ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਸੀ, ਉਸ ਸਮੇਂ ਵੀ ਮੈਂ ਕਿਹਾ ਸੀ ਇਹ ਮੈਂ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਉਸ ਵੀਡੀਓ 'ਚ ਹੈ, ਨਾ ਉਸ ਨਾਲ ਮੇਰਾ ਕੱਦ-ਕਾਠ ਮਿਲਦਾ ਹੈ ਤੇ ਸਰੀਰਕ ਬਣਤਰ ਵੀ ਉਸ ਨਾਲ ਨਹੀਂ ਮਿਲਦੀ ਹੈ। ਪਰ, ਮੈਂ ਹੈਰਾਨ ਹਾਂ ਕਿ ਧਰਮ ਦੇ ਇੰਨੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਆਕਾਵਾਂ ਦੀ ਸ਼ੈਅ 'ਤੇ ਇਸ ਤਰ੍ਹਾਂ ਦਾ ਝੂਠਾ ਪ੍ਰੋਪੇਗੰਡਾ ਕਰ ਰਹੇ ਹਨ।
ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਬੀਤੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੋਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਵੀਡੀਓ ਸਬੰਧੀ ਮੇਰੇ ਪ੍ਰਤੀ ਤਖ਼ਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੁੱਝ ਹੁਕਮਨਾਮੇ ਜਾਰੀ ਕੀਤੇ ਗਏ। ਹੁਕਮਨਾਮੇ ‘ਚ ਕਿਹਾ ਗਿਆ ਕਿ ਉਹ ਵੀਡੀਓ ਭਗਵੰਤ ਮਾਨ ਦੀ ਹੈ ਤੇ ਉਹ ਵੀਡੀਓ ਏਆਈ ਨਹੀਂ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਗਿਆ ਸੀ, ਉਸ ਸਮੇਂ ਵੀ ਮੈਂ ਕਿਹਾ ਸੀ ਇਹ ਮੈਂ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਉਸ ਵੀਡੀਓ ‘ਚ ਹੈ, ਨਾ ਉਸ ਨਾਲ ਮੇਰਾ ਕੱਦ-ਕਾਠ ਮਿਲਦਾ ਹੈ ਤੇ ਸਰੀਰਕ ਬਣਤਰ ਵੀ ਉਸ ਨਾਲ ਨਹੀਂ ਮਿਲਦੀ ਹੈ। ਪਰ, ਮੈਂ ਹੈਰਾਨ ਹਾਂ ਕਿ ਧਰਮ ਦੇ ਇੰਨੇ ਵੱਡੇ ਅਹੁਦਿਆਂ ‘ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਇਸ ਤਰ੍ਹਾਂ ਦਾ ਝੂਠਾ ਪ੍ਰੋਪੇਗੰਡਾ ਕਰ ਰਹੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈਆਂ ਸਿਆਸੀ ਨਿਯੁਕਤੀਆਂ: ਸੀਐਮ ਮਾਨ
ਸੀਐਮ ਮਾਨ ਨੇ ਅੱਗੇ ਕਿਹਾ ਕਿ ਉਹ ਮੈਨੂੰ ਬਦਨਾਮ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ। ਮੈਂ ਪਾਣੀ ਦੀ ਰਾਖੀ, ਗੁਰੂ ਸਾਹਿਬ ਦੀ ਬਾਣੀ ਦੀ ਰਾਖੀ, ਕਿਸਾਨੀ ਦੀ ਰਾਖੀ ਤੇ ਪੰਜਾਬ ਦੀ ਜਵਾਨੀ ਦੀ ਰਾਖੀ ਲਈ ਫੈਸਲੇ ਲੈ ਰਿਹਾ ਹਾਂ। ਪਰ, ਮੇਰੇ ਫੈਸਲੇ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ ਤੇ ਉਹ ਮੈਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਹਨ ਤੇ ਧਰਮ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੈਂ ਸਰਵਉੱਚ ਮੰਨਦਾ ਹੈ, ਮੇਰਾ ਸਿਰ ਝੁਕਦਾ ਹੈ ਤੇ ਮੈਂ ਨਤਮਸਤਕ ਹੁੰਦਾ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਗੱਲ ਦਾਂ ਦੂਰ ਹੈ, ਸੁਪਨੇ ‘ਚ ਵੀ ਕਈ ਪੀੜ੍ਹੀਆਂ ਅਜਿਹਾ ਨਹੀਂ ਸੋਚ ਸਕਦੀਆਂ। ਪਰ, ਜਿਹੜੀਆਂ ਉੱਥੇ ਸਿਆਸੀ ਨਿਯੁਕਤੀਆਂ ਹੋਈਆਂ ਹਨ, ਉਹ ਕਿਸ ਤਰ੍ਹਾਂ ਦੇ ਫੈਸਲੇ ਕਰਦੀਆਂ ਹਨ, ਉਸ ਨੂੰ ਸਿੱਖ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ।
