Viral Video: US ‘ਚ 1000 ਡਾਲਰ, ਭਾਰਤ ਤੋਂ ਸਿਰਫ਼ 25 ਡਾਲਰ ‘ਚ ਮਿਲੀ ਉਹੀ ਦਵਾਈ, ਅਮਰੀਕੀ ਮਹਿਲਾ ਰਹਿ ਗਈ ਹੈਰਾਨ
Viral Video: ਜਿਸ ਦਵਾਈ ਲਈ ਅਮਰੀਕਾ ਵਿੱਚ 1000 ਡਾਲਰ ਮੰਗੇ ਜਾ ਰਹੇ ਸਨ, ਉਹੀ ਦਵਾਈ ਇੱਕ ਮਹਿਲਾ ਨੂੰ ਭਾਰਤੀ ਕੰਪਨੀ ਤੋਂ ਸਿਰਫ਼ 25 ਡਾਲਰ ਵਿੱਚ ਮਿਲ ਗਈ। ਇਸ ਤੋਂ ਬਾਅਦ ਮਹਿਲਾ ਨੇ ਅਮਰੀਕੀ ਹੈਲਥਕੇਅਰ ਸਿਸਟਮ ਦੀ ਤਿੱਖੀ ਆਲੋਚਨਾ ਕਰਦਿਆਂ ਇਸਨੂੰ "ਸਕੈਮ" ਕਰਾਰ ਦਿੱਤਾ। ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਨੈਟੀਜ਼ਨ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਮਰੀਕੀ ਮਹਿਲਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕ ਅਮਰੀਕੀ ਹੈਲਥਕੇਅਰ ਸਿਸਟਮ ‘ਤੇ ਜਮ ਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ ਅਤੇ ਭਾਰਤੀ ਦਵਾਈਆਂ ਦੀ ਤਾਰੀਫ਼ ਕਰ ਰਹੇ ਹਨ। ਵਿਕਟੋਰੀਆ ਨਾਮ ਦੀ ਇੱਕ ਅਮਰੀਕੀ ਮਹਿਲਾ ਨੂੰ ਡਾਕਟਰ ਨੇ ਛੇ ਗੋਲੀਆਂ ਲਿਖ ਕੇ ਦਿੱਤੀਆਂ ਸਨ। ਜਦੋਂ ਉਹ ਇਹ ਦਵਾਈ ਖਰੀਦਣ ਗਈ ਤਾਂ ਕੀਮਤ ਸੁਣ ਕੇ ਉਸ ਦੇ ਹੋਸ਼ ਉੱਡ ਗਏ। ਉਸ ਦੀ ਇੰਸ਼ੋਰੈਂਸ ਕੰਪਨੀ ਨੇ ਇਸ ਦਵਾਈ ਦਾ ਖਰਚਾ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਆਪਣੀ ਜੇਬ ਵਿੱਚੋਂ ਪੂਰੇ 1,000 ਡਾਲਰ (ਲਗਭਗ 94,000 ਰੁਪਏ ਤੋਂ ਵੱਧ) ਦੇਣੇ ਪੈ ਰਹੇ ਸਨ। ਸਿਰਫ਼ 6 ਛੋਟੀਆਂ ਗੋਲੀਆਂ ਲਈ ਇੰਨੀ ਵੱਡੀ ਰਕਮ ਅਦਾ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਸੀ, ਜਿਸ ਕਾਰਨ ਮਹਿਲਾ ਹੈਰਾਨ ਰਹਿ ਗਈ।
ਜਦੋਂ ਵਿਕਟੋਰੀਆ ਨੇ ਇੰਨੀ ਮਹਿੰਗੀ ਦਵਾਈ ਖਰੀਦਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਦੇ ਡਾਕਟਰ ਨੇ ਇੱਕ ਹੈਰਾਨ ਕਰਨ ਵਾਲਾ ਹੱਲ ਦੱਸਿਆ। ਡਾਕਟਰ ਨੇ ਕਿਹਾ ਕਿ ਉਹ ਆਪਣਾ ਪ੍ਰਿਸਕ੍ਰਿਪਸ਼ਨ ਇੱਕ ਕੈਨੇਡੀਅਨ ਫਾਰਮੇਸੀ ਨੂੰ ਭੇਜ ਦੇਵੇ, ਜੋ ਸਿੱਧੇ ਭਾਰਤ ਤੋਂ ਦਵਾਈਆਂ ਮੰਗਵਾਉਂਦੀ ਹੈ। ਵਿਕਟੋਰੀਆ ਨੇ ਡਾਕਟਰ ਦੀ ਸਲਾਹ ਮੰਨਦੇ ਹੋਏ ਅਜਿਹਾ ਹੀ ਕੀਤਾ। ਉਸ ਨੂੰ ਲੱਗਿਆ ਸੀ ਕਿ ਕੈਨੇਡਾ ਰਾਹੀਂ ਦਵਾਈ ਮੰਗਵਾਉਣ ‘ਤੇ ਵੀ ਘੱਟੋ-ਘੱਟ 100 ਤੋਂ 200 ਡਾਲਰ ਤੱਕ ਖਰਚ ਆਵੇਗਾ। ਪਰ ਜਦੋਂ ਉਸ ਨੂੰ ਦਵਾਈ ਦੀ ਅਸਲ ਕੀਮਤ ਬਾਰੇ ਪਤਾ ਲੱਗਾ, ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਈ।
