁਤਿਨ ਦੀ ਤਾਰੀਫ਼ ਕਰ ਚੁੱਕੇ ਹਨ, ਉੱਥੇ ਹੀ ਟਰੰਪ ਨੇ ਬਿਡੇਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਅਤੇ ਆਰਥਿਕ ਸਹਾਇਤਾ ਦੀ ਵੀ ਆਲੋਚਨਾ ਕੀਤੀ ਹੈ।