ਮੈਂ ਵੀਡੀਓ ਨੂੰ ਸਿਰੇ ਤੋਂ ਨਕਾਰਦਾ: ਸੀਐਮ
ਸੀਐਮ ਮਾਨ ਨੇ ਕਿਹਾ ਕਿ ਮੈਂ ਇਸ ਵੀਡੀਓ ਨੂੰ ਸਿਰੇ ਤੋਂ ਨਕਾਰਦਾ ਹਾਂ ਤੇ ਇਹ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਂ ਪ੍ਰਬੰਧਕ ‘ਚ ਜੋ ਬੈਠੇ ਹਨ, ਉਨ੍ਹਾਂ ਦੇ ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਜੋ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਕਿ ਮੇਰੇ ਰੋਮ-ਰੋਮ ‘ਚ ਪੰਜਾਬ ਵੱਸਦਾ ਹੈ। ਮੇਰੇ ਦਿਲ ਦੀ ਧੜਕਣ ‘ਚ ਪੰਜਾਬ ਵੱਸਦਾ ਹੈ। ਮੈਂ ਪੰਜਾਬ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਅਦਬੀ ਖਿਲਾਫ਼ ਕਾਨੂੰਨ ਬਣਾਏ ਹਨ, ਉਹ ਸਾਡੇ ਖਿਲਾਫ਼ ਜਾ ਰਹੇ ਹਨ ਕਿ ਇਹ ਕਾਨੂੰਨ ਅਸੀਂ ਪਹਿਲੇ ਕਿਉਂ ਨਹੀਂ ਬਣਾ ਸਕੇ।
2 ਦਸੰਬਰ ਦੇ ਫੈਸਲੇ ਦਾ ਕੀਤਾ ਜ਼ਿਕਰ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਇਹੀ ਪ੍ਰਬੰਧਕ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣ ਜਾਂ ਸ੍ਰੀ ਅਕਾਲ ਸਾਹਿਬ ਹੋਣ, ਇਹ ਕਹਿੰਦੇ ਸਨ ਕਿ ਕਾਨੂੰਨ ਕਿਉਂ ਨਹੀਂ ਬਣਾਉਂਦੇ। ਜਦੋਂ ਕਾਨੂੰਨ ਬਣਾ ਦਿੱਤਾ ਤਾਂ ਕਹਿੰਦੇ- ਕਿਉਂ ਬਣਾ ਦਿੱਤਾ, ਸਾਨੂੰ ਪੁੱਛੇ ਬਿਨਾਂ ਬਣਾ ਦਿੱਤਾ, ਅਸੀਂ ਕਾਨੂੰਨ ਨਹੀਂ ਮੰਨਦੇ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਹਰ ਰੋਜ਼ ਫੈਸਲੇ ਬਦਲਦੇ ਹਨ। ਸੰਗਤ ਜਾਣਦੀ ਹੈ ਕਿਹੋ ਜਿਹੇ ਫੈਸਲੇ ਲਏ ਜਾਂਦੇ ਹਨ। ਕਿਵੇਂ ਕਿਸੇ ਨੂੰ ਬਿਨਾਂ ਮੁਆਫ਼ੀ ਮੰਗ ਮੁਆਫ਼ ਕਰ ਦਿੱਤਾ ਜਾਂਦਾ ਹੈ, ਕਿਵੇਂ ਕਿਸੇ ਦੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਕਿਵੇਂ ਜਿਹੜੇ 2 ਦਸੰਬਰ ਨੂੰ ਆ ਕੇ ਸਾਰਾ ਕੁੱਝ ਮੰਨ ਗਏ ਕਿ ਅਸੀਂ ਬੇਅਦਬੀਆਂ ਕਰਵਾਈਆਂ, ਅਸੀਂ ਗੋਲੀਆਂ ਚਲਵਾਈਆਂ, ਅਸੀਂ ਦੋਸ਼ੀ ਅਫ਼ਸਰਾਂ ਨੂੰ ਨਿਯੁਕਤੀਆਂ ਦਿੱਤੀਆਂ ਤੇ ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ। ਪਰ, ਉਹ ਦੂਜੇ-ਤੀਜੇ ਦਿਨ ਬਾਅਦ ਕਹਿੰਦੇ ਕਿ ਅਸੀਂ ਐਂਵੇ ਬੋਲ ਆਏ, ਝੂਠ ਬੋਲ ਆਏ। ਇਨ੍ਹਾਂ ਖਿਲਾਫ਼ ਫੈਸਲਾ ਲੈਣ ਦਾ ਇਰਾਦਾ ਨਹੀਂ।
ਸੀਐਮ ਨੇ ਕਿਹਾ ਕਿ ਸਿਰਫ਼ ਤੇ ਸਿਰਫ਼ ਮੇਰੇ ਵਿਰੁੱਧ ਅਜਿਹਾ ਪ੍ਰਚਾਰ ਕਰ ਰਹੇ ਹਨ। ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਦੀਆਂ ਇਹੋ ਜਿਹੀਆਂ ਕੋਝੀਆਂ ਚਾਲਾਂ ‘ਚ ਨਾ ਆਇਓ। ਬਾਕੀ ਆਖ਼ਿਰੀ ਫੈਸਲਾ ਸੰਗਤ ਕਰੇਗੀ। ਮੈਂ ਪੰਜਾਬ ਦੇ ਹੱਕ ‘ਚ ਤੇ ਪੱਖ ‘ਚ ਫੈਸਲੇ ਲੈਂਦਾ ਰਹਾਂਗਾ, ਜਦੋਂ ਤੱਕ ਮੈਨੂੰ ਇਹ ਸੇਵਾ ਮਿਲੀ ਹੈ।


