ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ ‘ਚ ਬੁੱਤ ਲਗਾਉਣ ‘ਤੇ ਪਾਬੰਦੀ
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਹੈ। ਦਰਅਸਲ, ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਰੱਖਣ ਦੀ ਮੰਗ ਕੀਤੀ ਗਈ ਸੀ। ਇਹ ਮੰਗ ਪਾਕਿਸਤਾਨ ਦੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਕੀਤੀ ਸੀ ਅਤੇ ਚੌਕ ਤੇ ਬੁੱਤ ਲਗਾਉਣ ਲਈ ਆਵਾਜ਼ ਚੁੱਕੀ ਸੀ। ਇਸ ਬਾਰੇ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋਂ ਅਪਰਾਧੀ ਸੀ। ਅੱਜ ਦੀ ਪਰਿਭਾਸ਼ਾ ਦੇ ਤਹਿਤ ਉਹ ਇੱਕ ਅੱਤਵਾਦੀ ਸੀ।
ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਨੇ ਸ਼ਰਮਨਾਕ ਕਾਰਾ ਕੀਤਾ। ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਮਾਰਨ ਵਾਲੇ ਪਾਕਿਸਤਾਨ ਲਈ ਅੱਤਵਾਦੀ ਨਹੀਂ ਹਨ, ਸਗੋਂ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਅੱਤਵਾਦੀ ਹਨ। ਅਜਿਹਾ ਹੀ ਦਾਅਵਾ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਹਾਈ ਕੋਰਟ ਵਿੱਚ ਕੀਤਾ ਹੈ। ਲਾਦੇਨ ਨੂੰ ਸ਼ਹੀਦ ਕਹਿਣ ਵਾਲੇ ਪਾਕਿਸਤਾਨ ਨੇ ਭਗਤ ਸਿੰਘ ਦਾ ਅਪਮਾਨ ਕੀਤਾ ਹੈ।ਅਣਵੰਡੇ ਭਾਰਤ ਦੇ ਲਾਹੌਰ ਵਿੱਚ 1931 ਵਿੱਚ ਸ਼ਹੀਦ ਭਗਤ ਸਿੰਘ ਨੂੰ ਜਿੱਥੇ ਫਾਂਸੀ ਦਿੱਤੀ ਗਈ ਸੀ, ਉਸ ਥਾਂ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਲਾਹੌਰ ਹਾਈ ਕੋਰਟ ਵਿਚ ਇਸ ਸਬੰਧੀ ਸੁਣਵਾਈ ਹੋਈ, ਜਿਸ ਤੇ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇਣ ਦਾ ਹਲਫਨਾਮਾ ਦਿੱਤਾ। ਪਾਕਿਸਤਾਨ ਦੀ ਇਸ ਕਾਰਵਾਈ ਤੇ ਭਾਰਤ ਚ ਗੁੱਸਾ ਹੈ ਅਤੇ ਪਾਕਿਸਤਾਨ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ।