ਅਮਰੀਕਾ ਵਿੱਚ ਬਰਫ ‘ਤੇ ਫਿਸਲ ਕੇ ਮੌਜ-ਮਸਤੀ ਕਰ ਰਹੇ ਦੋ ਮੁੰਡਿਆਂ ਦੀ ਮੌਤ
Teenage Boys Dies in Colorado: ਅਮਰੀਕਾ ਵਿੱਚ 2 ਜਵਾਨ ਮੁੰਡਿਆਂ ਦੀ ਮੌਤ ਹੋ ਗਈ। ਦਰਅਸਲ ਦੋਵੇਂ ਮੁੰਡੇ ਕੋਲੋਰਾਡੋ ਵਿੱਚ ਆਪਣੀਆਂ ਸਪਰਿੰਗ ਬ੍ਰੇਕ ਟ੍ਰਿਪ ਦੀ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਇਹ ਜਾਣਕਾਰੀ ਸੱਮਿਟ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਸਾਂਝੀ ਕੀਤੀ।
ਇਲੀਨੋਇਸ: ਅਮਰੀਕਾ ਵਿੱਚ ਇਲੀਨੋਇਸ ਦੇ ਰਹਿਣ ਵਾਲੇ 2 ਜਵਾਨ ਮੁੰਡਿਆਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਦੋਵੇਂ ਮੁੰਡੇ ਕੋਲੋਰਾਡੋ (Colorado) ਵਿੱਚ ਆਪਣੀਆਂ ਸਪਰਿੰਗ ਬ੍ਰੇਕ ਟ੍ਰਿਪ ਦੀ ਛੁੱਟੀਆਂ ਮਨਾਉਣ ਲਈਗਏ ਹੋਏ ਸਨ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੱਮਿਟ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦੱਸਿਆ ਕਿ ਇੱਕ 17 ਸਾਲ ਅਤੇ ਦੂਜਾ 18 ਸਾਲ ਦਾ ਮੁੰਡਾ ਐਤਵਾਰ ਰਾਤ ਕਾਪਰ ਮਾਊਂਟੇਂਨ ਸਕੀ ਰਿਜ਼ਾਰਟ ਵਿੱਚ ਆਪਣੀਆਂ ਛੁੱਟੀਆਂ ਮਨਾਉਣ ਆਏ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਮੇਂ ਇਹ ਦੋਨੋਂ ਮੁੰਡੇ ਉੱਥੇ ਬਰਫ ‘ਚ ਇੱਕ ਦੂਜੇ ਪਿਛੇ ਫਿਸਲ ਰਹੇ ਸਨ ਕਿ ਅਚਾਨਕ ਉਹ ਉਥੇ ਜੰਮੀ ਹੋਈ ਸਖ਼ਤ ਬਰਫ ਦੇ ਟੁਕੜੇ ਉੱਤੇ ਜਾ ਡਿੱਗੇ। ਸਖਤ ਜੰਮੀ ਹੋਈ ਬਰਫ ‘ਤੇ ਜੋਰਦਾਰ ਟੱਕਰ ਮਗਰੋਂ ਦੋਨਾਂ ਮੁੰਡਿਆਂ ਨੂੰ ਗੰਭੀਰ ਸੱਟਾਂ ਆਈਆਂ ਜਿਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਰਿਜ਼ਾਰਟ ਦੇ ਪ੍ਰੈਜੀਡੈਂਟ ਨੇ ਦੁੱਖ ਜਾਹਿਰ ਕੀਤੀ
ਕਾਪਰ ਮਾਊਂਟੇਂਨ ਸਕੀ ਰਿਜ਼ਾਰਟ ਦੇ ਪ੍ਰੈਜੀਡੈਂਟ ਅਤੇ ਜਨਰਲ ਮੈਨੇਜਰ ਡਸਟਿੰਨ ਲੈਮਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਬੇਹੱਦ ਖ਼ੌਫ਼ਨਾਕ ਹਾਦਸੇ ਵਿੱਚ ਮਰਨ ਵਾਲੇ ਦੋ ਜਵਾਨ ਮੁੰਡਿਆਂ ਦੀ ਮੌਤ ਦਾ ਸਾਨੂੰ ਬੜਾ ਅਫਸੋਸ ਹੈ। ਇਸ ਹਾਦਸੇ ਤੋਂ ਬਾਅਦ ਅਸੀਂ ਇਨ੍ਹਾਂ ਦੋਵ ਮੁੰਡਿਆਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਹਮਦਰਦੀ ਜਤਾਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕਾਪਰ ਮਾਊਂਟੇਂਨ ਸਕੀ ਰਿਜ਼ਾਰਟ ਦੀ ਪੂਰੀ ਟੀਮ ਘੁੰਮਣ-ਫਿਰਨ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹਰ ਦਮ ਚੌਕਸ ਰਹਿੰਦੀ ਹੈ ਅਤੇ ਅਸੀਂ ਸਾਰੇ ਲੋਕਾਂ ਨੂੰ ਉੱਥੇ ਲੱਗੇ ਸੰਕੇਤਕ ਬੋਰਡ ਅਤੇ ਲਿਖੀਆਂ ਗਈਆਂ ਚਿਤਾਵਨੀਆਂ ਵਲ ਧਿਆਨ ਦੇਣ ਦੀ ਬੇਨਤੀ ਕਰਦੇ ਹਾਂ ਜਿਨ੍ਹਾਂ ‘ਤੇ ਉੱਥੇ ਮੈਨੇਜਮੈਂਟ ਵੱਲੋਂ ਬੰਦ ਕੀਤੇ ਗਏ ਰਸਤੇ ਅਤੇ ਹੋਰ ਖ਼ਤਰਨਾਕ ਇਲਾਕਿਆਂ ਵੱਲ ਜਾਣ ਦੀ ਮਨਾਹੀ ਹੁੰਦੀ ਹੈ।
ਹਾਦਸੇ ਦੇ ਸਮੇਂ ਸਭ ਕੁਝ ਬੰਦ ਸੀ
ਉਨ੍ਹਾਂ ਦਾ ਕਹਿਣਾ ਹੈ ਕਿ ਕਾਪਰ ਮਾਊਂਟੇਂਨ ਸਕੀ ਰਿਜ਼ਾਰਟ ਵੱਲੋਂ ਸ਼ਾਮ ਚਾਰ ਵਜੇ ਤੋਂ ਬਾਅਦ ‘ਹਾਫ ਪਾਇਪ’ ਸਮੇਤ ਸਾਰੀਆਂ ਲਿਫਟਾਂ ਅਤੇ ਖ਼ਤਰਨਾਕ ਬਰਫੀਲੇ ਰਸਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਐਤਵਾਰ ਸ਼ਾਮ ਨੂੰ ਵਾਪਰੇ ਇਸ ਜਾਨਲੇਵਾ ਹਾਦਸੇ ਦੇ ਸਮੇਂ ਵੀ ਇਹ ਸਭ ਕੁਝ ਬੰਦ ਕੀਤਾ ਗਿਆ ਸੀ।
ਉਟਾਹ ਦੇ ਪਾਰਕ ਸਿਟੀ ‘ਚ ਹੋਏ ਇੱਕ ਹੋਰ ਹਾਦਸੇ ਵਿੱਚ ਵਿਅਕਤੀ ਗੰਭੀਰ ਤੌਰ ‘ਤੇ ਫੱਟੜ ਹੋ ਗਿਆ ਸੀ। ਬਰਫ ਦੇ ਉੱਤੇ ਫਿਸਲਦੇ ਹੋਏ ਇੱਕ ਵਿਅਕਤੀ ਉੱਥੇ ਰੁੱਖ ਨਾਲ ਟਕਰਾ ਗਿਆ ਸੀ। ਪਾਰਕ ਸਿਟੀ ਫਾਇਰ ਡਿਸਟ੍ਰਿਕਟ (Fire District) ਵੱਲੋਂ ਦੱਸਿਆ ਗਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