ਮਹਿਲਾ ਨੇ ਦੱਸਿਆ ਕਿ ਦਵਾਈ ਦੀ ਅਸਲ ਕੀਮਤ ਸਿਰਫ਼ 10 ਡਾਲਰ (ਲਗਭਗ 946 ਰੁਪਏ) ਸੀ। ਭਾਰਤ ਤੋਂ ਅਮਰੀਕਾ ਤੱਕ ਦਵਾਈ ਭੇਜਣ ਲਈ 15 ਡਾਲਰ (ਕਰੀਬ 1,240 ਰੁਪਏ) ਦਾ ਸ਼ਿਪਿੰਗ ਖਰਚਾ ਆਇਆ। ਇਸ ਤਰ੍ਹਾਂ ਕੁੱਲ ਖਰਚ ਸਿਰਫ਼ 25 ਡਾਲਰ (ਲਗਭਗ 2,366 ਰੁਪਏ) ਬਣਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਦਵਾਈ ਅਮਰੀਕਾ ਵਿੱਚ 1,000 ਡਾਲਰ (94 ਹਜ਼ਾਰ ਰੁਪਏ ਤੋਂ ਵੱਧ) ਵਿੱਚ ਮਿਲ ਰਹੀ ਸੀ, ਉਹੀ ਦਵਾਈ ਭਾਰਤ ਤੋਂ ਮੰਗਵਾਉਣ ‘ਤੇ ਸਿਰਫ਼ 25 ਡਾਲਰ ਵਿੱਚ ਘਰ ਬੈਠੇ ਮਿਲ ਗਈ। ਕੀਮਤ ਵਿੱਚ ਇਸ ਵੱਡੇ ਫ਼ਰਕ ਨੇ ਨਾ ਸਿਰਫ਼ ਮਹਿਲਾ ਨੂੰ ਹੈਰਾਨ ਕੀਤਾ, ਸਗੋਂ ਸੋਸ਼ਲ ਮੀਡੀਆ ‘ਤੇ ਵੀ ਅਮਰੀਕੀ ਹੈਲਥਕੇਅਰ ਸਿਸਟਮ ਅਤੇ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ।
‘ਸਾਡੇ ਦੇਸ਼ ਵਿੱਚ ਸਕੈਮ ਚੱਲ ਰਿਹਾ ਹੈ’
ਇਸ ਤੋਂ ਗੁੱਸੇ ਵਿੱਚ ਆ ਕੇ, ਵਿਕਟੋਰੀਆ ਨੇ ਇੱਕ ਵੀਡੀਓ ਬਣਾਈ ਅਤੇ ਅਮਰੀਕੀ ਹੈਲਥਕੇਅਰ ਸਿਸਟਮ ਦੀ ਨਿੰਦਾ ਕੀਤੀ। ਉਸਨੇ ਕਿਹਾ, “ਅਮਰੀਕੀ ਹੈਲਥਕੇਅਰ ਸਿਸਟਮ ਇੱਕ ਮਜ਼ਾਕ ਹੈ। ਸਾਨੂੰ ਇੱਥੇ ਖੁੱਲ੍ਹੇਆਮ ਲੁੱਟਿਆ ਜਾ ਰਿਹਾ ਹੈ। ਅਮਰੀਕਾ ਵਿੱਚ ਮੇਰੇ ਤੋਂ ਇੱਕ ਦਵਾਈ ਲਈ $1,000 ਕਿਉਂ ਮੰਗੇ ਜਾ ਰਹੇ ਸਨ ਜਿਸ ਲਈ ਮੈਂ ਸਿਰਫ਼ $10 ਦਾ ਭੁਗਤਾਨ ਕੀਤਾ ਸੀ? ਇਹ ਸਾਰਾ ਪੈਸਾ ਕੌਣ ਜੇਬ ਵਿੱਚ ਪਾ ਰਿਹਾ ਹੈ? ਹਰ ਕੋਈ ਸਮਝਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ।”
ਲੋਕਾਂ ਦੀ ਪ੍ਰਤੀਕਿਰਿਆ
ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਇੰਟਰਨੈੱਟ ਟਿੱਪਣੀਆਂ ਨਾਲ ਭਰ ਗਿਆ। ਲੋਕਾਂ ਨੇ ਅਮਰੀਕੀ ਪ੍ਰਣਾਲੀ ਦੀ ਆਲੋਚਨਾ ਕੀਤੀ ਅਤੇ ਭਾਰਤ ਦੀਆਂ ਸਸਤੀਆਂ ਦਵਾਈਆਂ ਦੀ ਪ੍ਰਸ਼ੰਸਾ ਕੀਤੀ। ਇੱਕ ਨੇ ਲਿਖਿਆ, “ਇਹ ਦਵਾਈ ਸ਼ਾਇਦ ਭਾਰਤ ਵਿੱਚ ਸਿਰਫ਼ 100 ਰੁਪਏ ਵਿੱਚ ਮਿਲ ਸਕਦੀ ਹੈ।” ਇੱਕ ਹੋਰ ਨੇ ਸਲਾਹ ਦਿੱਤੀ, “ਭਾਰਤ ਦੀ ਯਾਤਰਾ ਬੁੱਕ ਕਰਨਾ ਬਿਹਤਰ ਹੈ। ਇੱਕ ਹਫ਼ਤੇ ਦੀ ਛੁੱਟੀ ਲਓ, ਫਾਰਮੇਸੀ ਤੋਂ ਆਪਣੀ ਦਵਾਈ ਲਓ, ਅਤੇ ਵਾਪਸ ਆਓ। ਫਿਰ ਵੀ ਤੁਹਾਡੇ $1,000 ਤੋਂ ਘੱਟ ਹੀ ਖਰਚ ਹੋਣਗੇ।
ਇਹ ਵੀ ਪੜ੍ਹੋ
ਹੁਣ ਦੇਖੋ ਵੀਡੀਓ
View this post on Instagram


