ਕੀ ਮੁੜ ਈਰਾਨ ‘ਤੇ ਹੋਵੇਗਾ ਹਮਲਾ? ਤੈਅ ਸਮੇਂ ਤੋਂ ਪਹਿਲਾਂ ਵ੍ਹਾਈਟ ਹਾਊਸ ਪਰਤੇ ਟਰੰਪ; ਬ੍ਰਿਟੇਨ ਤੋਂ ਬੰਬਾਰ ਜਹਾਜ਼ ਰਵਾਨਾ
ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਿਹਾ ਗੰਭੀਰ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਸਮੁੱਚੇ ਖਿੱਤੇ ਵਿੱਚ ਹਾਲਾਤ ਬੇਹੱਦ ਵਿਸਫੋਟਕ ਬਣਦੇ ਜਾ ਰਹੇ ਹਨ। ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਸ਼ੁਰੂ ਕਰਨ ਲਈ 7 ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ।
ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਿਹਾ ਗੰਭੀਰ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਸਮੁੱਚੇ ਖਿੱਤੇ ਵਿੱਚ ਹਾਲਾਤ ਬੇਹੱਦ ਵਿਸਫੋਟਕ ਬਣਦੇ ਜਾ ਰਹੇ ਹਨ। ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਸ਼ੁਰੂ ਕਰਨ ਲਈ 7 ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਇਸ ਦੇ ਨਾਲ ਹੀ ਤਹਿਰਾਨ ਨੇ ਇਹ ਸਪੱਸ਼ਟ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਮਰੀਕਾ ਨਿਰਣਾਇਕ ਜੰਗ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਸ਼ਾਮ ਨੂੰ ਕੈਂਪ ਡੇਵਿਡ ਵਿਖੇ ਆਪਣਾ ਵੀਕੈਂਡ ਦੌਰਾ ਅੱਧ ਵਿਚਕਾਰ ਛੱਡ ਕੇ ਅਚਾਨਕ ਵ੍ਹਾਈਟ ਹਾਊਸ ਪਰਤ ਆਏ ਹਨ। ਉੱਥੇ ਇੱਕ ਰਾਤ ਬਿਤਾਉਣ ਉਪਰੰਤ ਟਰੰਪ ਦੇ ਇਕਦਮ ਕੰਮ ‘ਤੇ ਵਾਪਸ ਪਰਤਣ ਦੇ ਫ਼ੈਸਲੇ ਨੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਅਮਰੀਕਾ ਇੱਕ ਵਾਰ ਫਿਰ ਈਰਾਨ ਖ਼ਿਲਾਫ਼ ਕੋਈ ਵੱਡੀ ਫ਼ੌਜੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।
ਗੱਲਬਾਤ ਲਈ ਸ਼ਰਤਾਂ ਅਤੇ ਨਿਰਣਾਇਕ ਜੰਗ ਦੀ ਚੇਤਾਵਨੀ
ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰੇਜ਼ਾਈ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਇਸ ਵੇਲੇ ਵਿਚੋਲਗੀ ਕਰ ਰਹੇ ਦੇਸ਼ ਕਤਰ ਦੇ ਲਗਾਤਾਰ ਸੰਪਰਕ ਵਿੱਚ ਹਨ। ਕਤਰ ਨੇ ਜੰਗ ਖ਼ਤਮ ਕਰਨ ਦੇ ਮਕਸਦ ਨਾਲ ਈਰਾਨ ਦੀਆਂ ਸ਼ਰਤਾਂ ਵਾਸ਼ਿੰਗਟਨ ਤੱਕ ਪਹੁੰਚਾ ਦਿੱਤੀਆਂ ਹਨ ਅਤੇ ਹੁਣ ਉਹ ਰਾਸ਼ਟਰਪਤੀ ਟਰੰਪ ਦੇ ਪ੍ਰਤੀਕਰਮ ਦੀ ਉਡੀਕ ਕਰ ਰਹੇ ਹਨ।
ਰੇਜ਼ਾਈ ਨੇ ਸ਼ਰਤਾਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸਾਰੇ ਮੋਰਚਿਆਂ ‘ਤੇ ਜੰਗ ਦਾ ਤੁਰੰਤ ਖ਼ਾਤਮਾ, ਈਰਾਨ ਦੇ ਫ਼ਰੀਜ਼ ਕੀਤੇ ਗਏ ਫ਼ੰਡਾਂ ਨੂੰ ਬਹਾਲ ਕਰਨਾ ਅਤੇ ਅਮਰੀਕੀ ਜਲ ਸੈਨਾ ਵੱਲੋਂ ਕੀਤੀ ਗਈ ਘੇਰਾਬੰਦੀ ਨੂੰ ਖ਼ਤਮ ਕਰਨਾ ਸ਼ਾਮਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸ਼ਰਤਾਂ ਨੂੰ ਪ੍ਰਵਾਨ ਕਰਨਾ ਵਾਸ਼ਿੰਗਟਨ ਦੇ ਆਪਣੇ ਹਿੱਤ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਤਾੜਨਾ ਕੀਤੀ ਕਿ ਟਰੰਪ ਦੀਆਂ ਧਮਕੀਆਂ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਈਰਾਨ ਨਿਰਣਾਇਕ ਜੰਗ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਅਮਰੀਕਾ ਵੱਲੋਂ ਹਾਈ ਸਕਿਓਰਿਟੀ ਅਲਰਟ ਜਾਰੀ
ਈਰਾਨ ਦੇ ਇਸ ਹਮਲਾਵਰ ਰੁਖ਼ ਤੋਂ ਤੁਰੰਤ ਬਾਅਦ ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਸਥਿਤ ਆਪਣੇ ਸਮੂਹ ਕੂਟਨੀਤਕ ਮਿਸ਼ਨਾਂ ਲਈ ਹਾਈ ਸਕਿਓਰਿਟੀ ਅਲਰਟ ਜਾਰੀ ਕਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਇਰਾਕ, ਬਹਿਰੀਨ, ਓਮਾਨ, ਸਾਊਦੀ ਅਰਬ, ਈਰਾਨ, ਕਤਰ, ਲਿਬਨਾਨ, ਕੁਵੈਤ ਅਤੇ ਜਾਰਡਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਅਤਿਅੰਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ
ਅਮਰੀਕਾ ਵੱਲੋਂ ਜਾਰੀ ਕੀਤੀ ਗਈ ਸਲਾਹ ਵਿੱਚ ਕਿਹਾ ਗਿਆ ਹੈ ਕਿ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਸਾਊਦੀ ਅਰਬ ਦੇ ਨਾਗਰਿਕ ਹਵਾਈ ਅੱਡਿਆਂ ਸਮੇਤ ਕਈ ਥਾਵਾਂ ‘ਤੇ ਦੁਸ਼ਮਣੀ ਭਰੀਆਂ ਕਾਰਵਾਈਆਂ ਕੀਤੀਆਂ ਹਨ, ਜਿਸ ਕਾਰਨ ਇਹ ਫ਼ੌਜੀ ਟਕਰਾਅ ਤੇਜ਼ੀ ਨਾਲ ਭੜਕਣ ਦਾ ਖ਼ਤਰਾ ਬਣ ਗਿਆ ਹੈ। ਖਿੱਤੇ ਵਿੱਚ ਆਉਣ-ਜਾਣ ਵਾਲੇ ਅਮਰੀਕੀਆਂ ਨੂੰ ਏਅਰਪੋਰਟ ਅਤੇ ਏਅਰਲਾਈਨ ਸੰਚਾਲਨ ਦੀ ਜਾਣਕਾਰੀ ‘ਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਚਿਤਾਵਨੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੱਛਮੀ ਏਸ਼ੀਆ ਤੋਂ ਬਾਹਰ ਵੀ ਅਮਰੀਕੀ ਕੂਟਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਈਰਾਨ ਪੱਖੀ ਗਰੁੱਪ ਦੁਨੀਆ ਭਰ ਵਿੱਚ ਅਮਰੀਕੀ ਅਦਾਰਿਆਂ, ਵਪਾਰਕ ਅਦਾਰਿਆਂ ਅਤੇ ਹੋਰ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚ ਸਕਦੇ ਹਨ।
ਬ੍ਰਿਟਿਸ਼ ਏਅਰਬੇਸ ਤੋਂ ਅਮਰੀਕੀ ਬੰਬਾਰ ਰਵਾਨਾ
ਇਸ ਦੌਰਾਨ ‘ਰੂਸ ਟੂਡੇ’ (RT) ਨੇ ਰਿਪੋਰਟ ਦਿੱਤੀ ਹੈ ਕਿ ਇੱਕ ਅਮਰੀਕੀ ਬੰਬਾਰ ਜਹਾਜ਼ ਬ੍ਰਿਟੇਨ ਦੇ ਇੱਕ ਹਵਾਈ ਅੱਡੇ ਤੋਂ ਪੱਛਮੀ ਏਸ਼ੀਆ ਵੱਲ ਰਵਾਨਾ ਹੋ ਚੁੱਕਾ ਹੈ। ਉੱਧਰ, ਈਰਾਨ ਦੇ ‘ਪ੍ਰੈੱਸ ਟੀਵੀ’ ਅਨੁਸਾਰ ਉੱਤਰ-ਪੂਰਬੀ ਸੀਰੀਆ ਦੇ ਅਲ-ਹਸਾਕਾ ਸਥਿਤ ਖ਼ਾਰਾਬ ਅਲ-ਜ਼ੀਰ ਹਵਾਈ ਅੱਡੇ ਨੇੜੇ ਹਵਾਈ ਰੱਖਿਆ ਪ੍ਰਣਾਲੀ (ਏਅਰ ਡਿਫੈਂਸ) ਦੀਆਂ ਗਤੀਵਿਧੀਆਂ ਵਿੱਚ ਅਚਾਨਕ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਸਾਊਦੀ ਅਰਬ ‘ਤੇ ਹੂਤੀਆਂ ਦੇ ਹਮਲੇ ਮਗਰੋਂ ਵਧਿਆ ਤਣਾਅ
ਖਿੱਤੇ ਵਿੱਚ ਤਣਾਅ ਉਦੋਂ ਹੋਰ ਸਿਖ਼ਰ ‘ਤੇ ਪਹੁੰਚ ਗਿਆ ਜਦੋਂ ਸਾਊਦੀ ਅਰਬ ਨੇ ਦਾਅਵਾ ਕੀਤਾ ਕਿ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਰਿਆਧ ‘ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰਨ ਦਾ ਯਤਨ ਕੀਤਾ ਸੀ, ਪਰ ਸਾਊਦੀ ਫ਼ੌਜ ਨੇ ਹਮਲੇ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ। ਦੂਜੇ ਪਾਸੇ ਹੂਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਵੇਦਨਸ਼ੀਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਹਾਲਾਂਕਿ ਉਨ੍ਹਾਂ ਨੇ ਨਿਸ਼ਾਨਿਆਂ ਦੇ ਪੂਰੇ ਵੇਰਵੇ ਸਾਂਝੇ ਨਹੀਂ ਕੀਤੇ। ਇਸ ਦੌਰਾਨ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਯਮਨ ਦੇ ਬੇਕਸੂਰ ਲੋਕਾਂ ਦੇ ਜਾਨ-ਮਾਲ ਦਾ ਡਰ ਨਾ ਹੁੰਦਾ, ਤਾਂ ਉਹ ਮਹਿਜ਼ ਇੱਕ ਹਫ਼ਤੇ ਅੰਦਰ ਯਮਨ ‘ਤੇ ਕਬਜ਼ਾ ਕਰਕੇ ਹੂਤੀ ਬਾਗ਼ੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੰਦੇ।
ਇਹ ਸਾਰਾ ਘਟਨਾਕ੍ਰਮ ਅਜਿਹੇ ਨਾਜ਼ੁਕ ਸਮੇਂ ਵਾਪਰ ਰਿਹਾ ਹੈ ਜਦੋਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸਾਲਾਨਾ ਇਜਲਾਸ ਲਈ ਵਿਸ਼ਵ ਨੇਤਾ ਇਕੱਠੇ ਹੋ ਰਹੇ ਹਨ, ਜਿੱਥੇ ਪੱਛਮੀ ਏਸ਼ੀਆ ਦੇ ਇਸ ਸੰਕਟ ‘ਤੇ ਵਿਸ਼ੇਸ਼ ਚਰਚਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਇੱਕ ਪਾਸੇ ਈਰਾਨ ਸਮਝੌਤੇ ਦੀ ਕੋਸ਼ਿਸ਼ ਵਿੱਚ ਹੈ, ਜਦਕਿ ਦੂਜੇ ਪਾਸੇ ਉਹ ਖ਼ੁਦ ਤਹਿਰਾਨ ਵਿਰੁੱਧ ਹੋਰ ਫ਼ੌਜੀ ਕਦਮ ਚੁੱਕਣ ਦੇ ਵਿਕਲਪਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਫ਼ਿਲਹਾਲ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਪੱਛਮੀ ਏਸ਼ੀਆ ਦੇ ਹਾਲਾਤ ‘ਤੇ ਟਿਕੀਆਂ ਹੋਈਆਂ ਹਨ।


